12.4 C
Alba Iulia
Friday, April 19, 2024

ਗੱਡਾ ਆ ਗਿਆ ਸੰਦੂਕੋਂ ਖਾਲੀ…

Must Read


ਜੱਗਾ ਸਿੰਘ ਆਦਮਕੇ

ਪੁਰਾਤਨ ਸਮੇਂ ਤੋਂ ਮਨੁੱਖ ਆਵਾਜਾਈ ਅਤੇ ਢੋਆ-ਢੁਆਈ ਲਈ ਵੱਖ ਵੱਖ ਸਾਧਨਾਂ ਦੀ ਵਰਤੋਂ ਕਰਦਾ ਰਿਹਾ ਹੈ। ਸ਼ੁਰੂ ਵਿੱਚ ਜੰਗਲੀ ਜਾਨਵਰਾਂ ਨੂੰ ਪਾਲਤੂ ਬਣਾ ਕੇ ਉਨ੍ਹਾਂ ਨੂੰ ਢੋਆ-ਢੁਆਈ ਲਈ ਵਰਤਿਆ ਜਾਂਦਾ ਰਿਹਾ ਹੈ। ਸਮੇਂ ਨਾਲ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਹੋਰ ਵਸਤੂਆਂ ਦੀ ਕਾਢ ਦੇ ਨਾਲ ਨਾਲ ਆਵਾਜਾਈ ਅਤੇ ਢੋਆ-ਢੁਆਈ ਲਈ ਵੀ ਗੱਡੇ ਵਰਗੇ ਸਾਧਨਾਂ ਨੂੰ ਲੱਭਿਆ ਗਿਆ। ਇਸ ਤਰ੍ਹਾਂ ਗੱਡਾ ਮਨੁੱਖੀ ਸੱਭਿਅਤਾ ਵਿੱਚ ਕਾਫ਼ੀ ਪੁਰਾਤਨ ਆਵਾਜਾਈ ਦਾ ਸਾਧਨ ਹੈ। ਇਸ ਦਾ ਪ੍ਰਮਾਣ ਸਿੰਧ ਘਾਟੀ ਦੀ ਸੱਭਿਅਤਾ ਦੇ ਸਮੇਂ ਗੱਡੇ ਦੇ ਅਵਸ਼ੇਸ਼ ਅਤੇ ਚਿੱਤਰ ਮਿਲਣ ਤੋਂ ਲਗਾਇਆ ਜਾ ਸਕਦਾ ਹੈ। ਪੰਜਾਬ ਦਾ ਖਿੱਤਾ ਮੁੱੱਖ ਰੂਪ ਵਿੱਚ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਅਜਿਹਾ ਹੋਣ ਕਾਰਨ ਖੇਤੀਬਾੜੀ ਵਿੱਚ ਉਪਯੋਗ ਹੁੰਦੇ ਜਾਨਵਰਾਂ ਅਤੇ ਦੂਸਰੇ ਸਾਧਨਾਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਉਨ੍ਹਾਂ ਵਿੱਚੋਂ ਅਜਿਹਾ ਹੀ ਇੱਕ ਸਾਧਨ ਗੱਡਾ ਹੈ। ਗੱਡਾ ਆਵਾਜਾਈ ਦੇ ਸਾਧਨ ਦੇ ਨਾਲ ਨਾਲ ਖੇਤੀਬਾੜੀ ਆਦਿ ਲਈ ਢੋਆ-ਢੁਆਈ ਦਾ ਉਪਯੋਗੀ ਸਾਧਨ ਰਿਹਾ ਹੈ। ਇਸ ਕਾਰਨ ਇਹ ਪੰਜਾਬੀ ਸੱਭਿਆਚਾਰ ਵਿੱਚ ਵੀ ਖਾਸ ਸਥਾਨ ਰੱਖਦਾ ਹੈ।

ਮੇਲਿਆਂ, ਵਿਆਹਾਂ ਜਾਂ ਦੂਸਰੇ ਉਦੇਸ਼ਾਂ ਲਈ ਆਮ ਲੋਕਾਂ ਤੋਂ ਲੈ ਕੇ ਸਜੀਆ ਮੁਟਿਆਰਾਂ ਤੱਕ ਗੱਡੇ ਦੀ ਸਵਾਰੀ ਕਰਦੇ ਰਹੇ ਹਨ। ਅਜਿਹਾ ਹੋਣ ਕਾਰਨ ਹੀ ਟੱਪਿਆਂ ਬੋਲੀਆਂ ਵਿੱਚ ਗੱਡੇ ਦੀ ਸਵਾਰੀ ਦੇ ਸਮੇਂ ਲੱਗਦੇ ਹੁਲਾਰਿਆਂ ਦਾ ਵੇਰਵਾ ਕੁਝ ਇਸ ਤਰ੍ਹਾਂ ਮਿਲਦਾ ਹੈ:

ਤੇਰੇ ਝੁਮਕੇ ਲੈਣ ਹੁਲਾਰੇ

ਨੀਂ ਗੱਡੇ ਉੱਤੇ ਜਾਣ ਵਾਲੀਏ।

ਕੱਚੀਆਂ ਪਹੀਆਂ, ਉੱਭੜ ਖਾਭੜ ਰਸਤਿਆਂ ਉੱਪਰੋਂ ਗੁਜ਼ਰਦਿਆਂ ਗੱਡੇ ਦਾ ਹਚਖੋਲੇ ਖਾਣਾ ਵੀ ਆਮ ਜਿਹੀ ਗੱਲ ਸੀ। ਅਜਿਹੇ ਸਮੇਂ ਜੇਕਰ ਗੱਡਾ ਤੇਜ਼ ਹੁੰਦਾ, ਤਾਂ ਅਜਿਹਾ ਹੋਰ ਵੀ ਮਹਿਸੂਸ ਹੁੰਦਾ। ਗੱਡੇ ਦੀ ਤੇਜ਼ੀ ਕਾਰਨ ਲੱਗਦੇ ਡਰ ਅਤੇ ਅਜਿਹਾ ਹੋਣ ਕਾਰਨ ਆਉਂਦੀ ਸਮੱਸਿਆ ਕਾਰਨ ਗੱਡੇ ਨੂੰ ਹੌਲੀ ਤੋਰਨ ਦੀ ਸਲਾਹ ਵੀ ਕੁਝ ਇਸ ਤਰ੍ਹਾਂ ਦਿੱਤੀ ਜਾਂਦੀ :

ਗੱਡ ਗਡੀਰੇ ਵਾਲਿਆ, ਗੱਡਾ ਹੌਲੀ ਹੌਲੀ ਤੋਰ

ਮੇਰੇ ਦੁਖਣ ਕੰਨਾਂ ਦੀਆਂ ਵਾਲੀਆਂ

ਮੇਰੇ ਦਿਲ ਵਿੱਚ ਪੈਂਦੇ ਹੌਲ।

ਢੋਆ- ਢੁਆਈ ਦਾ ਸਾਧਨ ਹੋਣ ਦੇ ਕਾਰਨ ਵਿਆਹ ਸਮੇਂ ਦਾਜ ਲਿਆਉਣ ਲਿਜਾਣ ਲਈ ਵੀ ਗੱਡੇ ਨੂੰ ਉਪਯੋਗ ਕੀਤਾ ਜਾਂਦਾ ਸੀ, ਪਰ ਜੇਕਰ ਅਜਿਹੇ ਸਮੇਂ ਦਾਜ ਘੱਟ ਦਿੱਤਾ ਜਾਂਦਾ ਜਾਂ ਸੰਦੂਕ ਵਰਗੀ ਚੀਜ਼ ਨਾ ਦਿੱਤੀ ਜਾਂਦੀ, ਤਾਂ ਇਸ ਦਾ ਮਿਹਣਾ ਕੁਝ ਇਸ ਤਰ੍ਹਾਂ ਦਿੱਤਾ ਜਾਂਦਾ :

ਗੱਡਾ ਆ ਗਿਆ ਸੰਦੂਕੋਂ ਖਾਲੀ

ਬਹੁਤਿਆਂਂ ਭਰਾਵਾਂ ਵਾਲੀਏ।

ਆਧੁਨਿਕ ਸਾਧਨਾਂ ਦੀ ਅਣਹੋਂਦ ਸਮੇਂ ਬਰਾਤ ਜਾਣ ਲਈ ਊਠ, ਗੱਡੇ, ਘੋੜੇ ਉਪਯੋਗ ਕੀਤੇ ਜਾਂਦੇ ਸਨ। ਇਸ ਉਦੇਸ਼ ਲਈ ਊਠਾਂ ਤੇ ਗੱਡਿਆਂ ਨੂੰ ਖੂਬ ਸ਼ਿੰਗਾਰਿਆਂ ਜਾਂਦਾ ਸੀ। ਬਰਾਤ ਲਈ ਲੈ ਕੇ ਜਾਂਦੇ ਬਲਦਾਂ ਦੇ ਗਲਾਂ ਵਿੱਚ ਪਾਈਆਂ ਟੱਲੀਆਂ ਦੀ ਟੁਣਕਾਰ ਦਾ ਸੰਗੀਤ ਸੁਣਾਈ ਦਿੰਦਾ। ਅਜਿਹਾ ਨਾ ਹੋਣ ਕਾਰਨ ਵਿਆਹ ਹੋਣ ਤੋਂ ਖੂੰਝੇ ਲੋਕਾਂ ਦੀ ਇਸ ਸਮੇਂ ਦੀ ਦਿਲੀ ਖਵਾਹਿਸ਼ ਦਾ ਵਰਣਨ ਮਲਵਈ ਗਿੱਧੇ ਦੀਆਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਕੀਤਾ ਮਿਲਦਾ ਹੈ:

ਓ ਸਾਨੂੰ ਤਾਂ ਤੂੰ ਸਾਜ ਕੇ ਰੱਬਾ

ਆਪ ਹੋ ਗਿਆ ਅੰਨ੍ਹਾ।

ਓ ਸਾਡੀ ਵਾਰੀ ਕੀ ਕਾਲ ਪੈ ਗਿਆ

ਮੁੱਕ ਗਈਆਂ ਤੇਰੇ ਘਰ ਰੰਨਾਂ

‘ਕੱਲਾ ਮੈਨੂੰ ਮਿਲਜੇ ਜੇ ਰੱਬਾ

ਤੇਰੇ ਦੋਵੇਂ ਗੋਡੇ ਭੰਨਾਂ।

ਓ ਰੱਥ ਗੱਡਿਆਂ ਵਿੱਚ ਖੜਕਣ ਟੱਲੀਆਂ

ਚੜ੍ਹ ਚੜ੍ਹ ਜਾਵਣ ਜੰਨਾਂ

ਦੇ ਦੇ ਛੜਿਆਂ ਨੂੰ ਵੀ ਰੰਨਾਂ

ਦਾਜ ਦੇਣਾ ਕਾਫ਼ੀ ਸਮੇਂ ਤੋਂ ਪੰਜਾਬੀ ਸੱਭਿਆਚਾਰ ਦਾ ਮਹੱਤਤਵਪੂਰਨ ਹਿੱਸਾ ਰਿਹਾ ਹੈ। ਦਾਜ ਨੂੰ ਗੱਡੇ ‘ਤੇ ਲੱਦ ਕੇ ਭੇਜਿਆ ਜਾਂਦਾ ਰਿਹਾ ਹੈ। ਵਿਆਹ ਸਮੇਂ ਗਾਏ ਜਾਂਦੇ ਗੀਤਾਂ ਵਿੱਚ ਦਾਜ ਦਾ ਗੱਡਾ ਦੇਣ ਦੀ ਗੱਲ ਵੀ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ:

ਕਿਉਂ ਖੜ੍ਹਾ ਵੀਰਾ ਕਿਉਂ ਖੜ੍ਹਾ

ਵੇ ਕਿਉਂ ਖੜ੍ਹਾ ਤੂੰ ਦਲਗੀਰ

ਕੋਈ ਗੱਡਾ ਦੇਣਗੇ ਦਾਜ ਦਾ

ਤੇ ਤੇਰੇ ਮਗਰ ਲਾਉਣਗੇ

ਵੇ ਅੰਤੋਂ ਪਿਆਰਿਆ ਵੇ-ਹੀਰ

ਗੱਡੇ ਨੂੰ ਬਲਦ ਜੋੜ ਕੇ ਰਿਸ਼ਤੇਦਾਰੀਆਂ ਵਿੱਚ ਜਾਣਾ ਆਵਾਜਾਈ ਦਾ ਜ਼ਰੂਰੀ ਹਿੱਸਾ ਰਿਹਾ ਹੈ। ਅਜਿਹਾ ਹੋਣ ਕਾਰਨ ਗੱਡੇ ਰਾਹੀਂ ਕੁਝ ਇਸ ਤਰ੍ਹਾਂ ਵੀ ਬਿਆਨ ਕੀਤਾ ਮਿਲਦਾ ਹੈ :

ਗੱਡਾ ਜੋੜ ਕੇ ਆ ਗਿਆ ਸਹੁਰੇ

ਆਣ ਖੜ੍ਹਾ ਦਰਵਾਜ਼ੇ

ਬਲਦਾਂ ਤੇਰਿਆਂ ਨੂੰ ਭੌਂ ਦਾ ਟੋਕਰਾ

ਤੈਨੂੰ ਦੋ ਪਰਸ਼ਾਦੇ

ਨੀਵੀਂ ਪਾ ਬਹਿੰਦਾ

ਪਾ ਲਏ ਭੌਰ ‘ਤੇ ਦਾਬੇ

ਗੱਡਾ ਅਸਲ ਵਿੱਚ ਨਾਭ, ਬੂਜਲੀ, ਗਜ਼, ਸ਼ਗਨੀ, ਪਿੰਜਣੀ ਆਦਿ ਵਰਗੇ ਭਾਗਾਂ ਨੂੰ ਜੋੜ ਕੇ ਤਿਆਰ ਹੁੰਦਾ। ਪਰ ਕਿਸੇ ਚਾਅ, ਹੁਲਾਸ ਵਿੱਚ ਕਈ ਵਾਰ ਗੱਡੇ ਦੇ ਇਨ੍ਹਾਂ ਹਿੱਸਿਆਂ ਨਾਲ ਕੁਝ ਅਜਿਹਾ ਵੀ ਵਾਪਰ ਜਾਂਦਾ:

ਚਾਅ ਮੁਕਲਾਵੇ ਦਾ

ਗੱਡੇ ਚੜ੍ਹਦੀ ਨੇ ਪਿੰਜਣੀ ਤੋੜੀ

ਅਜੋਕੇ ਸਾਧਨਾਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਿਸੇ ਕੋਲ ਚੰਗਾ ਗੱਡਾ ਅਤੇ ਬਲਦ ਹੋਣਾ ਵੀ ਮਾਣ ਤੇ ਉਸ ਦੇ ਸਾਧਨ ਸਪੰਨ ਹੋਣ ਦਾ ਪ੍ਰਤੀਕ ਸੀ। ਵਿਆਹ ਦੇ ਗੀਤਾਂ ਰਾਹੀਂ ਭੈਣਾਂ ਵੱਲੋਂ ਆਪਣੇ ਵੀਰ ਦੇ ਇਸ ਪੱਖ ਦੀ ਪ੍ਰਸ਼ੰਸਾ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ :

ਗੱਡਾ ਵੇ ਵੀਰਾ ਤੇਰਾ ਰੁਣਝੁਣਿਆ

ਵੇ ਕੋਈ ਬਲਦ ਕਲਹਿਰੀ ਮੋਰ

ਛਾਟਾ ਵੀ ਤੇਰਾ ਰੇਸ਼ਮੀ

ਦਿੱਤੀ ਛੱਡ ਬਲਦਾਂ ਦੀ

ਵੇ ਸੁਣ ਗਡਵਾਣੀਆ ਵੇ-ਡੋਰ

ਗੱਡਾ ਆਪਣੇ ਖਾਸ ਮਹੱਤਵ ਕਾਰਨ ਕਿਸਾਨਾਂ ਲਈ ਬੇਹੱਦ ਮਹੱਤਵਪੂਰਨ ਵਸਤੂ ਰਿਹਾ ਹੈ। ਆਪਣੇ ਬਾਬਲ ਦੁਆਰਾ ਕੀਤੇ ਦਾਨ ਦੀ ਪ੍ਰਸੰਸਾ ਕਰਦੇ ਸਮੇਂ ਗੱਡਾ ਦਾਨ ਕਰਨ ਦੀ ਗੱਲ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ:

ਸਣੇ ਗੱਡਾ ਪੁੰਨ ਕੀਤਾ

ਵੀਰ ਮੇਰੇ ਧਰਮੀਂ ਨੇ।

ਵਿਆਹ ਦੇ ਮੇਲ ਦਾ ਵਿਆਹ ਵਾਲੇ ਸਥਾਨ ‘ਤੇ ਗੱਡਿਆਂ ਉੱਤੇ ਜਾਣਾ ਉਸ ਸਮੇਂ ਦੀ ਜ਼ਰੂਰਤ ਅਤੇ ਆਮ ਜਿਹੀ ਗੱਲ ਸੀ। ਅਜਿਹਾ ਹੋਣ ਕਾਰਨ ਵਿਆਹ ਦੀਆਂ ਬੋਲੀਆਂ, ਗੀਤਾਂ ਵਿੱਚ ਨਾਨਕਿਆਂ ਦਾਦਕੀਆਂ ਦੀ ਨੋਕ ਝੋਕ ਸਮੇਂ ਦਾਦਕੀਆਂ ਵੱਲੋਂ ਮਾਮੀਆਂ ਨੂੰ ਕੁਝ ਇਸ ਤਰ੍ਹਾਂ ਕਹਿ ਕੇ ਸੁਣਾਇਆ ਜਾਂਦਾ :

ਜੇ ਮਾਮੀਏ ਤੈਨੂੰ ਨੱਚਣਾ ਨ੍ਹੀਂ ਆਉਂਦਾ

ਜੇ ਮਾਮੀਏ ਤੈਨੂੰ ਨੱਚਣਾ ਨ੍ਹੀਂ ਆਉਂਦਾ

ਵਿਆਹ ਕਾਸ ਤੋਂ ਆਈ

ਨੀਂ ਗੱਡਾ ਜਵਾਕਾਂ ਦਾ

ਨੀਂ ਲੱਡੂ ਖਾਣ ਨੂੰ ਲਿਆਈ

ਨੀਂ ਗੱਡਾ ਜਵਾਕਾਂ ਦਾ।

ਇਸ ਤਰ੍ਹਾਂ ਗੱਡਾ ਆਵਾਜਾਈ ਦਾ ਸਾਧਨ ਹੋਣ ਦੇ ਨਾਲ ਨਾਲ ਪੰਜਾਬੀ ਜਨ ਜੀਵਨ ਵਿੱਚ ਆਪਣੀ ਪਛਾਣ ਅਤੇ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਰੱਖਦਾ ਰਿਹਾ ਹੈ। ਭਾਵੇਂ ਗੱਡਾ ਮੌਜੂਦਾ ਸਮੇਂ ਆਵਾਜਾਈ ਤੇ ਢੋਆ-ਢੁਆਈ ਦੇ ਆਧੁਨਿਕ ਸਾਧਨਾਂ ਦੀ ਬਹੁਤਾਤ ਹੋਣ ਕਾਰਨ ਬੀਤੇ ਸਮੇਂ ਦੀ ਚੀਜ਼ ਬਣ ਗਿਆ ਹੈ, ਪਰ ਅੱਜ ਵੀ ਬਹੁਤ ਸਾਰੇ ਲੋਕਾਂ ਵੱਲੋਂ ਗੱਡੇ ਨੂੰ ਸੱਭਿਆਚਾਰ ਦੀ ਅਹਿਮ ਤੇ ਮਹੱਤਵਪੂਰਨ ਵਸਤੂ ਵਜੋਂ ਸਾਂਭਿਆ ਹੋਇਆ ਹੈ। ਅਜਾਇਬ ਘਰਾਂ ਆਦਿ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਦੂਸਰੀਆਂ ਵਸਤੂਆਂ ਵਿੱਚ ਗੱਡਾ ਵੀ ਸ਼ੁਮਾਰ ਹੁੰਦਾ ਹੈ।

ਸੰਪਰਕ: 81469-24800



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -