ਨਵੀਂ ਦਿੱਲੀ, 4 ਫਰਵਰੀ
ਕੌਮਾਂਤਰੀ ਟੈਸਟਿੰਗ ਏਜੰਸੀ (ਆਈਟੀਏ) ਵੱਲੋਂ ਕਰਵਾਏ ਗਏ ਡੋਪ ਟੈਸਟ ‘ਚ ਫੇਲ੍ਹ ਹੋਣ ਤੋਂ ਬਾਅਦ ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ‘ਤੇ 21 ਮਹੀਨਿਆਂ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਪਿਛਲੇ ਸਾਲ ਭਾਰਤੀ ਅਧਿਕਾਰੀਆਂ ਵੱਲੋਂ ਕੀਤਾ ਗਿਆ ਦਾਅਵਾ ਕਿ ਉਸ ਦੀ ਮੁਅੱਤਲੀ ਡੋਪਿੰਗ ਨਾਲ ਸਬੰਧਤ ਨਹੀਂ ਸੀ, ਗਲਤ ਸਾਬਤ ਹੋਇਆ। ਇਸ ਸਬੰਧੀ ਦੀਪਾ ਕਰਮਾਕਰ ਨੇ ਕਿਹਾ ਕਿ ਮਸਲਾ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਸੁਲਝਾਉਣ ਲਈ ਉਸ ਨੇ ਅਸਥਾਈ ਮੁਅੱਤਲੀ ਸਵੀਕਾਰ ਕਰ ਲਈ ਹੈ। ਕਰਮਾਕਰ ਨੇ ਕਿਹਾ ਕਿ ਉਸ ਨੇ ਅਣਜਾਣੇ ਵਿੱਚ ਪਾਬੰਦੀਸ਼ੁਦਾ ਪਦਾਰਥ ਹਿਜੇਨਾਮਾਈਨ ਦਾ ਸੇਵਨ ਕੀਤਾ ਸੀ। ਕਰਮਾਕਰ ਦੇ ਨਮੂਨੇ 11 ਅਕਤੂਬਰ 2021 ਨੂੰ ਲਏ ਗਏ ਸਨ, ਜਿਸ ਕਰਕੇ ਉਸ ਦੀ ਪਾਬੰਦੀ ਇਸ ਸਾਲ 10 ਜੁਲਾਈ ਨੂੰ ਖਤਮ ਹੋ ਜਾਵੇਗੀ। ਆਈਟੀਏ ਨੇ ਇੱਕ ਬਿਆਨ ਵਿੱਚ ਕਿਹਾ, ”ਆਈਟੀਏ ਇਸ ਦੀ ਪੁਸ਼ਟੀ ਕਰਦਾ ਹੈ ਕਿ ਦੀਪਾ ਕਰਮਾਕਰ ‘ਤੇ 21 ਮਹੀਨੇ ਦੀ ਲਾਈ ਗਈ ਪਾਬੰਦੀ 10 ਜੁਲਾਈ 2023 ਨੂੰ ਖ਼ਤਮ ਹੋਵੇਗੀ। ਉਹ ਹਿਜੇਨਾਮਾਈਨ ਲੈਣ ਦੀ ਦੋਸ਼ੀ ਪਾਈ ਗਈ ਸੀ ਜੋ ਡੋਪਿੰਗ ਰੋਕੂ ਏਜੰਸੀ ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਹੈ।” -ਪੀਟੀਆਈ