12.4 C
Alba Iulia
Thursday, April 25, 2024

ਬਦਲਾ

Must Read


ਹਰੀ ਕ੍ਰਿਸ਼ਨ ਮਾਇਰ

ਹਿਰਨੋਟਾ ਆਪਣੀ ਮਾਂ ਨਾਲ ਅੱਜ ਪਹਿਲੀ ਵਾਰ ਜੰਗਲ ਵਿੱਚ ਆਇਆ ਸੀ। ਖੇਤਾਂ ਵੱਲ ਉਤਰਦੀ ਪਗਡੰਡੀ ‘ਤੇ ਇੱਕ ਬਘਿਆੜ ਤੁਰਿਆ ਆ ਰਿਹਾ ਸੀ। ਬਘਿਆੜ ਨੂੰ ਦੇਖ ਕੇ ਹਿਰਨੋਟਾ ਝਾੜੀਆਂ ਓਹਲੇ ਲੁਕ ਗਿਆ।

ਬਘਿਆੜ ਉੱਚੀ ਉੱਚੀ ਬੋਲ ਰਿਹਾ ਸੀ, ”ਆਪਾਂ ਤਾਂ ਹੁਣ ਪੱਕੀ ਸਹੁੰ ਖਾ ਲਈ।”

ਹਿਰਨੋਟੇ ਨੂੰ ਬਘਿਆੜ ਦੀ ਆਵਾਜ਼ ਸਪੱਸ਼ਟ ਸੁਣਾਈ ਦੇ ਰਹੀ ਸੀ। ਹਿਰਨੋਟੇ ਨੇ ਸੋਚਿਆ ਬਈ ਇਸ ਨੇ ਕਿਹੜੀ ਸਹੁੰ ਖਾ ਲਈ?

ਰੁੱਖ ‘ਤੇ ਬੈਠੇ ਕਾਂ ਨੇ ਪੁੱਛਿਆ, ”ਤਾਇਆ! ਤੂੰ ਕਿਹੜੀ ਸਹੁੰ ਖਾ ਲਈ?”

“ਭਤੀਜਿਆਂ, ਤੈਥੋਂ ਕਾਹਦਾ ਲਕੋ ਆ, ਜ਼ਿੰਦਗੀ ਵਿੱਚ ਬਥੇਰੇ ਜਾਨਵਰ ਖਾਧੇ ਨੇ। ਅੱਜ ਤੋਂ ਮੈਂ ਜੀਵ ਹੱਤਿਆ ਨਾ ਕਰਨ ਦੀ ਸਹੁੰ ਖਾਧੀ ਆ।” ਬਘਿਆੜ ਬੋਲਿਆ।

“ਅੱਗਾ ਸੁਆਰਨ ਲੱਗ ਪਿਆਂ।” ਕਾਂ ਨੇ ਕਿਹਾ।

“ਇਹੀ ਸੋਚਿਆ।”

“ਖਾਇਆ ਕੀ ਕਰੇਂਗਾ?”

“ਘਾਹ ਪੱਤੇ, ਹੋਰ ਨਿੱਕ ਸੁੱਕ ਖਾ ਲਿਆ ਕਰਾਂਗਾ।”

“ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।” ਕਾਂ ਮੂੰਹ ਵਿੱਚ ਬੁੜਬੁੜਾਇਆ।

“ਕੁਝ ਕਿਹਾ?”

ਮੈਂ ਕਿਹਾ, “ਤਾਏ ਦਾ ਇਰਾਦਾ ਪੱਕਾ ਲੱਗਦਾ।”

“ਔਹ ਦੇਖ ਝਾੜੀਆਂ ਓਹਲੇ ਇੱਕ ਹਿਰਨ ਦਾ ਬੱਚਾ ਲੁਕਿਆ ਹੋਇਆ।” ਬਘਿਆੜ ਨੇ ਕਾਂ ਨੂੰ ਦੱਸਿਆ।

“ਵਾਹ ਉਏ ਬਾਜ਼ ਅੱਖਿਆ।” ਕਾਂ ਬੋਲਿਆ।

ਬਘਿਆੜ ਕੁਝ ਵੀ ਨਾ ਬੋਲਿਆ। ਕਾਂ ਨੂੰ ਚਿੰਤਾ ਹੋ ਗਈ ਕਿ ਬਘਿਆੜ ਕੋਈ ਨਾ ਕੋਈ ਚਾਲ ਜ਼ਰੂਰ ਚੱਲੇਗਾ ਅਤੇ ਹਿਰਨੋਟੇ ਨੂੰ ਹਰ ਹਾਲਤ ਵਿੱਚ ਚੁੱਕ ਲਿਜਾਵੇਗਾ।

ਕਾਂ ਨੇ ਕਾਵਾਂ ਰਾਹੀਂ ਹਿਰਨੋਟੇ ਨੂੰ ਬਘਿਆੜ ਤੋਂ ਸੁਚੇਤ ਰਹਿਣ ਅਤੇ ਦੌੜ ਜਾਣ ਦਾ ਸੁਨੇਹਾ ਵੀ ਭੇਜ ਦਿੱਤਾ ਸੀ। ਬਘਿਆੜ ਹੁਣ ਝਾੜੀਆਂ ਵੱਲ ਤੁਰ ਪਿਆ ਸੀ। ਥੋੜ੍ਹਾ ਤੁਰ ਕੇ ਉਹ ਖੇਤ ਦੀ ਵੱਟ ‘ਤੇ ਬੈਠ ਗਿਆ ਤੇ ਆਪਣਾ ਜਾਲ ਵਿਛਾਉਣ ਲੱਗਾ। ਕਹਿੰਦਾ, ”ਪੁੱਤਰਾ! ਮੈਥੋਂ ਕਾਹਤੋਂ ਲੁਕਦਾਂ ਏਂ?” ਹਿਰਨ ਦਾ ਬੱਚਾ ਤ੍ਰਭਕ ਗਿਆ। ਉਸ ਦੀ ਮਾਂ ਖੇਤ ‘ਚੋਂ ਦੌੜ ਪਈ ਅਤੇ ਹਿਰਨੋਟੇ ਦੇ ਪਿੱਛੇ ਆ ਖਲੋਤੀ। ਉਹ ਬਘਿਆੜ ਦੀਆਂ ਚਾਲਾਂ ਨੂੰ ਦੇਖ ਰਹੀ ਸੀ, ਪਰ ਬਘਿਆੜ ਨੂੰ ਹਿਰਨੀ ਬਾਰੇ ਕੋਈ ਇਲਮ ਨਹੀਂ ਸੀ। ਉਸ ਨੇ ਅੱਗੇ ਚਾਲ ਚੱਲੀ। ਕਹਿੰਦਾ,”ਥੋਡੇ ਵਡੇਰੇ ਤਾਂ ਮੇਰੇ ਭਰਾ ਬਣੇ ਹੋਏ ਸਨ। ਆਜਾ ਪੁੱਤ ਤੈਨੂੰ ਪਿਆਰ ਦਿਆਂ। ਤੇਰੇ ਖਾਣ ਵਾਸਤੇ, ਮੈਂ ਨਰਮ ਨਰਮ ਗੰਦਲਾਂ ਲੈ ਕੇ ਆਇਆ ਹਾਂ।”

ਫਿਰ ਬਘਿਆੜ ਰੋਣ ਲੱਗਾ। ਕਹਿੰਦਾ, ”ਜੇ ਤੇਰਾ ਦਾਦਾ ਬੁਲਾਉਂਦਾ, ਤੂੰ ਫੇਰ ਵੀ ਨਾ ਆਉਂਦਾ?”

ਹਿਰਨੋਟੇ ਨੇ ਸੋਚਿਆ, ”ਰਿਸ਼ਤਿਆਂ ਦਾ ਵਾਸਤਾ ਪਾਉਂਦਾ, ਚਲੋ ਮੈਂ ਥੋੜ੍ਹਾ ਉਸ ਦੇ ਕੋਲ ਚਲਾ ਜਾਂਦਾ ਹਾਂ। ਉਸ ਦਾ ਚਿੱਤ ਵੀ ਰਾਜ਼ੀ ਹੋ ਜਾਵੇਗਾ।”

ਹਿਰਨੋਟਾ ਅਜੇ ਆਪਣੀ ਥਾਂ ਤੋਂ ਥੋੜ੍ਹਾ ਹਿੱਲਿਆ ਹੀ ਸੀ ਕਿ ਪਿੱਛੇ ਖੜ੍ਹੀ ਹਿਰਨੀ ਨੇ ਜ਼ੋਰ ਦੀ ਲੱਤ ਉਸ ਦੀ ਪਿੱਠ ‘ਤੇ ਮਾਰੀ ਤੇ ਬੋਲੀ, ”ਤੇਰੇ ਵਰਗਿਆਂ ਨੂੰ ਬਾਘ ਬਘੇਲੇ, ਇੰਜ ਗਾਇਬ ਕਰ ਦਿੰਦੇ ਨੇ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ।” ਹਿਰਨੋਟਾ ਚੀਸ ਵੱਟੀਂ ਖੜ੍ਹਾ ਸੀ। ਹਿਰਨੀ ਅੱਗੇ ਬੋਲੀ, ”ਪਿੱਛੋਂ ਮੇਰੇ ਵਰਗੀ ਕਮਲੀ ਮਾਂ ਪੁੱਤ ਨੂੰ ਟੋਲ੍ਹਦੀ ਟੋਲ੍ਹਦੀ ਪਾਗਲ ਹੋ ਜਾਂਦੀ ਆ।” ਹਿਰਨੋਟੇ ਨੇ ਮਾਂ ਦੀ ਮਾਰੀ ਲੱਤ ਦਾ ਐਨਾ ਗੁੱਸਾ ਨਹੀਂ ਸੀ ਕੀਤਾ। ਉਸ ਨੇ ਸੋਚਿਆ,”ਮਾਂ ਨੂੰ ਤਾਂ ਐਨੇ ਹਰਖ ਵਿੱਚ ਪਹਿਲਾਂ ਕਦੀ ਨਹੀਂ ਦੇਖਿਆ।”

“ਤੂੰ ਸਮਝਦਾਂ ਬਘਿਆੜ ਤੈਨੂੰ ਲਾਡ ਲਡਾਊਗਾ। ਝੂਟੇ ਮਾਟੇ ਦੇਵੇਗਾ।” ਹਿਰਨੀ ਬੋਲੀ। ਹਿਰਨੋਟਾ ਚੁੱਪ ਚਾਪ ਸੁਣਦਾ ਰਿਹਾ।

“ਇਨ੍ਹਾਂ ਦੀ ਤਾਂ ਸਾਡੇ ਨਾਲ ਮੁੱਢ ਤੋਂ ਹੀ ਦੁਸ਼ਮਣੀ ਰਹੀ ਹੈ। ਤੂੰ ਉਸ ਦੇ ਕੋਲ ਤਾਂ ਜਾਂਦਾ, ਤੈਨੂੰ ਚੁੱਕ ਕੇ ਭੱਜ ਜਾਣਾ ਸੀ, ਉਸ ਨੇ।” ਹਿਰਨੀ ਨੇ ਹਿਰਨੋਟੇ ਨੂੰ ਬਘਿਆੜ ਦੀ ਅਸਲੀਅਤ ਤੋਂ ਜਾਣੂ ਕਰਾਉਂਦਿਆਂ ਕਿਹਾ।

ਬਘਿਆੜ ਦੀ ਆਵਾਜ਼ ਮੁੜ ਸੁਣਾਈ ਦਿੱਤੀ, ”ਸਹੁੰ ਖਾ ਲਈ ਆਪਾਂ ਨੇ ਪੱਕੀ।”

“ਕਾਹਦੀ ਸਹੁੰ ਖਾ ਲਈ, ਪਾਖੰਡੀਆ?” ਹਿਰਨੀ ਬੋਲੀ।

“ਜੀਵ ਹੱਤਿਆ ਨਾ ਕਰਨ ਦੀ।”

“ਤੇਰੇ ਪੰਜੇ ਮੇਰੇ ਦੋ ਬੱਚਿਆਂ ਦੇ ਖੂਨ ਨਾਲ ਰੰਗੇ ਹੋਏ ਨੇ, ਵਹਿਸ਼ੀਆ।” ਹਿਰਨੀ ਗੁੱਸੇ ਵਿੱਚ ਬੋਲੀ, ਪਰ ਬਘਿਆੜ ਚੁੱਪ ਰਿਹਾ। ਹਿਰਨੀ ਬੋਲਦੀ ਰਹੀ, ”ਮੈਂ ਕਹਿੰਦੀ ਹੁੰਦੀ ਸੀ, ਸਾਰੇ ਜਾਨਵਰ ਮੇਰੇ ਵਰਗੇ ਹੀ ਨੇ। ਮੈਨੂੰ ਕੀ ਪਤਾ ਸੀ ਕਿ ਜਾਨਵਰ ਉਸ ਤਰ੍ਹਾਂ ਦੇ ਨਹੀਂ ਹੁੰਦੇ, ਜਿਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ। ਇਹ ਤਾਂ ਜ਼ੋਰ-ਜ਼ਬਰੀ ਕਰਦੇ ਨੇ, ਖੋਹ-ਖਿੱਚ ਵੀ ਕਰਦੇ ਨੇ। ਘਾਤ ਲਾਈ ਬੈਠੇ ਹੁੰਦੇ ਨੇ, ਇੱਕ ਦੂਜੇ ਨੂੰ ਮੂੰਹ ਵਿੱਚ ਪਾਉਣ ਲਈ।”

ਹਿਰਨੀ ਨੇ ਦੇਖਿਆ ਕਿ ਬਘਿਆੜ ਉਸ ਵੱਲ ਤੁਰਿਆ ਆ ਰਿਹਾ ਸੀ। ਦੂਰੋਂ ਹੀ ਬੋਲਿਆ, ”ਭੈਣੇਂ ਮੈਂ ਤਾਂ ਤੈਥੋਂ ਪੁਰਾਣੀਆਂ ਕਈ ਭੁੱਲਾਂ ਦੀਆਂ ਮੁਆਫ਼ੀਆਂ ਮੰਗਣੀਆਂ ਨੇ।”

“ਪੁਰਾਣੀਆਂ ਮੁਆਫ਼ੀਆਂ।” ਹਿਰਨੋਟੇ ਨੇ ਆਪਣੀ ਮਾਂ ਨੂੰ ਪੁੱਛਿਆ।

“ਇਹੀ ਬਘਿਆੜ ਤੇਰੇ ਦੋ ਭਰਾਵਾਂ ਨੂੰ ਚੁੱਕ ਕੇ ਲੈ ਗਿਆ ਸੀ।” ਹਿਰਨੀ ਨੇ ਹਿਰਨੋਟੇ ਨੂੰ ਦੱਸਿਆ।

“ਫੇਰ?” ਹਿਰਨੋਟੇ ਨੇ ਪੁੱਛਿਆ।

“ਫੇਰ ਤੇਰੇ ਭਰਾ ਲੱਭੇ ਹੀ ਨਹੀਂ।” ਹਿਰਨੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

“ਤਾਂ ਤੇ ਬੜਾ ਜਾਲਮ ਹੈ, ਇਹ ਬਘਿਆੜ।” ਹਿਰਨੋਟਾ ਬੋਲਿਆ।

“ਮੇਰੇ ਪਿੱਛੇ ਲੁਕ ਜਾ, ਮੈਂ ਨਜਿੱਠਾਂਗੀ ਅੱਜ ਇਸ ਫਰੇਬੀ ਨਾਲ।” ਉਹ ਆਪਣੀ ਮਾਂ ਦੇ ਪਿੱਛੇ ਦੁਬਕ ਗਿਆ।

ਹਿਰਨੀ ਗਰਜ਼ ਪਈ, ”ਤੂੰ ਮੇਰਾ ਤੀਜਾ ਪੁੱਤ ਵੀ ਖੋਹਣ ਆਇਆ ਏਂ?”

“ਤੂੰ ਮੇਰੀ ਗੱਲ ਤਾਂ ਸੁਣ ਭੈਣੇ।” ਬਘਿਆੜ ਬੋਲਿਆ।

“ਆਪਣਾ ਰਸਤਾ ਫੜ।” ਹਿਰਨੀ ਨਿੱਡਰ ਹੋ ਕੇ ਖਲੋ ਗਈ। ਉਸ ਨੇ ਬਾਰਾਂਸਿੰਗੇ ਦਾ ਸਿੰਗ ਆਪਣੇ ਮੂੰਹ ਵਿੱਚ ਚੁੱਕਿਆ ਅਤੇ ਬਘਿਆੜ ‘ਤੇ ਹੱਲਾ ਬੋਲ ਦਿੱਤਾ। ਤਿੱਖਾ ਸਿੰਗ ਬਘਿਆੜ ਦੇ ਢਿੱਡ ਵਿੱਚ ਖੁਭੋ ਦਿੱਤਾ। ਬੁੱਢੇ ਬਘਿਆੜ ਦੀਆਂ ਪਲ ਵਿੱਚ ਅੱਖਾਂ ਮੁੜ ਗਈਆਂ। ਉਸ ਦੀ ਮੁਰਦਾ ਦੇਹ ‘ਤੇ ਲੱਤ ਧਰੀ ਖਲੋਤੀ ਹਿਰਨੀ ਬੋਲੀ,”ਅੱਜ ਇੱਕ ਮਾਂ ਨੇ, ਆਪਣੇ ਦੋ ਪੁੱਤਾਂ ਦੇ ਹਤਿਆਰੇ ਤੋਂ ਬਦਲਾ ਲੈ ਲਿਆ।”

“ਮਾਂ ਮੈਂ ਵੀ ਇੱਕ ਪੱਥਰ ਇਸ ਦੇ ਸਿਰ ਵੱਲ ਰੇੜ੍ਹ ਦਿਆਂ?” ਹਿਰਨੋਟੇ ਨੇ ਪੁੱਛਿਆ।

“ਹੋਰ ਵੱਡਾ ਹੋ ਲੈ ਬਥੇਰੇ ਬਘਿਆੜ ਮਿਲਣਗੇ ਤੈਨੂੰ।” ਹਿਰਨੀ ਬੋਲੀ।

“ਚੱਲ ਪੁੱਤ, ਹੁਣ ਭੱਜ ਨਿਕਲੀਏ।” ਹਿਰਨੀ ਨੇ ਹਿਰਨੋਟੇ ਨੂੰ ਇਸ਼ਾਰਾ ਕੀਤਾ।

“ਬਘਿਆੜ ਦਾ ਹੁਣ ਕੀ ਬਣੂੰ?” ਹਿਰਨੋਟੇ ਨੇ ਪੁੱਛਿਆ।

“ਕਾਂ, ਕੁੱਤੇ ਆਪੇ ਬੰਨੇ ਲਾ ਦੇਣਗੇ।” ਹਿਰਨੀ ਬੋਲੀ।

ਫਿਰ ਉਹ ਉੱਥੋਂ ਭੱਜ ਨਿਕਲੇ। ਜਦੋਂ ਕਾਫ਼ੀ ਦੂਰ ਨਿਕਲ ਆਏ ਤਾਂ ਇੱਕ ਚਰਾਂਦ ‘ਤੇ ਘਾਹ ਚਰਨ ਲੱਗੇ। ਹਿਰਨੀ ਨੇ ਇੱਕ ਉੱਚੀ ਥਾਂ ‘ਤੇ ਚੜ੍ਹ ਕੇ ਦੇਖਿਆ ਕਿ ਬਘਿਆੜ ਦਾ ਕੰਮ ਤਮਾਮ ਕਰਨ ਲਈ ਭਾਰੀ ਗਿਣਤੀ ਵਿੱਚ ਗਿਰਝਾਂ, ਕਾਂ, ਕੁੱਤੇ ਉਸ ਥਾਂ ‘ਤੇ ਪਹੁੰਚੇ ਹੋਏ ਸਨ।
ਸੰਪਰਕ: 97806-67686



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -