ਔਗਾਡੌਗੂ (ਬੁਰਕੀਨਾ ਫਾਸੋ), 14 ਮਈ
ਬੁਰਕੀਨਾ ਫਾਸੋ ਦੇ ਪੱਛਮ ਵਿੱਚ ਸ਼ੱਕੀ ਇਸਲਾਮਕ ਕੱਟੜਪੰਥੀਆਂ ਵੱਲੋਂ ਇੱਕ ਪਿੰਡ ‘ਤੇ ਕੀਤੇ ਹਮਲੇ ਵਿੱਚ 33 ਨਾਗਰਿਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸੂਬਾ ਗਵਰਨਰ ਦਫ਼ਤਰ ਵੱਲੋਂ ਦਿੱਤੀ ਗਈ। ਮੌਹੋਨ ਸੂਬੇ ਦੇ ਯੂਲੋ ਪਿੰਡ ਵਿੱਚ ਵੀਰਵਾਰ ਨੂੰ ਹੋਏ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਦੀ ਜਾਣਕਾਰੀ ਇੱਕ ਪ੍ਰੈੱਸ ਰਿਲੀਜ਼ ਰਾਹੀਂ ਦਿੱਤੀ ਗਈ। ਸੂਬਾ ਗਵਰਨਰ ਬਾਬੋ ਪੀਅਰੇ ਬਾਸਿੰਗਾ ਨੇ ਹਮਲੇ ਨੂੰ ‘ਬੁਜ਼ਦਿਲੀ ਵਾਲੀ ਅਤੇ ਜ਼ਾਲਮਾਨਾ’ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਲਾ ਸ਼ਾਮ ਲਗਪਗ 5 ਵਜੇ ਹੋਇਆ ਜਦੋਂ ਲੋਕ ਮੌਹੋਨ ਨਦੀ ਨਾਲ ਲੱਗਦੇ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਗਵਰਨਰ ਨੇ ਕਿਹਾ ਕਿ ਕੱਟੜਪੰਥੀਆਂ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਕਾਰਵਾਈ ਕੀਤੀ ਜਾ ਰਹੀ ਹੈ। ਬਾਸਿੰਗਾ ਨੇ ਲੋਕਾਂ ਨੂੰ ਸੁਰੱਖਿਆ ਬਲਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। -ਏਪੀ