ਬੰਗਲੂਰੂ, 17 ਮਈ
ਕੰਨੜ ਅਦਾਕਾਰਾ ਚੇਤਨਾ ਰਾਜ (21 ਸਾਲਾ) ਦੀ ਬੰਗਲੂਰੂ ਵਿੱਚ ਭਾਰ ਘਟਾਉਣ ਲਈ ਕੀਤੀ ਸਰਜਰੀ ਦੌਰਾਨ ਮੌਤ ਹੋ ਗਈ। ਪੁਲੀਸ ਦਾ ਕਹਿਣਾ ਹੈ ਕਿ ਇਸ ਸਰਜਰੀ ਬਾਰੇ ਉਸ ਦੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਬੰਗਲੁਰੂ ਦੇ ਅਬੀਗੇਰੇ ਖੇਤਰ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਮੌਤ ਸਰਜਰੀ ਦੌਰਾਨ ਹੋਈ ਹੈ। ਚੇਤਨਾ ਦੇ ਮਾਪੇ ਸਰਜਰੀ ਦੌਰਾਨ ਡਾਕਟਰਾਂ ‘ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਆਖਿਆ ਕਿ ਸਰਜਰੀ ਦੌਰਾਨ ਲੋੜੀਂਦੀ ਸਮੱਗਰੀ ਦੀ ਵੀ ਘਾਟ ਸੀ। ਹਸਪਤਾਲ ਅਥਾਰਿਟੀ ਦਾ ਕਹਿਣਾ ਹੈ ਕਿ ਚੇਤਨਾ ਦੀ ਮੌਤ ਸਰਜਰੀ ਦੌਰਾਨ ਫੇਫੜਿਆਂ ਵਿੱਚ ਪਾਣੀ ਭਰਨ ਕਾਰਨ ਹੋਈ ਹੈ। ਚੇਤਨਾ ਰਾਜ ਨੇ ਪ੍ਰਸਿੱਧ ਲੜੀਵਾਰ ‘ਗੀਤਾ’, ‘ਡੋਰੇਸਾਨੀ’, ‘ਓਲਾਵੀਨਾ ਨੀਲਦਾਨਾ’ ਵਿੱਚ ਕੰਮ ਕੀਤਾ ਸੀ। ਉਸ ਨੇ ਕੰਨੜ ਫਿਲਮ ‘ਹਵਾਯਾਮੀ’ ਵਿੱਚ ਵੀ ਕੰਮ ਕੀਤਾ ਸੀ।
ਚੇਤਨਾ ਰਾਜ ਦੇ ਪਿਤਾ ਗੋਵਿੰਦਾ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਸੋਮਵਾਰ ਨੂੰ ਸਵੇਰੇ ਸਾਢੇ ਅੱਠ ਵਜੇ ਦਾਖ਼ਲ ਕਰਵਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਉਦੋਂ ਸਰਜਰੀ ਸ਼ੁਰੂ ਹੋ ਚੁੱਕੀ ਸੀ। ਸ਼ਾਮ ਤਕ ਉਸ ਦੇ ਫੇਫੜਿਆਂ ਵਿੱਚ ਪਾਣੀ ਅਤੇ ਚਰਬੀ ਭਰਨ ਕਾਰਨ ਉਸ ਨੂੰ ਸਾਹ ਲੈਣ ਵਿੱਚ ਦਿਕਤ ਆ ਰਹੀ ਸੀ। ਉਨ੍ਹਾਂ ਕਿਹਾ ਕਿ ਆਈਸੀਯੂ ਵਿੱਚ ਸਹੂਲਤਾਂ ਦੀ ਘਾਟ ਸੀ। ਉਸ ਦੇ ਪਿਤਾ ਨੇ ਕਿਹਾ ਕਿ ਚੇਤਨਾ ਨੇ ਪਰਿਵਾਰ ਕੋਲੋਂ ਸਰਜਰੀ ਦੀ ਇਜਾਜ਼ਤ ਮੰਗੀ ਸੀ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਸੀ ਅਤੇ ਹਸਪਤਾਲ ਨੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਸਰਜਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਹਸਪਤਾਲ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ। -ਆਈਏਐੱਨਐੱਸ