ਸਟਾਕਹੋਮ, 1 ਜੁਲਾਈ
ਓਲੰਪਿਕ ਚੈਂਪੀਅਨ ਨੀਰਜ ਚੋਪੜਾ ਇਸ ਸਾਲ ਜੈਵਲਿਨ ਥਰੋਅ ਵਿੱਚ 90 ਮੀਟਰ ਦਾ ਰਿਕਾਰਡ ਤੋੜਨ ਪ੍ਰਤੀ ਆਸਵੰਦ ਹੈ ਪਰ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਾਣ ਬਾਰੇ ਨਹੀਂ ਸੋਚ ਰਿਹਾ। ਉਸ ਨੂੰ ਲੱਗਦਾ ਹੈ ਕਿ ਇਸ ਬਾਰੇ ਸੋਚਣ ਨਾਲ ਉਸ ‘ਤੇ ਵਾਧੂ ਬੋਝ ਪਵੇਗਾ। 24 ਸਾਲਾ ਨੀਰਜ 90 ਮੀਟਰ ਤੱਕ ਪਹੁੰਚਣ ਤੋਂ ਕਾਫੀ ਨੇੜੇ ਹੈ। ਇਸ ਸੀਜ਼ਨ ਵਿੱਚ ਆਪਣੇ ਤਿੰਨ ਮੁਕਾਬਲਿਆਂ ਵਿੱਚ ਉਸ ਨੇ ਦੋ ਵਾਰ ਆਪਣੇ ਨਿੱਜੀ ਸਰਬੋਤਮ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ। ਪਿਛਲੇ ਮਹੀਨੇ ਉਸ ਨੇ ਪਾਵੋ ਨਰਮੀ ਖੇਡਾਂ ਵਿੱਚ 89.30 ਮੀਟਰ ਜੈਵਲਿਨ ਸੁੱਟਿਆ ਸੀ ਅਤੇ ਬੀਤੇ ਦਿਨ ਡਾਇਮੰਡ ਲੀਗ ਮੀਟ ਵਿੱਚ ਉਸ ਨੇ 89.94 ਮੀਟਰ ਦਾ ਰਿਕਾਰਡ ਬਣਾਇਆ, ਜੋ 90 ਮੀਟਰ ਤੋਂ ਸਿਰਫ ਛੇ ਸੈਂਟੀਮੀਟਰ ਘੱਟ ਹੈ। ਡਾਇਮੰਡ ਲੀਗ ਵਿੱਚ ਪਹਿਲਾ ਸਥਾਨ ਹਾਸਲ ਕਰਨ ਮਗਰੋਂ ਚੋਪੜਾ ਨੇ ਕਿਹਾ, ”ਹੁਣ ਮੈਂ 90 ਮੀਟਰ ਦੇ ਨੇੜੇ ਹਾਂ ਅਤੇ ਮੈਂ ਇਸ ਸਾਲ ਇਹ ਟੀਚਾ ਪੂਰਾ ਕਰ ਸਕਦਾ ਹਾਂ। ਅੱਜ ਹਾਰਨ ਦੇ ਬਾਵਜੂਦ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ।” -ਪੀਟੀਆਈ