12.4 C
Alba Iulia
Saturday, January 22, 2022

ਪਛਾਣ ਗੁਆਚਣ ਦਾ ਡਰ

Must Read


ਕਰਨੈਲ ਸਿੰਘ ਸੋਮਲ

ਨਿਗ੍ਹਾ ਖਾਸੀ ਕਮਜ਼ੋਰ ਹੋਵੇ ਤਾਂ ਆਖੀਦਾ ਹੈ ਕਿ ਸਾਹਮਣੇ ਖੜ੍ਹਾ ਬੰਦਾ ਵੀ ਪਛਾਣ ਵਿੱਚ ਨਹੀਂ ਆਉਂਦਾ। ਕਈ ਵਾਰੀ ਜਾਣਦੇ-ਪਛਾਣਦੇ ਵੀ ਆਖਿਆ ਜਾਂਦਾ ਹੈ ‘ਮੈਨੂੰ ਨਹੀਂ ਪਤਾ ਇਹ ਬੰਦਾ ਕੌਣ ਹੈ।’ ਆਪਣੇ ਉੱਚੇ ਅਹੁਦੇ ਜਾਂ ਬਹੁਤੀ ਮਾਇਆ ਦੀ ਘੁਮੇਰ ਵਿੱਚ ਬੰਦਾ ਦੂਜਿਆਂ ਨੂੰ ਕੀੜੇ-ਮਕੌੜੇ ਸਮਝਦਾ ਹੈ। ਸ਼ਨਾਖ਼ਤੀ ਪਰੇਡ ਵਿੱਚ ਜੇ ਨੀਅਤ ਸਾਫ਼ ਨਾ ਹੋਵੇ ਤਾਂ ਬੰਦਾ ਅਗਲੇ ਨੂੰ ਪਛਾਣਦਾ ਹੋਇਆ ਵੀ ਉਸ ਦੀ ਪਛਾਣ ਤੋਂ ਮੁੱਕਰ ਜਾਂਦਾ ਹੈ, ਪਰ ਮਾੜੀਆਂ ਹਾਲਤਾਂ ਦੇ ਝੰਬੇ ਬੰਦਿਆਂ ਦੇ ਹੁਲੀਏ ਵੀ ਬੇਪਛਾਣ ਹੋ ਜਾਂਦੇ ਹਨ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਤੂੰ ਮੈਨੂੰ ਜਾਣਦੈਂ’ ਇਸ ਪ੍ਰਸੰਗ ਵਿੱਚ ਪੜ੍ਹਨ ਨੂੰ ਹੈ। ਆਪਣੇ ਮੂਲ ਵਸੇਬੇ ਨਾਲੋਂ ਨਿੱਖੜ ਕੇ ਸਾਹ-ਸਤਹੀਣ ਹੋਇਆ ਬੰਦਾ ਮੁੜ ਪਛਾਣੇ ਜਾਣ ਦੇ ਹੁੰਗਾਰੇ ਨਾਲ ਕਰਾਰ ਵਿੱਚ ਆ ਜਾਂਦਾ ਹੈ। ਮਨੁੱਖ ਆਪਣੇ ਆਲੇ-ਦੁਆਲੇ ਦੇ ਪ੍ਰਸੰਗ ਵਿੱਚ ਜਿਉਂਦਾ ਹੈ। ਉਸ ਲਈ ਜਿੱਥੇ ਹਰਿਆਵਲ, ਹਵਾ, ਪਾਣੀ ਆਦਿ ਮੁਹੱਈਆ ਕਰਦੀ ਕੁਦਰਤ ਜ਼ਰੂਰੀ ਹੈ, ਉੱਥੇ ਜਾਣਿਆ-ਪਛਾਣਿਆ ਸਮਾਜਿਕ ਵਾਤਾਵਰਣ ਵੀ ਮੁੱਲਵਾਨ ਹੈ। ਜਿਹੋ ਜਿਹੀਆਂ ਹਾਲਤਾਂ ਵਿੱਚ ਹੁਣ ਆਮ ਬੰਦੇ ਨੂੰ ਰਹਿਣਾ ਪੈ ਰਿਹਾ ਹੈ, ਉਹਨੂੰ ਆਪਣੀ ਪਛਾਣ ਦੇ ਗੁਆਚਣ ਦਾ ਸੰਸਾ ਸਤਾਉਣ ਲੱਗਦਾ ਹੈ।

ਪਿਛਲੇ ਦਿਨੀਂ ਵੱਡੀ ਭੈਣ ਨੂੰ ਮਿਲਣ ਜਾਣਾ ਸੀ। ਪੈਦਲ ਜਾਂ ਸਾਈਕਲ-ਸਕੂਟਰ ਉੱਤੇ ਜਾਣਾ ਹੁਣ ਮੁਸ਼ਕਲ ਹੋ ਰਿਹਾ ਹੈ। ਉਮਰ ਦਾ ਤਕਾਜ਼ਾ ਹੈ ਕਿ ਬੱਸ ਦਾ ਸਫ਼ਰ ਵੀ ਸੁਖਾਂਦਾ ਨਹੀਂ। ਸੋ ਕਿਸੇ ਨੇੜਲੇ ਦੀ ਕਾਰ ਉੱਤੇ ਗਿਆ। ਕੋਈ ਗੱਲ ਨਹੀਂ ਕਿ ਕਿਹੜੀ ਦਿਸ਼ਾ ਵਿੱਚ ਸਫ਼ਰ ਕੀਤਾ, ਵੈਸੇ ਜਿੱਧਰ ਨੂੰ ਵੀ ਜਾਵੋ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੀਕ ਆਸਮਾਨ ਨੂੰ ਛੂੰਹਦੀਆਂ ਇਮਾਰਤਾਂ ਹੀ ਇਮਾਰਤਾਂ। ਜਾਣੋ ਕੰਕਰੀਟ ਦਾ ਜੰਗਲ ਹੈ। ਮੁਹਾਲੀ ਵਿਚਲੇ ਆਪਣੇ ਘਰ ਤੋਂ ਮੋਰਿੰਡਾ ਕਸਬੇ ਤੀਕ, ਦੂਜੀ ਦਿਸ਼ਾ ਬਨੂੜ-ਰਾਜਪੁਰਾ ਵੱਲ ਜਾਣ ‘ਤੇ ਵੀ ਸੜਕ ਦੇ ਦੋਵੇਂ ਪਾਸੇ ਇਹੋ ਹਾਲ। ਮੇਰਾ ਸਿਰ ਚਕਰਾਉਂਦਾ ਜਾਵੇ। ਮੇਰਾ ਪਿੰਡ ਤੇ ਹੋਰ ਰਿਸ਼ਤੇਦਾਰੀਆਂ ਇਸੇ ਖਿੱਤੇ ਵਿੱਚ ਹੋਣ ਕਰਕੇ, ਬਚਪਨ ਤੋਂ ਹੀ ਇੱਧਰ ਆਉਣ-ਜਾਣ ਰਿਹਾ। ਇਸ ਭੋਇੰ-ਦ੍ਰਿਸ਼ ਦੇ ਪੱਤੇ-ਪੱਤੇ ਨਾਲ ਸਮਝੋ ਮੈਨੂੰ ਸਾਂਝ ਜਾਪਦੀ ਸੀ। ਕੱਚੇ ਰਾਹਾਂ, ਡੰਡੀਆਂ, ਪਹਿਆਂ ਤੇ ਰਾਹ ਵਿੱਚ ਪੈਂਦੇ ਪਿੰਡਾਂ ਦੇ ਦਰੱਖਤ ਤੇ ਹੋਰ ਬਨਸਪਤੀ ਹੁੰਦੀ। ਸਾਰੇ ਰਾਹ ਮੇਰੇ ਪੈਰੀਂ ਲੱਗੇ ਹੋਏ ਸਨ।

ਉਦੋਂ ਰਾਹੀਆਂ ਦੇ ਪਾਣੀ ਪੀਣ ਲਈ ਹਰ ਦੋ-ਚਾਰ ਕੋਹਾਂ ਉੱਤੇ ਕੋਈ ਖੂਹੀ ਹੁੰਦੀ। ਨਾਲ ਲੱਜ ਤੇ ਡੋਲੂ ਹੁੰਦਾ। ਪਾਣੀ ਪੀਓ ਤੇ ਨਾਲ ਹੀ ਸੰਘਣੀ ਛਾਂ ਵਾਲੇ ਦਰੱਖਤਾਂ ਹੇਠ ਘੜੀ ਪਲ ਸੁਸਤਾ ਲਓ। ਪਛਾਣਾਂ ਵੀ ਹੁੰਦੀਆਂ ‘ਅਹੁ ਬਾਗ਼, ਅੱਗੇ ਚੋਈ, ਅਗਾਂਹ ਅਗਲਾ ਪਿੰਡ ਦਿੱਸਣ ਲੱਗ ਪੈਂਦਾ।’ ਓਪਰਾ ਕੁਝ ਨਾ ਹੁੰਦਾ। ਨੇੜੇ-ਤੇੜੇ ਦੇ ਪਿੰਡਾਂ ਵਾਲੇ ਵੀ ਪਛਾਣੇ ਜਾਂਦੇ। ਪੱਕੀ ਸੜਕ ਉੱਤੇ ਵੀ ਆਵਾਜਾਈ ਬਹੁਤ ਘੱਟ। ਇੱਕ ਕਸਬੇ ਤੋਂ ਦੂਜੇ ਕਸਬੇ ਤੀਕ ਟਾਂਗੇ ਚੱਲਦੇ ਜਾਂ ਟਾਵੀਂ ਟਾਵੀਂ ਲਾਰੀ। ਚੇਤੇ ਵਿੱਚ ਵੱਸੇ ਇਸ ਤਰ੍ਹਾਂ ਦੇ ਚਿੱਤਰ ਹੁਣ ਤਾਈਂ ਜੀਵਤ ਰਹੇ। ਹੁਣ ਪਿੰਡ ਤੇ ਕਸਬੇ ਉੱਥੇ ਹੀ ਹਨ, ਪਰ ਪਹਿਲਾਂ ਵਾਲਾ ਕੁਝ ਵੀ ਪਛਾਣ ਵਿੱਚ ਨਹੀਂ ਸੀ ਆ ਰਿਹਾ। ਸ਼ੂਕਦੀ ਤੇਜ਼ ਰਫ਼ਤਾਰੀ ਹਰ ਪਾਸੇ। ਜਾਪਿਆ ਮੈਂ ਕਿਸੇ ਹੋਰ ਥਾਂ ਉੱਤੇ ਆ ਪਹੁੰਚਿਆ ਹਾਂ। ਮਸਲਾ ਹੇਰਵੇ ਦਾ ਨਹੀਂ ਹੈ, ਸਭ ਕੁਝ ਬੇਪਛਾਣ ਹੋਈ ਜਾਣ ਦਾ ਹੈ। ਪਹਿਲਾਂ ਦੀ ਤਰਜ਼ ਉੱਤੇ ਦੁਕਾਨਾਂ ਨਹੀਂ ਹਨ। ਹੁਣ ਦੁਕਾਨਾਂ ਨਹੀਂ ਸ਼ੋਅ-ਰੂਮ ਹਨ। ਹਰ ਥਾਂ ਓਪਰੇ ਨਾਂ ਅੰਗਰੇਜ਼ੀ ਵਿੱਚ ਲਿਖੇ ਹੋਏ। ਕੋਈ ਕਿਸੇ ਦੀ ਸੁਣਦਾ ਨਹੀਂ ਹੈ, ਕੰਨ ਨੂੰ ਲਾਏ ਮੋਬਾਈਲ ਰਾਹੀਂ ਹੀ ਬਾਹਰਲੇ ਜਗਤ ਨਾਲ ਵਾਸਤਾ ਹੈ।

ਮੇਰਾ ਸਫ਼ਰ ਸੀਮਤ ਸੀ, ਪੰਜਾਹ-ਸੱਠ ਕਿਲੋਮੀਟਰ ਆਉਣ-ਜਾਣ ਦਾ, ਪਰ ਮੈਂ ਥੱਕ ਗਿਆ ਸਾਂ, ਮਾਨਸਿਕ ਤੌਰ ‘ਤੇ ਵਧੇਰੇ। ਮੁੜ ਆਪਣੇ ਘਰ ਪਹੁੰਚਿਆ ਤਾਂ ਮੈਨੂੰ ਆਪਣਾ ਘਰ ਬਹੁਤ ਛੋਟਾ ਜਾਪਿਆ। ਬਾਹਰ ਸਭ ਕੁਝ ਵੱਡਾ, ਵਿਖਾਵੇ ਵਾਲਾ ਤੇ ਚੁੰਧਿਆਉਂਦਾ ਸੀ। ਖ਼ੈਰ, ਇਸ ਛੋਟੇ ਘਰ ਨੇ ਹੀ ਮੈਨੂੰ ਸੰਭਾਲਿਆ। ਮੇਰੇ ਓਦਰੇ ਮਨ ਨੂੰ ਢਾਰਸ ਦਿੱਤੀ। ਤਦ ਜਾਪਿਆ ਇੱਥੇ ਹੀ ਸਕੂਨ ਹੈ, ਇੱਥੇ ਹੀ ਦਿਨ ਕੱਟਣੇ ਹਨ। ਮੇਰਾ ਸੰਸਾਰ ਸਿਮਟ ਕੇ ਇਸ ਛੱਤ ਤੇ ਇਸ ਦੇ ਛੋਟੇ ਜਿਹੇ ਵਿਹੜੇ ਤੱਕ ਸੀਮਤ ਹੋ ਗਿਆ ਹੈ। ਸ਼ੁਕਰ ਹੈ, ਇਸ ਘਰ ਦੀਆਂ ਖਿੜਕੀਆਂ ਵਿੱਚੋਂ ਮੈਂ ਬਾਹਰਲੇ ਜਹਾਨ ਨੂੰ ਤੱਕਦਾ ਹਾਂ। ਵਿਹੜੇ ‘ਚੋਂ ਕੁਦਰਤ ਨੂੰ ਨਿਹਾਰਦਾ ਹਾਂ। ਧਰਤੀ, ਚੰਦ ਤੇ ਤਾਰਿਆਂ ਦੀ ਗਰਦਿਸ਼ ਦਾ ਅਨੁਮਾਨ ਕਰਕੇ ਗਦ-ਗਦ ਹੁੰਦਾ ਹਾਂ। ਇਸ ਛੋਟੀ ਦੁਨੀਆ ਵਿੱਚ ਮੈਂ ਖੁੱਲ੍ਹ ਮਹਿਸੂਸ ਕਰਦਾ ਹਾਂ। ਸੁੰਗੜਨ ਵਾਲੀ ਹਾਲਤ ਪੈਦਾ ਨਹੀਂ ਹੁੰਦੀ।

ਕਦੇ ਲਾਹੌਰ ਤੇ ਅੰਮ੍ਰਿਤਸਰ ਜਿਹੇ ਸ਼ਹਿਰਾਂ ਦੀਆਂ ਸੜਕਾਂ ਉੱਤੇ ‘ਬਚਕੇ ਬਈ’ ਦੇ ਬੋਲੇ ਸੁਣਦੇ। ਘੋੜੇ ਦੀਆਂ ਟਾਪਾਂ ਤੇ ਉਸ ਦੇ ਗਲ ਪਾਏ ਘੁੰਗਰੂ ਪਿਆਰਾ ਸੰਗੀਤ ਸਿਰਜਦੇ। ਹੁਣ ਰੋਜ਼ ਦੁਰਘਟਨਾਵਾਂ ਦੀਆਂ ਖ਼ਬਰਾਂ ਦੇ ਝਟਕੇ। ਇਹ ਵੀ ਕਿ ਕੋਈ ਕਾਰ ਕਿਸੇ ਰਾਹਗੀਰ ਨੂੰ ਦੂਰ ਤੀਕ ਘਸੀਟਦੀ ਲੈ ਗਈ। ਇੰਨੇ ਤਰ੍ਹਾਂ ਨਾਲ ਮੌਤਾਂ ਹੁੰਦੀਆਂ ਹਨ ਕਿ ਮ੍ਰਿਤਕ ਬਸ ਅੰਕੜੇ ਬਣਕੇ ਰਹਿ ਜਾਂਦੇ ਹਨ। ਕਦੇ ਰਾਜਿਆਂ ਦੇ ਮਹਿਲਾਂ ਨੂੰ ਤੱਕਦਾ ਜਾਂਦਾ ਬੰਦਾ ਬੜਾ ਅਦਨਾ ਮਹਿਸੂਸ ਕਰਦਾ ਸੀ। ਹੁਣ ਹਰ ਨਗਰ ਦੇ ਪੌਸ਼ ਹਿੱਸਿਆਂ ਵਿੱਚ ਉਸਰੀਆਂ ਇਮਾਰਤਾਂ ਨੂੰ ਤੱਕਦਾ ਸਾਧਾਰਨ ਬੰਦਾ ਦਬਾਉ ਪ੍ਰਤੀਤ ਕਰਦਾ ਹੈ। ਬਹਾਦਰ ਸ਼ਾਹ ਜ਼ਫ਼ਰ ਦੇ ਸ਼ਬਦ ਦਿਮਾਗ਼ ਵਿੱਚ ਘੁੰਮ ਜਾਂਦੇ ਹਨ ‘ਲਗਤਾ ਨਹੀਂ ਜੀ ਮੇਰਾ ਉਜੜੇ ਦਯਾਰ ਮੇਂ।’ ਮੈਂ ਤ੍ਰਭਕ ਜਾਂਦਾ ਹਾਂ। ਦੇਸ਼ ਦੇ ਇੱਕ ਸੋਹਣੇ ਨਗਰ ਵਿੱਚ ਰਹਿੰਦਿਆਂ ਇਹ ਓਪਰਾਪਣ ਤੇ ਉਦਰੇਵਾਂ ਕਿਉਂ? ‘ਤਰੱਕੀ’ ਵਾਲੇ ਮੰਜ਼ਰ ਹੁਣ ਰੂਹ ਨੂੰ ਸੁਖਾਵੇਂ ਕਿਉਂ ਨਹੀਂ ਲੱਗਦੇ? ਧਨ ਕੁਬੇਰਾਂ ਤੇ ਮਸੀਂ ਰੋਟੀ ਪੱਕਣ ਵਾਲਿਆਂ ਵਿੱਚ ਇੰਨੀ ਵਿੱਥ, ਇੰਨਾ ਪਾੜਾ। ਅਸੁਰੱਖਿਆ ਦੀ ਭਾਵਨਾ ਤੇ ਪਛਾਣ ਗੁਆਚਣ ਦਾ ਸਹਿਮ ਵਧ ਰਿਹਾ ਹੈ। ਧਰਤੀ ਦੀ ਹਰਿਆਵਲ ਨੂੰ ਖ਼ਤਰਾ ਜਾਪਦਾ ਹੈ।
ਸੰਪਰਕ: 98141-57137News Source link

- Advertisement -
- Advertisement -
Latest News

ਵਾਤਾਵਰਨ ਬਚਾਉਣ ਲਈ ਵੋਟਰ ਵੀ ਚੁੱਪ ਤੋੜਨ: ਸੀਚੇਵਾਲ

ਗੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ, 21 ਜਨਵਰੀ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਇੱਥੇ ਵਾਤਾਵਰਨ ਸਬੰਧੀ ਲੋਕ...
- Advertisement -

More Articles Like This

- Advertisement -