ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਪਰੈਲ
ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਉਸ ਦਾ ਤੀਜਾ ਗੀਤ ‘ਮੇਰਾ ਨਾਮ’ 7 ਅਪਰੈਲ ਨੂੰ ਰਿਲੀਜ਼ ਹੋਰਿਹਾ ਹੈ। ਇਸ ਗੀਤ ਵਿੱਚ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ ਅਤੇ ਬਰਨਾ ਪਿਛਲੇ ਦਿਨੀਂ ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਸੀ।
ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ ‘ਐੱਸਵਾਈਐੱਲ’ ਗੀਤ ਆਇਆ ਸੀ, ਜਿਸ ਨੂੰ ਕਾਫ਼ੀ ਪਸੰਦ ਕੀਤਾ ਸੀ ਪਰ ਸਰਕਾਰ ਨੇ ਇਸ ਗੀਤ ਨੂੰ ਯੂਟਿਊਬ ‘ਤੇ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 8 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੂਰਵ ਉਤੇ ਸਿੱਧੂ ਮੂਸੇਵਾਲਾ ਦਾ ਦੂਸਰਾ ਗੀਤ ‘ਵਾਰ’ ਵੀ ਲਾਂਚ ਹੋਇਆ। ਮਰਹੂਮ ਪੰਜਾਬੀ ਗਾਇਕ ਨੇ ਇਹ ਗੀਤ ਪੰਜਾਬ ਦੇ ਮਹਾਨ ਯੋਧੇ ਹਰੀ ਸਿੰਘ ਨਲੂਆ ਉਤੇ ਗਾਇਆ ਗਿਆ ਸੀ।
ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 7 ਤੋਂ 8 ਸਾਲ ਤੱਕ ਮਰਹੂਮ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਉਸ ਦੇ ਗੀਤਾਂ ਨੂੰ ਲੈ ਕੇ ਆਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਗੀਤਾਂ ਜ਼ਰੀਏ ਹਮੇਸ਼ਾ ਜ਼ਿੰਦਾ ਰਹੇਗਾ ਅਤੇ ਪੰਜਾਬੀ ਗਾਇਕ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ 29 ਮਈ, 2022 ਦੀ ਸ਼ਾਮ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।