ਲਾਹੌਰ, 17 ਮਈ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਅੰਤਰਿਮ ਸਰਕਾਰ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੂੰ ਉਨ੍ਹਾਂ ਦੀ ਲਾਹੌਰ ਸਥਿਤ ਜ਼ਮਾਨ ਪਾਰਕ ਰਿਹਾਇਸ਼ ਵਿੱਚ ‘ਸ਼ਰਣ ਲਈ ਬੈਠੇ 30 ਤੋਂ 40 ਦਹਿਸ਼ਤਗਰਦਾਂ’ ਨੂੰ ਪੁਲੀਸ ਹਵਾਲੇ ਕਰਨ ਲਈ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਇਨ੍ਹਾਂ ਦਹਿਸ਼ਤਗਰਦਾਂ, ਜੋ ਫੌਜ ਦੇ ਹੈੱਡਕੁਆਰਟਰ ‘ਤੇ ਹਮਲੇ ਤੇ ਕੋਰ ਕਮਾਂਡਰ ਦੇ ਘਰ ਨੂੰ ਅੱਗ ਲਾਉਣ ਦੀ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਸਨ, ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਸ ਦੌਰਾਨ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਹਮਲਾਵਰਾਂ ਖ਼ਿਲਾਫ਼ ਫ਼ੌਜੀ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।
ਕਾਰਜਕਾਰੀ ਸੂਚਨਾ ਮੰਤਰੀ ਆਮਿਰ ਮੀਰ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਪੀਟੀਆਈ ਇਨ੍ਹਾਂ ਦਹਿਸ਼ਤਗਰਦਾਂ ਨੂੰ ਸਾਡੇ ਹਵਾਲੇ ਕਰ ਦੇਵੇ ਜਾਂ ਫਿਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।” ਮੀਰ ਨੇ 9 ਮਈ ਦੇ ਹਿੰਸਕ ਪ੍ਰਦਰਸ਼ਨਾਂ ਵਿੱਚ ਸ਼ਾਮਲ ਲੋਕਾਂ ਦਾ ‘ਦਹਿਸ਼ਤਗਰਦ’ ਵਜੋਂ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਕੋਲ ਖ਼ਾਨ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ‘ਤੇ ਇਨ੍ਹਾਂ ਦੀ ਮੌਜੂਦਗੀ ਬਾਰੇ ਪੁਖਤਾ ਖੁਫ਼ੀਆ ਰਿਪੋਰਟਾਂ ਹਨ। ਜੀਓ ਨਿਊਜ਼ ਨੇ ਮੀਰ ਦੇ ਹਵਾਲੇ ਨਾਲ ਕਿਹਾ, ”ਜਿਹੜੀਆਂ ਖੁਫ਼ੀਆ ਰਿਪੋਰਟਾਂ ਆਈਆਂ ਹਨ ਉਹ ਹੈਰਾਨੀਜਨਕ ਹਨ।” ਉਨ੍ਹਾਂ ਕਿਹਾ ਕਿ ਏਜੰਸੀਆਂ ਨੇ ਜੀਓ-ਫੈਂਸਿੰਗ ਜ਼ਰੀਏ ਜ਼ਮਾਨ ਪਾਰਕ ਵਿੱਚ ‘ਦਹਿਸ਼ਤਗਰਦਾਂ’ ਦੀ ਮੌਜੂਦਗੀ ਸਬੰਧੀ ਪੁਸ਼ਟੀ ਕੀਤੀ ਹੈ। ਜੀਓ-ਫੈਂਸਿੰਗ ਇਕ ਤਕਨੀਕ ਹੈ, ਜਿਸ ਵਿੱਚ ਉਪਗ੍ਰਹਿ ਸਿਗਨਲਾਂ ਦੀ ਵਰਤੋਂ ਨਾਲ ਕਿਸੇ ਵਿਅਕਤੀ, ਵਾਹਨ ਆਦਿ ਦੀ ਆਮਦੋਰਫ਼ਤ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ। ਮੁਲਕ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹਾਲੀਆ ਗ੍ਰਿਫਤਾਰੀ ਮਗਰੋਂ ਦੇਸ਼ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੀ ਗੱਲ ਕਰਦਿਆਂ ਮੀਰ ਨੇ ਦਾਅਵਾ ਕੀਤਾ, ”ਪੀਟੀਆਈ ਲੀਡਰਸ਼ਿਪ ਨੇ ਖ਼ਾਨ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਹਮਲੇ ਦੀ ਯੋਜਨਾ ਘੜ ਲਈ ਸੀ।” ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੀ ਜਦੋਂ ਪ੍ਰਦਰਸ਼ਨਕਾਰੀ ਰਾਵਲਪਿੰਡੀ ਸਥਿਤ ਫੌਜੀ ਹੈੱਡਕੁਆਰਟਰ ਵਿੱਚ ਦਾਖਲ ਹੋਏ ਤੇ ਹਿੰਸਾ ‘ਤੇ ਉਤਾਰੂ ਹਜੂਮ ਨੇ ਲਾਹੌਰ ਵਿਚ ਕੋਰ ਕਮਾਂਡਰ ਦੇ ਘਰ ਨੂੰ ਅੱਗ ਲਾ ਦਿੱਤੀ। ਮੀਰ ਨੇ ਦਾਅਵਾ ਕੀਤਾ ਕਿ ਪੀਟੀਆਈ ਮੁਖੀ ਇਕ ਯੋਜਨਾ ਤਹਿਤ ਪਿਛਲੇ ਇਕ ਸਾਲ ਤੋੋਂ ਫੌਜ ਨੂੰ ਨਿਸ਼ਾਨਾ ਬਣਾ ਰਿਹਾ ਸੀ। ਮੰਤਰੀ ਨੇ ਕਿਹਾ ਕਿ ਸਰਕਾਰ ਹਿੰਸਾ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਾ ਕਰਨ ਦੀ ਨੀਤੀ ‘ਤੇ ਚੱਲਦੀ ਹੈ ਤੇ ਨਿਗਰਾਨ ਮੁੱਖ ਮੰਤਰੀ ਮੋਹਸਿਨ ਨਕਵੀ ਨੇ ‘ਅੱਗਜ਼ਨੀ’ ਵਿੱਚ ਸ਼ਾਮਲ ਲੋਕਾਂ ਨਾਲ ਨਜਿੱਠਣ ਲਈ ਪੰਜਾਬ ਪੁਲੀਸ ਨੂੰ ਪੂਰੀ ਖੁੱਲ੍ਹ ਦਿੱਤੀ ਹੈ। ਮੀਰ ਨੇ ਕਿਹਾ, ”ਕੋਰ ਕਮਾਂਡਰ ਦੇ ਘਰ ‘ਤੇ ਹੋਏ ਹਮਲੇ ਮੌਕੇ ਅੱਗਜ਼ਨੀ ਕਰਨ ਵਾਲੇ ਕਈ ਲੋਕ ਜ਼ਮਾਨ ਪਾਰਕ ‘ਚ ਬੈਠੇ ਵਿਅਕਤੀਆਂ ਦੇ ਸੰਪਰਕ ‘ਚ ਸਨ।” -ਪੀਟੀਆਈ
ਹਾਈ ਕੋਰਟ ਨੇ ਇਮਰਾਨ ਦੀ ਗ੍ਰਿਫ਼ਤਾਰੀ ‘ਤੇ ਲੱਗੀ ਰੋਕ 31 ਤੱਕ ਵਧਾਈ
ਇਸਲਾਮਾਬਾਦ: ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਉਨ੍ਹਾਂ ਖਿਲਾਫ਼ 9 ਮਈ ਤੋਂ ਬਾਅਦ ਦਰਜ ਕੇਸਾਂ ਵਿੱਚ ਗ੍ਰਿਫ਼ਤਾਰੀ ਤੋਂ ਦਿੱਤੀ ਛੋਟ 31 ਮਈ ਤੱਕ ਵਧਾ ਦਿੱਤੀ ਹੈ। ਹਾਈ ਕੋਰਟ ਵੱਲੋਂ ਫੈਸਲਾ ਸੁਣਾਏ ਜਾਣ ਮੌਕੇ ਖ਼ਾਨ ਅਦਾਲਤ ਵਿੱਚ ਮੌਜੂਦ ਨਹੀਂ ਸੀ। ਇਸਲਾਮਾਬਾਦ ਹਾਈ ਕੋਰਟ ਨੇ ਲੰਘੇ ਸ਼ੁੱਕਰਵਾਰ ਖ਼ਾਨ ਨੂੰ ਵੱਡੀ ਰਾਹਤ ਦਿੰਦਿਆਂ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਕੇਸ ਵਿੱਚ ਦੋ ਹਫ਼ਤਿਆਂ ਦੀ ਪੇਸ਼ਗੀ ਜ਼ਮਾਨਤ ਦਿੰਦਿਆਂ ਅਥਾਰਿਟੀਜ਼ ਨੂੰ ਕਿਹਾ ਸੀ ਕਿ ਖ਼ਾਨ ਖਿਲਾਫ਼ ਮੁਲਕ ਦੇ ਕਿਸੇ ਵੀ ਹਿੱਸੇ ‘ਚ ਦਰਜ ਕੇਸ ਲਈ ਉਸ ਨੂੰ 15 ਮਈ ਤੱਕ ਨਾ ਗ੍ਰਿਫਤਾਰ ਕੀਤਾ ਜਾਵੇ। -ਪੀਟੀਆਈ
ਹਿੰਸਾ ਤੇ ਫੌਜੀ ਟਿਕਾਣਿਆਂ ‘ਤੇ ਹਮਲੇ ਦੀ ਨਿਰਪੱਖ ਜਾਂਚ ਹੋਵੇ: ਇਮਰਾਨ
ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਿਛਲੇ ਹਫ਼ਤੇ ਆਪਣੀ ਗ੍ਰਿਫ਼ਤਾਰੀ ਮਗਰੋਂ ਫੌਜੀ ਟਿਕਾਣਿਆਂ ‘ਤੇ ਹੋਏ ਹਮਲੇ ਤੇ ਹਿੰਸਾ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਤੇ ਫੌਜੀ ਟਿਕਾਣਿਆਂ ‘ਤੇ ਹੋਏ ਹਮਲਿਆਂ ਨਾਲ ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਦਾ ਕੋਈ ਲਾਗਾ ਦੇਗਾ ਨਹੀਂ ਹੈ। ਖਾਨ ਨੇ ਜ਼ਮਾਨ ਪਾਰਕ ਵਿਚਲੀ ਰਿਹਾਇਸ਼ ਤੋਂ ਵੀਡੀਓ ਲਿੰਕ ਜ਼ਰੀਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਹ ਮੰਗ ਕੀਤੀ। ਉਂਜ ਸੰਬੋਧਨ ਤੋਂ ਪਹਿਲਾਂ ਕੀਤੇ ਟਵੀਟ ਵਿੱਚ ਖ਼ਾਨ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੀ ਰਿਹਾਇਸ਼ ਨੂੰ ਘੇਰਾ ਪਾਇਆ ਹੋਇਆ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। -ਪੀਟੀਆਈ