ਮੁਜ਼ੱਫਰਨਗਰ (ਯੂਪੀ), 31 ਮਈ
ਭਾਰਤੀ ਕਿਸਨ ਯੂਨੀਅਨ ਦੇ ਨੇਤਾ ਨਰੇਸ਼ ਟਿਕੈਤ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਡਬਲਿਊਐੱਫਆਈ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਵੱਲੋਂ ਚੱਲ ਰਹੇ ਵਿਰੋਧ ‘ਤੇ ਚਰਚਾ ਕਰਨ ਲਈ ਵੀਰਵਾਰ ਨੂੰ ਮੁਜ਼ੱਫਰਨਗਰ ਦੇ ਸੋਰਮ ਪਿੰਡ ਵਿੱਚ ‘ਮਹਾਪੰਚਾਇਤ’ ਕੀਤੀ ਜਾਵੇਗੀ। ਬਲਯਾਨ ਖਾਪ ਦੇ ਮੁਖੀ ਟਿਕੈਤ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਇਸ ਮਾਮਲੇ ‘ਤੇ ਮਹਾਪੰਚਾਇਤ ‘ਚ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਬੀਤੇ ਦਿਨ ਭਾਰਤ ਦੇ ਨਾਮੀ ਪਹਿਲਵਾਨ ਸੈਂਕੜੇ ਸਮਰਥਕਾਂ ਨਾਲ ਆਪਣੇ ਵਿਸ਼ਵ ਅਤੇ ਓਲੰਪਿਕ ਤਗਮੇ ਗੰਗਾ ‘ਚ ਵਹਾਉਣ ਲਈ ਹਰਿਦੁਆਰ ਪੁੱਜੇ ਸਨ ਪਰ ਖਾਪ ਅਤੇ ਕਿਸਾਨ ਨੇਤਾਵਾਂ ਦੁਆਰਾ ਯਕੀਨ ਦਿਵਾਉਣ ਤੋਂ ਬਾਅਦ ਉਨ੍ਹਾਂ ਫ਼ੈਸਲਾ ਟਾਲ ਦਿੱਤਾ। ਸ੍ਰੀ ਟਿਕੈਤ ਨੇ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ ਤੋਂ ਵੱਖ-ਵੱਖ ਖਾਪਾਂ ਦੇ ਕਈ ਨੁਮਾਇੰਦੇ ਅਤੇ ਉਨ੍ਹਾਂ ਦੇ ਮੁਖੀ ਪਹਿਲਵਾਨਾਂ ਦੇ ਵਿਰੋਧ ਵਿੱਚ ਅਗਲੀ ਕਾਰਵਾਈ ਦਾ ਫੈਸਲਾ ਕਰਨ ਲਈ ਮਹਾਪੰਚਾਇਤ ਵਿੱਚ ਹਿੱਸਾ ਲੈਣਗੇ।