12.4 C
Alba Iulia
Friday, May 17, 2024

ਫੁੱਟਬਾਲ ਨੂੰ ਜਿਉਣ ਵਾਲਾ ਮਹਾਨ ਖਿਡਾਰੀ ਪੇਲੇ

Must Read


ਪ੍ਰਿੰ. ਸਰਵਣ ਸਿੰਘ

ਜਦੋਂ ਵੀ ਫੁੱਟਬਾਲ ਦਾ ਵਿਸ਼ਵ ਕੱਪ ਹੁੰਦੈ ਮੈਨੂੰ ਬ੍ਰਾਜ਼ੀਲ ਦਾ ਪੇਲੇ ਯਾਦ ਆ ਜਾਂਦੈ। 1999 ਵਿੱਚ ਫੀਫਾ ਨੇ ਉਸ ਨੂੰ ਸ਼ਤਾਬਦੀ ਦਾ ਸਰਬੋਤਮ ਖਿਡਾਰੀ ਐਲਾਨਿਆ। ਉਸ ਨੇ ਪਹਿਲੇ ਦਰਜੇ ਦੀ ਫੁੱਟਬਾਲ ਦੇ 1363 ਮੈਚ ਖੇਡਣ ਨਾਲ 1283 ਗੋਲ ਕਰਨ ਦਾ ਰਿਕਾਰਡ ਰੱਖਿਆ। ਉਹ ਵੀਹ ਵਰ੍ਹੇ ਉੱਚ ਪੱਧਰੀ ਫੁੱਟਬਾਲ ਖੇਡਿਆ ਤੇ ਤਿੰਨ ਵਾਰ ਵਿਸ਼ਵ ਕੱਪ ਜਿੱਤਿਆ। 92 ਇੰਟਰਨੈਸ਼ਨਲ ਮੈਚਾਂ ਵਿੱਚ ਉਸ ਨੇ 77 ਇੰਟਰਨੈਸ਼ਨਲ ਗੋਲ ਕੀਤੇ। ਉਸ ਨੇ ਖੇਡ ਦੇ ਸਿਰੋਂ ਕਰੋੜਾਂ ਡਾਲਰ ਕਮਾਏ ਤੇ ਕਰੋੜਾਂ ਦਰਸ਼ਕਾਂ ਦਾ ਦਿਲ ਪਰਚਾਇਆ। ਮੈਕਸੀਕੋ ਦੇ ਇੱਕ ਕਲੱਬ ਨੇ ਉਹਦੇ ਮੂਹਰੇ ਕੋਰਾ ਚੈੱਕ ਰੱਖ ਦਿੱਤਾ ਸੀ ਕਿ ਉਹ ਜਿੰਨੀ ਰਕਮ ਚਾਹੇ ਭਰ ਲਵੇ, ਪਰ ਕਲੱਬ ਵੱਲੋਂ ਖੇਡਣਾ ਮੰਨ ਲਵੇ। ਉਹਦੀਆਂ ਖੁੱਥੜ ਬਾਲਾਂ, ਘਸੀਆਂ ਜ਼ੁਰਾਬਾਂ, ਟੁੱਟੇ ਬੂਟ ਤੇ ਖੇਡ ਪੁਸ਼ਾਕ ਦੀਆਂ ਲੀਰਾਂ ਲੋਕਾਂ ਨੇ ਅਨਮੋਲ ਨਿਸ਼ਾਨੀਆਂ ਵਜੋਂ ਸਾਂਭ ਰੱਖੀਆਂ ਹਨ। ਬ੍ਰਾਜ਼ੀਲ ਦਾ ਉਹ ‘ਕਾਲਾ ਮੋਤੀ’ ਹੈ ਜਿਸ ਨੂੰ ਅਨੇਕਾਂ ਐਵਾਰਡਾਂ ਤੇ ਖ਼ਿਤਾਬਾਂ ਨਾਲ ਸਨਮਾਨਿਆ ਗਿਆ।

ਪੇਲੇ ਦੁਨੀਆ ਦੇ ਸੌ ਕੁ ਮੁਲਕਾਂ ਵਿੱਚ ਗਿਆ। ਦੋ ਪੋਪਾਂ, ਪੰਜ ਸ਼ਹਿਨਸ਼ਾਹਾਂ, ਦਸ ਬਾਦਸ਼ਾਹਾਂ, ਸੱਤਰ ਮੁਲਕਾਂ ਦੇ ਪ੍ਰਧਾਨਾਂ ਤੇ ਚਾਲੀਆਂ ਦੇ ਪ੍ਰਧਾਨ ਮੰਤਰੀਆਂ ਨੂੰ ਮਿਲਿਆ। ਸ਼ਾਹ ਇਰਾਨ ਉਸ ਨੂੰ ਹਵਾਈ ਅੱਡੇ ‘ਤੇ ਤਿੰਨ ਘੰਟੇ ਉਡੀਕਦਾ ਰਿਹਾ। ਲਾਲ ਚੀਨ ਦੇ ਸਰਹੱਦੀ ਰਾਖੇ ਚੌਕੀਆਂ ਸੁੰਨੀਆਂ ਛੱਡ ਕੇ ਹਾਂਗਕਾਂਗ ਉਹਦੇ ਦਰਸ਼ਨ ਕਰਨ ਗਏ। ਨਾਈਜੀਰੀਆ ਵਿੱਚ ਉਹਦੀ ਖੇਡ ਵੇਖਣ ਲਈ ਦੋ ਦਿਨ ਲੜਾਈ ਬੰਦ ਰਹੀ। ਉਹ ਅਨੇਕਾਂ ਦੇਸ਼ਾਂ ਦਾ ਸਨਮਾਨਿਤ ਸਿਟੀਜ਼ਨ ਹੈ। ਬ੍ਰਾਜ਼ੀਲ ਵਿੱਚ ਉਹ ਫਿਲਮੀ ਤੇ ਟੀਵੀ ਕਲਾਕਾਰ ਅਤੇ ਕਵੀ ਤੇ ਸੰਗੀਤਕਾਰ ਵਜੋਂ ਵੀ ਜਾਣਿਆ ਜਾਂਦੈ। ਉਹਦੇ ਆਟੋਗ੍ਰਾਫ਼ ਲੈਣ ਲਈ ਭੀੜਾਂ ਜੁੜਦੀਆਂ ਰਹੀਆਂ। ਵੱਖ ਵੱਖ ਭਾਸ਼ਾਵਾਂ ਦੇ ਨੱਬੇ ਗੀਤਾਂ ਵਿੱਚ ‘ਪੇਲੇ’ ਦਾ ਨਾਂ ਗਾਇਆ ਗਿਐ।

ਆਪਣੇ ਦੌਰ ਦਾ ਭਾਵੇਂ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਖਿਡਾਰੀ ਸੀ, ਫਿਰ ਵੀ ‘ਕੇਰਾਂ ਉਹਦਾ ਦਿਵਾਲਾ ਨਿਕਲ ਚੱਲਿਆ ਸੀ। ਉਹਦੇ ਕਾਰਮੁਖਤਿਆਰ ਨੇ ਉਹਦੇ ਸਿਰ ਏਨਾ ਕਰਜ਼ਾ ਚੜ੍ਹਾ ਦਿੱਤਾ ਕਿ ਉਹ ਕਈ ਵਰ੍ਹੇ ਕਰਜ਼ਾ ਲਾਹੁੰਦਾ ਰਿਹਾ। ਉਸ ਨੇ ਦੇਸ਼ ਵਿਦੇਸ਼ ਜਾਂਦਿਆਂ ਕਈ ਬੋਲੀਆਂ ਸਿੱਖੀਆਂ। ਉਸ ਦੀ ਮਾਤ ਭਾਸ਼ਾ ਪੁਰਤਗੇਜ਼ੀ ਹੈ। ਉਹ ਸਪੈਨਿਸ਼ ਤੇ ਅੰਗਰੇਜ਼ੀ ਵੀ ਚੰਗੀ ਬੋਲ ਲੈਂਦਾ ਹੈ। ਉਹਨੂੰ ਫਰਾਂਸੀਸੀ ਤੇ ਇਤਾਲਵੀ ਭਾਸ਼ਾਵਾਂ ਵੀ ਡੰਗ ਸਾਰਨ ਜੋਗੀਆਂ ਆਉਂਦੀਆਂ ਹਨ।

ਉਹਦਾ ਜਨਮ ਗਰੀਬ ਫੁੱਟਬਾਲ ਖਿਡਾਰੀ ਦੇ ਘਰ 23 ਅਕਤੂਬਰ 1940 ਨੂੰ ਹੋਇਆ। ਕਹਿੰਦੇ ਹਨ, ਬ੍ਰਾਜ਼ੀਲੀ ਬੱਚਾ ਖੜ੍ਹਨਾ ਪਿੱਛੋਂ ਸਿੱਖਦਾ ਹੈ ਕਿੱਕ ਲਾਉਣੀ ਪਹਿਲਾਂ। ਪੇਲੇ ਦੇ ਪਿਤਾ ਨੇ ਉਹਦੀਆਂ ਲੱਤਾਂ ਟੋਹ ਕੇ ਪਤਨੀ ਨੂੰ ਕਿਹਾ, “ਲੱਤਾਂ ਤਾਂ ਤਕੜੀਆਂ… ਫੁੱਟਬਾਲ ਦਾ ਤਕੜਾ ਖਿਡਾਰੀ ਬਣ ਸਕਦੈ।” ਪਤਨੀ ਨੇ ਨਹੋਰਾ ਮਾਰਿਆ, “ਇਹਨੂੰ ਫੁੱਟਬਾਲ ਖਿਡਾਰੀ ਬਣਨ ਦਾ ਸਰਾਪ ਨਾ ਦੇਹ। ਫੁੱਟਬਾਲ ਖੇਡ ਕੇ ਤੂੰ ਕੀ ਲੱਲ੍ਹਰ ਲਾਇਐ? ਮੇਰਾ ਪੁੱਤ ਤਾਂ ਡਾਕਟਰ ਬਣੂੰਗਾ।” ਪੇਲੇ ਦੇ ਪਿਤਾ ਨੇ ਫੁੱਟਬਾਲ ਖੇਡ ਕੇ ਸੱਚਮੁੱਚ ਹੀ ਕੁਝ ਨਹੀਂ ਸੀ ਕਮਾਇਆ।

ਪੇਲੇ ਦਾ ਅਸਲੀ ਨਾਂ ਐਡਸਨ ਅਰੇਂਟਸ ਡੋ ਨਾਸੀਮੈਟੋ ਹੈ। ਪੇਲੇ ਉਸ ਨੂੰ ਨੌਂ ਸਾਲ ਦੀ ਉਮਰ ਵਿੱਚ ਕਿਹਾ ਜਾਣ ਲੱਗਾ ਜਦੋਂ ਉਹ ਪੈਰਾਂ ਨਾਲ ਹਰੇਕ ਚੀਜ਼ ਰੋੜ੍ਹਦਾ ਫਿਰਦਾ ਸੀ। ਪੁਰਤਗੇਜ਼ੀ ਵਿੱਚ ਪੇਲੇ ਦਾ ਅਰਥ ਹੈ ਪੈਰ। ਨਿੱਕਾ ਹੁੰਦਾ ਉਹ ਖਿੱਦੋਆਂ ਤੇ ਡੱਬਿਆਂ ਨੂੰ ਕਿੱਕਾਂ ਮਾਰਦਾ ਰਹਿੰਦਾ। ਬਲਬ ਤੋੜ ਬਹਿੰਦਾ। ਉਦੋਂ ਕੌਣ ਜਾਣਦਾ ਸੀ ਕਿ ਉਹ ਇੱਲਤੀ ਮੁੰਡਾ ਵੱਡਾ ਹੋ ਕੇ ਫੁੱਟਬਾਲ ਦੀ ਖੇਡ ਦਾ ਸ਼ਹਿਨਸ਼ਾਹ ਬਣੇਗਾ!

ਜਦੋਂ ਉਹ ਸੋਲ੍ਹਵੇਂ ਸਾਲ ਵਿੱਚ ਹੋਇਆ ਤਾਂ ਸੈਂਟੋਸ ਸ਼ਹਿਰ ਦੇ ਸੈਂਟੋਸ ਕਲੱਬ ਨੇ ਉਹਨੂੰ ਆਪਣੀ ਟੀਮ ਦਾ ਮੈਂਬਰ ਬਣਾ ਲਿਆ। ਮਾਂ ਉਹਨੂੰ ਫੁੱਟਬਾਲ ਖੇਡਣ ਤੋਂ ਵਰਜਦੀ ਸੀ। ਉਸ ਨੇ ਮਾਂ ਨਾਲ ਇਕਰਾਰ ਕੀਤਾ ਕਿ ਕਲੱਬ ਤੋਂ ਮਿਲਣ ਵਾਲੇ ਪੈਸਿਆਂ ਨਾਲ ਪਹਿਲਾਂ ਉਹ ਮਾਂ-ਪਿਓ ਨੂੰ ਘਰ ਖਰੀਦ ਕੇ ਦੇਵੇਗਾ ਤੇ ਫਿਰ ਕਿਸ਼ਤਾਂ ਵੀ ਲਾਹੁੰਦਾ ਰਹੇਗਾ। ਸੈਂਟੋਸ ਕਲੱਬ ਵਿੱਚ ਵੀਹ ਮਹੀਨੇ ਖੇਡਣ ਪਿੱਛੋਂ ਉਹ ਫੁੱਟਬਾਲ ਦੇ ਵਿਸ਼ਵ ਕੱਪ ਲਈ ਬ੍ਰਾਜ਼ੀਲ ਦੀ ਟੀਮ ਵਿੱਚ ਚੁਣਿਆ ਗਿਆ। ਅਠਾਰਵੇਂ ਸਾਲ ਦੀ ਉਮਰ ਵਿੱਚ ਉਹ 1958 ਦਾ ਵਿਸ਼ਵ ਕੱਪ ਖੇਡਣ ਗਿਆ। ਸਵੀਡਨ ਦੇ ਦਰਸ਼ਕ ਉਸ ਨੂੰ ਟੀਮ ਦੇ ਲੀੜੇ ਲੱਤੇ ਸੰਭਾਲਣ ਵਾਲਾ ਸਮਝ ਰਹੇ ਸਨ। ਪਰ ਜਦੋਂ ਖੇਡਿਆਂ ਤਾਂ ਧੰਨ-ਧੰਨ ਕਰਾ ਦਿੱਤੀ ਤੇ ਵਿਸ਼ਵ ਕੱਪ ਜਿੱਤ ਲਿਆ। ਸਵੀਡਨ ਦੀਆਂ ਨੀਲੀਆਂ ਅੱਖਾਂ ਵਾਲੀਆਂ ਗੋਰੀਆਂ ਮੁਟਿਆਰਾਂ ਉਹਦੇ ਆਟੋਗ੍ਰਾਫ਼ ਲੈਣ ਆਈਆਂ। ਪੇਲੇ ਦੇ ਕਾਲੇ ਰੰਗ ‘ਤੇ ਉਨ੍ਹਾਂ ਨੇ ਆਪਣੀਆਂ ਨਹੁੰਪਾਲਸ਼ੀ ਗੁਲਾਬੀ ਉਂਗਲਾਂ ਘਸਾ ਕੇ ਵੇਖੀਆਂ ਕਿ ਕਿਤੇ ਕਾਲਾ ਪਾਲਿਸ਼ ਤਾਂ ਨਹੀਂ ਕੀਤਾ? ਪੇਲੇ ਦੇ ਸਾਥੀਆਂ ਨੇ ਸੁਆਦ ਲੈਂਦਿਆਂ ਕਿਹਾ, “ਇਹ ਰੰਗ ਅਸਲੀ ਆ। ਤੁਸੀਂ ਬੇਸ਼ੱਕ ਇਹਨੂੰ ਜੱਫੀ ਵਿੱਚ ਲੈ ਲਵੋ, ਕਿਸੇ ਨੂੰ ਰੰਗ ਨਹੀਂ ਲੱਗੇਗਾ।”

ਵਿਸ਼ਵ ਕੱਪ ਜਿੱਤ ਕੇ ਸੈਂਟੋਸ ਵਿੱਚ ਇੱਕ ਦਿਨ ਉਹ ਕੁੜੀਆਂ ਦਾ ਬਾਸਕਟਬਾਲ ਮੈਚ ਵੇਖਣ ਚਲਾ ਗਿਆ। ਰਿਜ਼ਰਵ ਖਿਡਾਰਨ ਵਜੋਂ ਬੈਂਚ ‘ਤੇ ਬੈਠੀ ਇੱਕ ਕੁੜੀ ਨੇ ਉਹਦਾ ਧਿਆਨ ਖਿੱਚ ਲਿਆ। ਪੇਲੇ ਨੇ ਸਮਝਿਆ ਉਹ ਸੋਹਣੀ ਸੁਨੱਖੀ ਕੁੜੀ ਉਹਦੇ ਪਿੱਛੇ ਬੈਠੇ ਕਿਸੇ ਸੋਹਣੇ ਮੁੰਡੇ ਵੱਲ ਵੇਖ ਰਹੀ ਹੋਵੇਗੀ। ਪਰ ਉਹਦੇ ਪਿੱਛੇ ਤਾਂ ਕੋਈ ਵੀ ਨਹੀਂ ਸੀ ਬੈਠਾ। ਮੈਚ ਪਿੱਛੋਂ ਉਹ ਕੁੜੀ ਪੇਲੇ ਕੋਲ ਆਈ। ਦੋਹਾਂ ਦੀਆਂ ਅੱਖਾਂ ਮੋਹ ਪਿਆਰ ਦੇ ਸੁਨੇਹੇ ਦੇਣ ਲੱਗੀਆਂ। ਕੁੜੀ ਦਾ ਨਾਂ ਰੋਜ਼ਮੇਰੀ ਸੀ, ਰੰਗ ਗੋਰਾ ਨਿਛੋਹ। ਜਦੋਂ ਪਿਆਰ ਹੁੰਦਾ ਹੈ ਤਾਂ ਰੰਗ ਜਾਂ ਨਸਲ ਨਹੀਂ ਵੇਖਦਾ। 1962 ਦੇ ਵਿਸ਼ਵ ਕੱਪ ਲਈ ਪੇਲੇ ਫਿਰ ਬ੍ਰਾਜ਼ੀਲ ਦੀ ਟੀਮ ਵਿੱਚ ਚੁਣਿਆ ਗਿਆ। ਬ੍ਰਾਜ਼ੀਲ ਫਿਰ ਵਿਸ਼ਵ ਕੱਪ ਜਿੱਤ ਗਿਆ ਜਿਸ ਵਿੱਚ ਪੇਲੇ ਦੇ ਗੋਲਾਂ ਦਾ ਵਿਸ਼ੇਸ਼ ਯੋਗਦਾਨ ਸੀ। 1965 ਵਿੱਚ ਪੇਲੇ ਨੇ ਰੋਜ਼ਮੇਰੀ ਨਾਲ ਵਿਆਹ ਕਰਾ ਲਿਆ।

1966 ਦਾ ਵਿਸ਼ਵ ਕੱਪ ਖੇਡਣ ਲਈ ਉਹ ਤੀਜੀ ਵਾਰ ਬ੍ਰਾਜ਼ੀਲ ਦੀ ਟੀਮ ਦਾ ਮੈਂਬਰ ਬਣਿਆ। ਇੱਕ ਮੈਚ ਉਸ ਨੂੰ ਖਿਡਾਇਆ ਨਾ ਜਾ ਸਕਿਆ ਤੇ ਉਹੀ ਮੈਚ ਬ੍ਰਾਜ਼ੀਲ ਦੀ ਟੀਮ ਹਾਰ ਗਈ। ਪੇਲੇ ਨੂੰ ਇਸ ਹਾਰ ਦਾ ਬੜਾ ਦੁੱਖ ਹੋਇਆ, ਪਰ ਇਸ ਹਾਰ ਦਾ ਬਦਲਾ ਪੇਲੇ ਨੇ 1970 ਦਾ ਵਿਸ਼ਵ ਕੱਪ ਤੀਜੀ ਵਾਰ ਜਿੱਤ ਕੇ ਲਿਆ। ਫਾਈਨਲ ਮੈਚ ਬ੍ਰਾਜ਼ੀਲ ਤੇ ਇਟਲੀ ਵਿਚਕਾਰ ਸੀ। ਦੋਵੇਂ ਦੇਸ਼ ਦੋ ਦੋ ਵਾਰ ਵਿਸ਼ਵ ਕੱਪ ਜਿੱਤ ਚੁੱਕੇ ਸਨ। ਜਿਹੜਾ ਤੀਜੀ ਵਾਰ ਕੱਪ ਜਿੱਤਦਾ ਜੂਲਸ ਰੀਮੇ ਟਰਾਫੀ ਉਹਦੀ ਹੀ ਹੋ ਜਾਣੀ ਸੀ।

ਮੈਕਸੀਕੋ ਵਿੱਚ ਹੋ ਰਿਹਾ ਉਹ ਫਾਈਨਲ ਮੈਚ ਇੱਕ ਲੱਖ ਦਸ ਹਜ਼ਾਰ ਦਰਸ਼ਕ ਸਟੇਡੀਅਮ ਵਿੱਚ ਤੇ ਕਰੋੜਾਂ ਲੋਕ ਟੀਵੀ ਤੋਂ ਵੇਖ ਰਹੇ ਸਨ। ਉਸ ਮੈਚ ਵਿੱਚ ਬ੍ਰਾਜ਼ੀਲ ਨੇ ਇਟਲੀ ਨੂੰ ਬੁਰੀ ਤਰ੍ਹਾਂ ਹਰਾ ਕੇ ਫੀਫਾ ਟਰਾਫੀ ਹਮੇਸ਼ਾਂ ਲਈ ਆਪਣੇ ਕਬਜ਼ੇ ਵਿੱਚ ਕਰ ਲਈ। ਮੈਚ ਮੁੱਕਣ ਸਾਰ ਦਰਸ਼ਕ ਪੇਲੇ ਵੱਲ ਉਮ੍ਹਲੇ। ਮੌਕੇ ਦੀ ਨਜ਼ਾਕਤ ਵਜੋਂ ਪੇਲੇ ਨੇ ਆਪਣੀ ਖੇਡ ਪੁਸ਼ਾਕ ਲਾਹ ਕੇ ਉਨ੍ਹਾਂ ਵੱਲ ਸੁੱਟ ਦਿੱਤੀ ਜੋ ਲੀਰ ਲੀਰ ਉਨ੍ਹਾਂ ਦੇ ਹਿੱਸੇ ਆਈ।

ਚੌਦਾਂ ਸਾਲ ਬ੍ਰਾਜ਼ੀਲ ਦੀ ਵਰਦੀ ਪਾਉਣ ਪਿੱਛੋਂ ਆਖ਼ਰ ਉਸ ਨੇ ਬ੍ਰਾਜ਼ੀਲ ਲਈ ਅਖ਼ੀਰਲਾ ਮੈਚ ਖੇਡਣ ਦਾ ਐਲਾਨ ਕਰ ਦਿੱਤਾ ਜੋ 18 ਜੁਲਾਈ 1971 ਨੂੰ ਯੂਗੋਸਲਾਵੀਆ ਵਿਰੁੱਧ ਖੇਡਿਆ ਗਿਆ। ਇੱਕ ਲੱਖ ਅੱਸੀ ਹਜ਼ਾਰ ਦਰਸ਼ਕ ‘ਫੀਕਾ ਫੀਕਾ’ ਦਾ ਰਾਗ ਅਲਾਪ ਰਹੇ ਸਨ ਜਿਸ ਦਾ ਅਰਥ ਸੀ, ‘ਪੇਲੇ ਠਹਿਰ’। ਉਹ ਮੈਚ ਦੋ ਦੋ ਗੋਲਾਂ ਦੀ ਬਰਾਬਰੀ ‘ਤੇ ਮੁੱਕਾ। ਪੇਲੇ ਨੇ ਭਰੀਆਂ ਅੱਖਾਂ ਨਾਲ ਬਾਹਾਂ ਉੱਪਰ ਚੁੱਕ ਕੇ ਸਟੇਡੀਅਮ ਦਾ ਚੱਕਰ ਲਾਇਆ। ਉਹ ਬਾਹਾਂ ਲਹਿਰਾ ਕੇ ਤਾੜੀਆਂ ਮਾਰ ਰਹੇ ਦਰਸ਼ਕਾਂ ਦਾ ਧੰਨਵਾਦ ਕਰ ਰਿਹਾ ਸੀ ਜਿਨ੍ਹਾਂ ਨੇ ਵਰ੍ਹਿਆਂ-ਬੱਧੀ ਉਸ ਨੂੰ ਭਰਵੀਂ ਹੱਲਾਸ਼ੇਰੀ ਦਿੱਤੀ ਸੀ। ਤਾੜੀਆਂ ਦੇ ਸ਼ੋਰ ਵਿੱਚ ਪੇਲੇ ਦੇ ਹੰਝੂ ਵਹਿ ਤੁਰੇ। ਉਸ ਨੇ ਬ੍ਰਾਜ਼ੀਲ ਦੀ ਹਰੇ-ਪੀਲੇ ਰੰਗ ਦੀ ਜਰਸੀ ਲਾਹੀ ਜੋ ਉਹਨੇ ਮੁੜ ਕੇ ਨਹੀਂ ਸੀ ਪਾਉਣੀ। ਉਸ ਜਰਸੀ ਨਾਲ ਉਹਨੇ ਆਪਣੇ ਵਗਦੇ ਹੰਝੂ ਪੂੰਝੇ ਜੋ ਖੁਸ਼ਕ ਹੋਣ ਦੀ ਥਾਂ ਹੋਰ ਧਾਰੋ ਧਾਰ ਹੋ ਗਏ। ਜਿਸ ਮੈਦਾਨ ਨੂੰ ਉਸ ਨੇ ਮੁੜ੍ਹਕੇ ਨਾਲ ਸਿੰਜਿਆ ਸੀ, ਉਸ ਨੂੰ ਆਪਣੇ ਹੰਝੂਆਂ ਨਾਲ ਸਿੰਜਦਾ ਸਟੇਡੀਅਮ ਤੋਂ ਬਾਹਰ ਚਲਾ ਗਿਆ।

ਉੱਤੋਂ 1974 ਦਾ ਵਿਸ਼ਵ ਕੱਪ ਆ ਗਿਆ। ਪੇਲੇ ਵਿੱਚ ਦਮ ਤਾਂ ਸੀ ਕਿ ਉਹ ਪੰਜਵੀਂ ਵਾਰ ਆਪਣੇ ਦੇਸ਼ ਵੱਲੋਂ ਖੇਡ ਸਕਦਾ, ਪਰ ਇਹਦੇ ਲਈ ਉਹਨੂੰ ਪਰਿਵਾਰ ਤੇ ਕਾਰੋਬਾਰ ਤੋਂ ਛੇ ਮਹੀਨੇ ਲਾਂਭੇ ਰਹਿਣਾ ਪੈਣਾ ਸੀ ਜੋ ਵਾਰਾ ਨਹੀਂ ਸੀ ਖਾਂਦਾ। ਖਿਡਾਰੀ ਦੀ ਥਾਂ ਉਹ ਟੀਵੀ ਦਾ ਕੁਮੈਂਟੇਟਰ ਬਣ ਕੇ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਪੁੱਜਾ। ਉੱਥੇ ਬ੍ਰਾਜ਼ੀਲ ਦੀ ਟੀਮ ਹਾਰ ਗਈ। ਪੇਲੇ ਦੀ ਨੁਕਤਾਚੀਨੀ ਵੀ ਹੋਈ ਕਿ ਉਹ ਖ਼ੁਦ ਕਿਉਂ ਨਾ ਖੇਡਿਆ?

ਸੈਂਟੋਸ ਕਲੱਬ ਵੱਲੋਂ ਖੇਡਦਿਆਂ ਉਸ ਨੂੰ ਅਠਾਰਾਂ ਸਾਲ ਹੋ ਗਏ ਸਨ। ਉਸ ਦੀ ਇੱਛਾ ਅਨੁਸਾਰ 2 ਅਕਤੂਬਰ 1974 ਨੂੰ ਪੇਲੇ ਦਾ ਆਖ਼ਰੀ ਮੈਚ ਰੱਖਿਆ ਗਿਆ। ਮਰਾਕਾਨਾ ਦਾ ਵਿਸ਼ਾਲ ਸਟੇਡੀਅਮ ਉਸ ਦਿਨ ਮੂੰਹੋਂ-ਮੂੰਹ ਭਰ ਗਿਆ। ਵੀਹ ਮਿੰਟਾਂ ਦੀ ਖੇਡ ਪਿੱਛੋਂ ਇੱਕ ਪਾਸ ਉਹਦੇ ਵੱਲ ਆਇਆ ਤਾਂ ਪੇਲੇ ਨੇ ਬਾਲ, ਬੱਚੇ ਵਾਂਗ ਗੋਦ ਲੈ ਲਈ। ਦਰਸ਼ਕ ਹੈਰਾਨੀ ਨਾਲ ਉਹਦੇ ਵੱਲ ਵੇਖ ਰਹੇ ਸਨ। ਉਹ ਬਾਲ ਲੈ ਕੇ ਮੈਦਾਨ ਦੇ ਕੇਂਦਰ ਵਿੱਚ ਗਿਆ। ਕੇਂਦਰੀ ਨਿਸ਼ਾਨ ‘ਤੇ ਬਾਲ ਰੱਖੀ ਤੇ ਉਹਦੇ ਦੁਆਲੇ ਗੋਡਿਆਂ ਪਰਨੇ ਬੈਠ ਗਿਆ। ਫਿਰ ਉਹਨੇ ਮੂੰਹ ਅੱਗੇ ਕੈਂਚੀ ਦਾਅ ਬਾਹਾਂ ਖੜ੍ਹੀਆਂ ਕੀਤੀਆਂ। ਭਰੀਆਂ ਅੱਖਾਂ ਨਾਲ ਸਾਰੇ ਦਰਸ਼ਕਾਂ ਨੂੰ ਘੁੰਮ ਕੇ ਪ੍ਰਣਾਮ ਕੀਤਾ। ਮੈਚ ਵਿੱਚੇ ਛੱਡ ਕੇ ਉਹ ਕੱਪੜੇ ਬਦਲਣ ਵਾਲੇ ਕਮਰੇ ਵਿੱਚ ਚਲਾ ਗਿਆ ਤੇ ਸੈਂਟੋਸ ਕਲੱਬ ਦੀ ਵਰਦੀ ਲਾਹੁੰਦਿਆਂ ਵਾਸ਼ ਰੂਮ ਵਿੱਚ ਫੁੱਟ ਫੁੱਟ ਕੇ ਰੋਇਆ। ਲੰਮੀਆਂ ਸਾਂਝਾਂ ਕਿਹੜਾ ਸੌਖੀਆਂ ਟੁੱਟਦੀਆਂ ਨੇ!

ਉਦੋਂ ਪੇਲੇ ਬੇਸ਼ੱਕ ਚੌਂਤੀ ਸਾਲਾਂ ਦਾ ਹੋ ਗਿਆ ਸੀ, ਪਰ ਉਹਦੇ ਪ੍ਰਸੰਸਕ ਉਸ ਨੂੰ ਹੋਰ ਖੇਡਦੇ ਵੇਖਣਾ ਲੋਚਦੇ ਰਹੇ। ਨਿਊਯਾਰਕ ਦੇ ਕਾਸਮਸ ਕਲੱਬ ਨੇ ਇੱਕ ਕਰੋੜ ਡਾਲਰ ਦੀ ਪੇਸ਼ਕਸ਼ ਕੀਤੀ। ਸੋਚ ਵਿਚਾਰ ਮਗਰੋਂ ਉਸ ਨੇ 15 ਜੂਨ 1975 ਨੂੰ ਦੋ ਸਾਲ ਲਈ ਕਾਸਮਸ ਵੱਲੋਂ ਖੇਡਣਾ ਪ੍ਰਵਾਨ ਕਰ ਲਿਆ। ਫਿਰ ਕਾਸਮਸ ਦੀ ਟੀਮ ਦੁਨੀਆ ਦੇ ਦੌਰੇ ‘ਤੇ ਨਿਕਲੀ। 1977 ਵਿੱਚ ਪੇਲੇ ਨੇ ਕਲਕੱਤੇ ਦੇ ਈਡਨ ਗਾਰਡਨ ਵਿੱਚ ਵੀ ਇੱਕ ਮੈਚ ਖੇਡਿਆ।

ਜਿਸ ਦਿਨ ਉਸ ਨੇ ਹਜ਼ਾਰਵਾਂ ਗੋਲ ਕੀਤਾ ਸੀ ਤਾਂ ਲੱਗਾ ਸੀ ਜਿਵੇਂ ਉਸ ਨੇ ਚੰਦ ‘ਤੇ ਪੈਰ ਜਾ ਰੱਖਿਆ ਹੋਵੇ। ਜਿਸ ਦਿਨ 1250ਵਾਂ ਗੋਲ ਕੀਤਾ ਤਾਂ ਉਸ ਨੂੰ ਸੋਨੇ ਦੀਆਂ ਤਾਰਾਂ ਨਾਲ ਕੱਢੇ ਹੋਏ ਫੁੱਟਬਾਲ ਦੇ ਬੂਟ ਭੇਟ ਹੋਏ। ਫਿਰ ਵਧੀਆ ਖਿਡਾਰੀ ਲਈ ਪੇਲੇ ਐਵਾਰਡ ਰੱਖਿਆ ਗਿਆ। ਪੇਲੇ ਹਾਲੇ ਵੀ ਫੁੱਟਬਾਲ ਦੀ ਖੇਡ ਨਾਲ ਜੁੜਿਆ ਹੋਇਐ। ਉਹ ਬ੍ਰਾਜ਼ੀਲ ਦਾ ਖੇਡ ਮੰਤਰੀ ਰਹਿ ਚੁੱਕੈ। ਉਹ ਫੁੱਟਬਾਲ ਦੇ ਮੈਚਾਂ ਦੀ ਕੁਮੈਂਟਰੀ ਕਰਦਾ ਤੇ ਮਾਹਿਰ ਵਜੋਂ ਟਿੱਪਣੀਆਂ ਦਿੰਦਾ ਰਿਹੈ। 2022 ਦੇ ਵਿਸ਼ਵ ਕੱਪ ਸਮੇਂ ਬੇਸ਼ੱਕ ਉਹ ਹਸਪਤਾਲ ਵਿੱਚ ਸੀ, ਪਰ ਫੁੱਟਬਾਲ ਦੇ ਨਾਮੀ ਖਿਡਾਰੀ ਨੇਮਾਰ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕੀਤੀ, ”ਮੈਂ ਤੈਨੂੰ ਵੱਡੇ ਹੁੰਦੇ ਵੇਖਿਆ, ਤੇਰਾ ਹਰ ਦਿਨ ਮਨਾਇਆ। ਹੁਣ ਮੈਂ ਤੈਨੂੰ ਬ੍ਰਾਜ਼ੀਲ ਲਈ ਸਭ ਤੋਂ ਵੱਧ ਗੋਲ ਕਰਨ ਦੇ ਮੇਰੇ ਰਿਕਾਰਡ ਦੀ ਬਰਾਬਰੀ ਕਰਨ ਲਈ ਵਧਾਈ ਦਿੰਦਾ ਹਾਂ।”

ਉਹਦੇ ਤਿੰਨ ਵਿਆਹ ਹੋਏ, ਦੋ ਤਲਾਕ, ਇੱਕ ਪਾਰਟਨਰਸ਼ਿਪ, ਸੱਤ ਬੱਚੇ ਜਾਇਜ਼, ਬਾਕੀ ਨਾਜਾਇਜ਼। ਹਿੱਪ ਦੇ ਆਪ੍ਰੇਸ਼ਨ ਪਿੱਛੋਂ ਵੀਲ੍ਹ ਚੇਅਰ ਦਾ ਸਵਾਰ ਬਣਿਆ। ਹਰਨੀਏ ਦੇ ਆਪ੍ਰੇਸ਼ਨ ਪਿੱਛੋਂ ਹੁਣ ਇੱਕੋ ਗੁਰਦੇ ਨਾਲ ਗੱਡੀ ਚੱਲਦੀ ਹੈ, ਪਰ ਸਾਹ ਦੀ ਤਕਲੀਫ਼ ਹੈ। ਇਹ ਸਤਰਾਂ ਲਿਖਣ ਵੇਲੇ ਉਹ 83ਵੇਂ ਸਾਲ ਵਿੱਚ ਹੈ। ਸਾਡੀ ਕਾਮਨਾ ਹੈ, ਉਹ ਸਿਹਤਯਾਬ ਹੋਵੇ ਤੇ ਲੰਮਾ ਸਮਾਂ ਜੀਵੇ।
ਈਮੇਲ: principalsarwansingh@gmail.com

‘ਪੇਲੇ: ਬਰਥ ਆਫ਼ ਏ ਲੈਜੈਂਡ’

ਪੇਲੇ ਦੇ ਜੀਵਨ ਨੂੰ ਇੱਕ ਅਮਰੀਕੀ ਫਿਲਮ ਵਿੱਚ ਦਿਖਾਇਆ ਗਿਆ ਹੈ। ਉਸ ਦੇ ਸ਼ੁਰੂਆਤੀ ਜੀਵਨ ਅਤੇ 1958 ਫੀਫਾ ਵਿਸ਼ਵ ਕੱਪ ਜਿੱਤਣ ਲਈ ਉਸ ਦੀ ਯਾਤਰਾ ਬਾਰੇ ‘ਪੇਲੇ: ਬਰਥ ਆਫ਼ ਏ ਲੈਜੈਂਡ’ ਨਾਮਕ ਫਿਲਮ ਬਣਾਈ ਗਈ। ਇਹ ਫਿਲਮ ਜੈੱਫ ਜਿੰਬਾਲਿਸਟ ਅਤੇ ਮਾਈਕਲ ਜਿੰਬਾਲਿਸਟ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਗਈ ਸੀ, ਜਿਸ ਵਿੱਚ ਪੇਲੇ ਨੇ ਵੀ ਮਹਿਮਾਨ ਭੂਮਿਕਾ ਨਿਭਾਈ ਸੀ। ਫਿਲਮ ਆਲੋਚਕਾਂ ਨੇ ਇਸ ਵਿੱਚ ਗਹਿਰਾਈ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਸਮੀਖਿਆ ਕੀਤੀ ਸੀ।

ਗਿੰਗਾ ਤੇ ਪੇਲੇ

ਪੇਲੇ ਦੀ ਫੁੱਟਬਾਲ ਸ਼ੈਲੀ ਗਿੰਗਾ ਤੋਂ ਨਿਕਲੀ ਹੈ। ਇਤਿਹਾਸ ਮੁਤਾਬਿਕ 16ਵੀਂ ਸਦੀ ਦੀ ਸ਼ੁਰੂਆਤ ਵਿੱਚ ਪੁਰਤਗਾਲੀ ਜਦੋਂ ਅਫ਼ਰੀਕੀ ਗੁਲਾਮਾਂ ਨਾਲ ਬ੍ਰਾਜ਼ੀਲ ਪੁੱਜੇ ਤਾਂ ਅਫ਼ਰੀਕੀ ਆਪਣੀ ਮਜ਼ਬੂਤ ਇੱਛਾ ਸ਼ਕਤੀ ਦੇ ਚੱਲਦੇ ਜੰਗਲ ਵੱਲ ਭੱਜ ਗਏ। ਖੁਦ ਨੂੰ ਬਚਾਉਣ ਲਈ ਇਨ੍ਹਾਂ ਭੱਜੇ ਹੋਏ ਗੁਲਾਮਾਂ ਨੇ ਮਾਰਸ਼ਲ ਆਰਟ ‘ਕੈਪੋਈਰਾ’ ਦੀ ਨੀਂਹ ਰੱਖੀ ਜਿਸ ਨੂੰ ਗਿੰਗਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦੋਂ ਗੁਲਾਮੀ ਦਾ ਅੰਤ ਹੋਇਆ ਤਾਂ ਕੈਪੋਈਰਾ ਕਰਨ ਵਾਲੇ ਜੰਗਲਾਂ ਤੋਂ ਬਾਹਰ ਆ ਗਏ। ਫਿਰ ਉਨ੍ਹਾਂ ਨੇ ਦੇਖਿਆ ਕਿ ਉਹ ਫੁੱਟਬਾਲ ਵਿੱਚ ਗਿੰਗਾ ਦੀ ਤਕਨੀਕ ਦਾ ਇਸਤੇਮਾਲ ਕਰ ਸਕਦੇ ਹਨ। ਹੁਣ ਪੂਰੀ ਦੁਨੀਆ ਵਿੱਚ ਇਸ ਸ਼ੈਲੀ ਦੀ ਵਰਤੋਂ ਕੀਤੀ ਜਾਂਦੀ ਹੈ। ਗਿੰਗਾ ਦੀਆਂ ਆਮ ਚਾਲਾਂ ਵਿੱਚ ਕਰਤੱਬ ਦਿਖਾਉਣਾ ਅਤੇ ਪੈਰ ਦੇ ਸਾਰੇ ਹਿੱਸਿਆਂ ਨਾਲ ਬਾਲ ਨੂੰ ਕੰਟਰੋਲ ਕਰਨਾ ਸ਼ਾਮਲ ਹੈ। ਇਹ ਇੱਕ ਵਿਲੱਖਣ ਕਲਾ ਹੈ ਜਿਸ ਵਿੱਚ ਬਾਲ ਨੂੰ ਪੱਟਾਂ ਜਾਂ ਪਿੱਠ ਦੀ ਵਰਤੋਂ ਕਰਕੇ ਵੀ ਪਾਸ ਕੀਤਾ ਜਾਂਦਾ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -