12.4 C
Alba Iulia
Friday, April 19, 2024

‘ਚੰਨ ਪ੍ਰਦੇਸੀ’ ਦੇ ਮੁੜ ਆਉਣ ਦੇ ਮਾਅਨੇ

Must Read


ਡਾ. ਖ਼ੁਸ਼ਮਿੰਦਰ ਕੌਰ

ਪੰਜਾਬੀ ਸਿਨਮਾ ਜਗਤ ਵਿੱਚ ਮਾਅਰਕਾਖ਼ੇਜ਼ ਸਥਾਨ ਬਣਾ ਕੇ ਰਾਸ਼ਟਰੀ ਫਿਲਮ ਪੁਰਸਕਾਰ ਜਿੱਤ ਚੁੱਕੀ ਫਿਲਮ ‘ਚੰਨ ਪਰਦੇਸੀ’ ਚਾਲੀ ਸਾਲਾਂ ਬਾਅਦ ਮੁੜ ਰਿਲੀਜ਼ ਹੋਣ ਲੱਗੀ ਹੈ। 10 ਜੁਲਾਈ 1981 ਵਿੱਚ ਪਹਿਲਾਂ ਰਿਲੀਜ਼ ਹੋਈ ਇਸ ਫਿਲਮ ਦੇ ਪ੍ਰਿੰਟ ਨੂੰ ਤਕਨੀਕੀ ਤੌਰ ‘ਤੇ ਰੀਮਾਸਟਰਿੰਗ ਕਰਕੇ ਇਸ ਵਿੱਚ ਪੰਜ ਪੁਆਇੰਟ ਇੱਕ ਸਾਊਂਡ (ਸਰਰਾਊਂਡ ਸਾਉਂਡ) ਤਬਦੀਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਦਾ ਬੈਕਗਰਾਊਂਡ ਸਕੋਰ ਵੀ ਬਦਲਿਆ ਗਿਆ ਹੈ ਅਤੇ ਇਸ ਨੂੰ ਪੈਂਤੀ ਐੱਮ.ਐੱਮ. ਸਕਰੀਨ ਕੁਆਲਿਟੀ ਤੋਂ ਸਿਨੇਮਾਸਕੋਪ ਕੀਤਾ ਗਿਆ ਹੈ। 1980 ਵਿੱਚ ਫਿਲਮ ਦੇ ਪਹਿਲੇ ਨਿਰਮਾਤਾ ਜੀ.ਐੱਸ.ਚੀਮਾ, ਸਰਦਾਰ ਬਲਦੇਵ ਗਿੱਲ, ਸਵਰਨ ਸੇਢਾ ਅਤੇ ਵਿਸ਼ੇਸ਼ ਨਿਰਮਾਤਾ ਯੋਗਰਾਜ ਸੇਢਾ ਸਨ। ਹੁਣ 20 ਮਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਨਵੇਂ ਨਿਰਮਾਤਾ ਸਰਦਾਰ ਚਾਨਣ ਸਿੰਘ ਸਿੱਧੂ ਹਨ।

ਇਸ ਫਿਲਮ ਨਾਲ ਜੁੜੀਆਂ ਤਮਾਮ ਕਹਾਣੀਆਂ ਆਪਣੇ ਆਪ ਵਿੱਚ ਇਸ ਫਿਲਮ ਪਿੱਛੇ ਲੱਗੀ ਮਿਹਨਤ ਦੀਆਂ ਗਵਾਹ ਹਨ। ਚਾਲੀ ਸਾਲ ਪਹਿਲਾਂ ਇਸ ਫਿਲਮ ਨੂੰ ਆਪਣੇ ਰਿਲੀਜ਼ ਹੋਣ ਤੋਂ ਵੀ ਇੱਕ ਸਾਲ ਪਹਿਲਾਂ 28ਵੇਂ ਰਾਸ਼ਟਰੀ ਫਿਲਮ ਪੁਰਸਕਾਰ ਮੇਲੇ 1980 ਵਿੱਚ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਫਿਲਮ ਤਕਨੀਕੀ ਪੱਖ ਤੋਂ ਜਿੱਥੇ ਉਸ ਸਮੇਂ ਦੀਆਂ ਸਿਨਮਈ ਲੋੜਾਂ ਮੁਤਾਬਿਕ ਹਾਣ ਦੀ ਸੀ, ਉੱਥੇ ਫਿਲਮੀ ਸੁਹਜ ਦੇ ਸਾਰੇ ਪੈਮਾਨੇ ਵੀ ਪੂਰੇ ਕਰਦੀ ਸੀ। ਫਿਲਮ ਨਿਰਮਾਣ ਵਿੱਚ ਇਸ ਦੀ ਸਭ ਤੋਂ ਵੱਡੀ ਖ਼ੂਬੀ ਇਹੀ ਸੀ ਕਿ ਇਸ ਫਿਲਮ ਦੇ ਹਰ ਹਿੱਸੇ ਲਈ ਕੰਮ ਕਰਨ ਵਾਲਾ ਵਿਅਕਤੀ ਰੰਗਮੰਚ ਜਾਂ ਫਿਲਮ ਨਿਰਮਾਣ ਦੀ ਪੜ੍ਹਾਈ ਨਾਲ ਜੁੜਿਆ ਹੋਇਆ ਸੀ। ਫਿਲਮ ਦੀ ਸਟਾਰਕਾਸਟ ਕਾਫ਼ੀ ਵੱਡੀ ਸੀ ਜਿਸ ਵਿੱਚ ਚੌਂਤੀ ਵੱਖ-ਵੱਖ ਕਲਾਕਾਰ ਰਾਜ ਬੱਬਰ, ਰਮਾ ਵਿੱਜ, ਕੁਲਭੂਸ਼ਨ ਖਰਬੰਦਾ, ਰਜਨੀ ਸ਼ਰਮਾ, ਓਮ ਪੁਰੀ, ਸੁੰਦਰ, ਸੁਸ਼ਮਾ ਸੇਠ, ਸੁਨੀਤਾ ਧੀਰ, ਮੇਹਰ ਮਿੱਤਲ, ਅਮਰੀਸ਼ ਪੁਰੀ, ਜੋਗਾ ਚੀਮਾ, ਮੋਹਨ ਬੱਗਣ, ਬਲਦੇਵ ਗਿੱਲ, ਮਹਿੰਦਰ ਮਸਤਾਨਾ, ਰਵੀ ਭੂਸ਼ਨ, ਵਰਿਆਮ ਮਸਤ, ਜਗਜੀਤ ਸਰੀਨ, ਪ੍ਰਾਣ ਸੱਭਰਵਾਲ, ਭਾਰਤ ਭੂਸ਼ਨ, ਯੋਗਰਾਜ ਸੇਢਾ, ਗੁਰਚਰਨ ਬੱਗਣ, ਸੁੰਦਰ ਸਰੂਪ ਆਦਿ ਸਿੱਧੇ ਤੌਰ ‘ਤੇ ਥੀਏਟਰ ਦੇ ਹੀ ਵਿਦਿਆਰਥੀ ਸਨ।

ਇਸ ਤੋਂ ਇਲਾਵਾ ਇਸ ਦੇ ਗੀਤਕਾਰ, ਨਿਰਦੇਸ਼ਕ ਤੇ ਨਿਰਮਾਤਾ ਵੀ ਥੀਏਟਰ ਅਤੇ ਫਿਲਮ ਵਿੱਦਿਆ ਦੇ ਹੀ ਵਿਦਿਆਰਥੀ ਸਨ। ਕੁੱਲ ਮਿਲਾ ਕੇ ਇਹ ਸ਼ਾਹਕਾਰ ਰਚਨਾ ਅਸਲ ਵਿੱਚ ਆਰਟ ਮੂਵੀ/ ਕਲਾ ਫਿਲਮ ਸੀ ਜਿਸ ਦੇ ਤਸੱਲੀਬਖ਼ਸ਼ ਕੰਮ ਨੇ ਇਸ ਨੂੰ ਪ੍ਰਸਿੱਧੀ ਦੇ ਕੇ ਕਮਰਸ਼ੀਅਲੀ ਹਿੱਟ ਬਣਾਉਣ ਵਿੱਚ ਵੱਡਾ ਰੋਲ ਨਿਭਾਇਆ। ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਚਾਲੀ ਸਾਲ ਪਹਿਲਾਂ ਦੇ ਸਿਨਮਾ ਵਿੱਚ ਪੰਜਾਬ ਦੇ ਸਮਾਜ ਤੰਤਰ ‘ਤੇ ਭਾਰੂ ਸ਼ਾਹੂਕਾਰਾਂ, ਜਾਗੀਰਦਾਰਾਂ ਦੇ ਚਰਿੱਤਰ ਹੀ ਫਿਲਮੀ ਕਹਾਣੀਆਂ ਲਈ ਉਲੀਕੇ ਅਤੇ ਉਜਾਗਰ ਕੀਤੇ ਜਾਂਦੇ ਸਨ। ਅਜਿਹੇ ਸਮੇਂ ਵਿੱਚ ਇੱਕ ਦਲਿਤ ਪਰਿਵਾਰ ਦੇ ਵਿਅਕਤੀ ਨੂੰ ਨਾਇਕ ਸਥਾਪਤ ਕਰਨਾ ਨਿਰਮਾਤਾਵਾਂ ਲਈ ਵੱਡੀ ਚੁਣੌਤੀ ਸੀ। ਇਸ ਚੁਣੌਤੀ ਨੂੰ ਨਿਰਮਾਤਾਵਾਂ ਨੇ ਕਬੂਲਿਆ ਅਤੇ ਬਾਖ਼ੂਬੀ ਨਿਭਾਇਆ ਵੀ ਕਿਉਂਕਿ ਜਨਚੇਤਨਾ ਨੂੰ ਉਭਾਰਨ ਲਈ ਉਨ੍ਹਾਂ ਤਾਕਤਾਂ ਨਾਲ ਨਜਿੱਠਣਾ ਜ਼ਰੂਰੀ ਹੈ ਜੋ ਕਲਾ ‘ਤੇ ਕਾਬਜ਼ ਹਨ। ਚੰਗੀ ਕਲਾ ਨੂੰ ਉਭਾਰਨ ਲਈ ਕਲਾਕਾਰਾਂ ਦਾ ਇਕਜੁੱਟ ਹੋਣਾ ਲਾਜ਼ਮੀ ਹੈ।

ਦਰਅਸਲ, ਫਿਲਮ ਇੱਕ ਸੰਯੁਕਤ ਕਲਾ ਹੈ ਜੋ ਆਪ ਵਿੱਚ ਹੋਰ ਕਈ ਕਲਾਵਾਂ ਦਾ ਸੁਮੇਲ ਹੈ ਅਤੇ ‘ਚੰਨ ਪ੍ਰਦੇਸੀ’ ਵਰਗੀ ਫਿਲਮ ਤਾਂ ਆਪਣੇ ਵਿੱਚ ਸ਼ਾਮਲ ਹਰ ਕਲਾ ਰਾਹੀਂ ਦਰਸ਼ਕਾਂ ਦੇ ਸੁਹਜ ਪੈਮਾਨਿਆਂ ‘ਤੇ ਫਿੱਟ ਬੈਠਦੀ ਸੀ। ਫਿਰ ਚਾਹੇ ਉਹ ਕਲਾਕਾਰਾਂ ਦੀ ਅਦਾਕਾਰੀ, ਨਾਚ, ਕਾਮੇਡੀ, ਵੇਸ-ਭੂਸ਼ਾ, ਕਾਮੇਡੀ, ਭਾਸ਼ਾ ਸ਼ੈਲੀ, ਗੀਤਕਾਰੀ, ਗਾਇਨ, ਸੰਗੀਤਕਾਰੀ, ਨਿਰਦੇਸ਼ਨ ਅਤੇ ਦ੍ਰਿਸ਼ਾਂ ਦੀ ਬਿੰਬਕਾਰੀ ਹੋਵੇ, ਸਭ ਉੱਪਰ ਫਿਲਮ ਦੀ ਪੂਰੀ ਟੀਮ ਨੇ ਮਿਹਨਤ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਜਾਗੀਰਦਾਰੀ ਸਮਾਜ ਵਿੱਚ ਹੀ ਪੇਸ਼ ਹੋਣ ਵਾਲੀ ਇਸ ਫਿਲਮ ਵਿੱਚ ਕਿਸੇ ਨਿਰਮਾਤਾ, ਨਿਰਦੇਸ਼ਕ ਨੇ ਏਨੀ ਵੱਡੀ ਸਟਾਰ ਕਾਸਟ ਅਤੇ ਵੱਡੇ ਬਜਟ ਨਾਲ ਦਲਿਤ ਨਾਇਕ ਸਿਰਜਣ ਦੀ ਚੁਣੌਤੀ ਕਬੂਲੀ। ਉਸ ਤੋਂ ਬਾਅਦ ਕਿਸੇ ਪੰਜਾਬੀ ਨਿਰਦੇਸ਼ਕ ਨੇ ਅੱਜ ਤੱਕ ਅਜਿਹਾ ਨਹੀਂ ਕੀਤਾ। ਜੇਕਰ ਦੋ-ਚਾਰ ਫਿਲਮਾਂ ਵਿੱਚ ਅਜਿਹੇ ਯਤਨ ਹੋਏ ਵੀ ਹਨ ਤਾਂ ‘ਚੰਨ ਪ੍ਰਦੇਸੀ’ ਵਾਲੀ ਸ਼ੁਹਰਤ ਕਿਸੇ ਹੋਰ ਹਿੱਸੇ ਨਹੀਂ ਆਈ।

ਫਿਲਮ ਦੇ ਨਿਰਦੇਸ਼ਕ ਚਿਤਰਾਰਥ ਸਿੰਘ ਸਨ ਜਿਨ੍ਹਾਂ ਦੇ ਬਿਹਤਰੀਨ ਨਿਰਦੇਸ਼ਨ ਹੇਠ ਇਹ ਫਿਲਮ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਫਿਲਮ ਬਣੀ। ਸੰਗੀਤ ਸੁਰਿੰਦਰ ਕੋਹਲੀ ਅਤੇ ਬੈਕਗਰਾਉਂਡ ਸੰਗੀਤ ਉੱਤਮ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਦੀ ਪਟਕਥਾ ਤੇ ਸੰਵਾਦ ਰਵਿੰਦਰ ਪੀਪਟ ਵੱਲੋਂ ਅਤੇ ਫਿਲਮ ਵਿਚਲੇ ਗਿਆਰਾਂ ਗੀਤਾਂ ਨੂੰ ਵਰਿਆਮ ਮਸਤ, ਰਵਿੰਦਰ ਪੀਪਟ, ਪਵਨ ਕੁਮਾਰ ਅਤੇ ਹਰਜੀਤ ਗਿੱਲ ਦੁਆਰਾ ਲਿਖਿਆ ਗਿਆ ਸੀ। ਵਰਿਆਮ ਮਸਤ ਦੁਆਰਾ ਲਿਖਿਆ ਗੀਤ ‘ਰੋਜ਼ ਤੱਕਦੀ ਫਿਰਾਂ ਮੈਂ ਤੇਰਾ ਰਾਹ’ ਤਾਂ ਇਸ ਫਿਲਮ ਦਾ ਹਰਮਨਪਿਆਰਾ ਗੀਤ ਸੀ। ਇਸ ਦੇ ਸਾਰੇ ਹੀ ਗੀਤ ਆਪਣੀ ਸ਼ੈਲੀ, ਸਥਿਤੀ ਅਤੇ ਸੰਗੀਤਕਾਰੀ ਕਾਰਨ ਲੋਕ ਚੇਤਿਆਂ ਵਿੱਚ ਸਮਾਏ ਹੋਏ ਹਨ ਜਿਨ੍ਹਾਂ ਨੂੰ ਸੰਗੀਤ ਜਗਤ ਦੇ ਮਸ਼ਹੂਰ ਗਾਇਕਾਂ ਮੁਹੰਮਦ ਰਫ਼ੀ, ਆਸ਼ਾ ਭੌਸਲੇ, ਦਿਲਰਾਜ ਕੌਰ, ਅਨਵਰ, ਸਵਿਤਾ ਸੁਮਨ ਵੱਲੋਂ ਗਾਇਆ ਗਿਆ ਸੀ। ਅਦਾਕਾਰਾ ਰਮਾ ਵਿੱਜ ਅਤੇ ਅਦਾਕਾਰ ਕੁਲਭੂਸ਼ਨ ਖਰਬੰਦਾ, ਰਾਣਾ ਜੰਗ ਬਹਾਦਰ, ਓਮ ਪੁਰੀ ਅਤੇ ਅਮਰੀਸ਼ ਪੁਰੀ ਆਦਿ ਨੇ ਪਹਿਲੀ ਵਾਰ ਪੰਜਾਬੀ ਸਿਨਮਾ ਜਗਤ ਵਿੱਚ ਇਸ ਫਿਲਮ ਨਾਲ ਕਦਮ ਰੱਖਿਆ ਸੀ। ਕੈਮਰਾਮੈਨ ਅਤੇ ਨਿਰਦੇਸ਼ਕ ਦਾ ਮਾਣ ਹਾਸਲ ਕਰ ਰਹੇ ਮਨਮੋਹਨ ਸਿੰਘ ਨੇ ਵੀ ਐੱਫ.ਟੀ.ਆਈ.ਆਈ. ਪੂਨਾ ਤੋਂ ਆਪਣਾ ਫ਼ਿਲਮੀ ਕੋਰਸ ਖ਼ਤਮ ਕਰਕੇ ਇਸ ਫਿਲਮ ਰਾਹੀਂ ਸਿਨੇਮੈਟੋਗ੍ਰਾਫ਼ੀ ਦਾ ਕੰਮ ਸ਼ੁਰੂ ਕੀਤਾ ਸੀ।

ਹੁਣ ਇਸ ਫਿਲਮ ਦੇ ਮੁੜ ਰਿਲੀਜ਼ ਹੋਣ ਦਾ ਮਹੱਤਵ ਵੀ ਇਸੇ ਗੱਲ ਨਾਲ ਹੈ ਕਿ 1981 ਵਿੱਚ ਇਹ ਫਿਲਮ ਸੁਚੱਜੇ ਕਲਾਕਾਰਾਂ ਦਾ ਕਲਾ ਪ੍ਰਤੀ ਸਮਰਪਣ ਸੀ ਜਿਸ ਤੋਂ ਅੱਜ ਦੇ ਫਿਲਮ ਨਿਰਮਾਣ ਜਗਤ ਨਾਲ ਜੁੜੇ ਵਿਅਕਤੀਆਂ ਨੂੰ ਫਿਲਮ ਨਿਰਮਾਣ ਦੇ ਸੁਹਜ ਨੂੰ ਸਮਝਣ ਅਤੇ ਉਸ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਚਾਲੀ ਸਾਲ ਬਾਅਦ ਇਸ ਦਾ ਹਿੰਦੀ ਫਿਲਮ ‘ਸ਼ੋਅਲੇ’ ਵਾਂਗ ਮੁੜ ਰਿਲੀਜ਼ ਹੋਣਾ ਪੰਜਾਬੀ ਫਿਲਮ ਜਗਤ ਵਿੱਚ ਇੱਕ ਮੀਲ ਪੱਥਰ ਹੈ। ਫਿਲਮ ਦੇ ਸੰਗ੍ਰਹਿਆਲਿਆਂ ਵਿਚ ਸਾਂਭੇ ਹੋਏ ਚਾਲੀ ਸਾਲ ਪੁਰਾਣੇ ਪ੍ਰਿੰਟ ਨੂੰ ਮੁੜ ਨਵੇਂ ਨਿਰਮਾਤਾ ਚਾਨਣ ਸਿੰਘ ਸਿੱਧੂ ਵੱਲੋਂ ਲੰਦਨ ਲਿਜਾ ਕੇ ਸਿਨਮਾ ਸਕੋਪ ਕਰਵਾਇਆ ਗਿਆ ਹੈ। 147 ਮਿੰਟ ਦੀ ਇਸ ਫਿਲਮ ਵਿੱਚ ਹੁਣ ਅੰਗਰੇਜ਼ੀ ਵਿੱਚ ਸਬ ਟਾਈਟਲ ਵੀ ਸ਼ਾਮਲ ਕੀਤੇ ਗਏ ਹਨ ਜਿਸ ਨਾਲ ਇਸ ਫਿਲਮ ਦੀ ਪਹੁੰਚ ਹੁਣ ਆਲਮੀ ਪੱਧਰ ‘ਤੇ ਹੋਵੇਗੀ। ਇਸ ਫਿਲਮ ਦਾ ਮੁਕਾਬਲਾ ਅੱਜ ਦੇ ਸਿਨਮਾ ਨਾਲ ਹੋਵੇ ਜਾਂ ਇਸ ਦੇ ਸਮਕਾਲੀ ਸਮੇਂ ਨਾਲ, ਇਸ ਫਿਲਮ ਦੇ ਕਲਾਕਾਰਾਂ ਦਾ ਅਦਾਕਾਰੀ ਪੱਖੋਂ ਕੋਈ ਵੀ ਮੁਕਾਬਲਾ ਨਹੀਂ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ‘ਦੀਵਾ ਬਲੇ ਸਾਰੀ ਰਾਤ’ ਵਰਗੀਆਂ ਫਿਲਮਾਂ ਵਿੱਚ ਵੀ ਥੀਏਟਰ ਦੇ ਕਲਾਕਾਰਾਂ ਦਾ ਹੀ ਕੰਮ ਸੀ, ਪਰ ਇਹ ਸਫਲਤਾ ‘ਚੰਨ ਪ੍ਰਦੇਸੀ’ ਤੋਂ ਬਿਨਾਂ ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਇਸ ਨੂੰ ਮਿਲੇ ਪਿਆਰ ਤੇ ਪਸੰਦਗੀ ਦੀ ਬਦੌਲਤ ਇਹ ਫਿਲਮ ਅੰਮ੍ਰਿਤਸਰ ਦੇ ਸਿਨਮਾ ਘਰਾਂ ਵਿੱਚ ਸੌ-ਸੌ ਹਫ਼ਤੇ ਲੱਗੀ ਰਹੀ ਸੀ।
ਸੰਪਰਕ: 98788-89217



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -