12.4 C
Alba Iulia
Tuesday, May 7, 2024

ਇੱਕ ਸੀ ਮੀਨਾ

Must Read


ਭੁਪਿੰਦਰ ਸਿੰਘ ਆਸ਼ਟ

ਪਹਿਲੀ ਅਗਸਤ 1933 ਨੂੰ ਥੀਏਟਰ ਅਦਾਕਾਰ ਅਲੀ ਬਖ਼ਸ਼ ਦੇ ਘਰ ਪੈਦਾ ਹੋਈ ਬੱਚੀ ਦਾ ਨਾਂ ਮਾਤਾ-ਪਿਤਾ ਨੇ ‘ਮਹਿਜ਼ਬੀਨ ਬਾਨੋ’ ਰੱਖਿਆ। ਬੱਚੀ ਦੀ ਮਾਂ ਦਾ ਨਾਂ ਇਕਬਾਲ ਬੇਗ਼ਮ ਸੀ। ਮਹਿਜ਼ਬੀਨ ਆਪਣੇ ਮਾਤਾ-ਪਿਤਾ ਦੀ ਤੀਜੀ ਔਲਾਦ ਸੀ। ਉਸ ਦੀਆਂ ਦੋ ਵੱਡੀਆਂ ਭੈਣਾਂ ਖੁਰਸ਼ੀਦ ਅਤੇ ਮਧੂ ਸਨ। ਖੁਰਸ਼ੀਦ ਨੇ ਵੀ ਕੁਝ ਫਿਲਮਾਂ ਵਿੱਚ ਕੰਮ ਕੀਤਾ। ਪੜ੍ਹਾਈ ਵਿੱਚ ਦਿਲਚਸਪੀ ਨਾ ਰੱਖਣ ਵਾਲੀ ਮਹਿਜ਼ਬੀਨ ਦਾ ਬਚਪਨ ਦਾ ਜ਼ਿਆਦਾ ਸਮਾਂ ਆਪਣੀ ਨਾਨੀ ਕੋਲ ਹੀ ਗੁਜ਼ਰਿਆ।

ਮਹਿਜ਼ਬੀਨ ਜਦੋਂ ਬਾਲ ਫਿਲਮਾਂ ਰਾਹੀਂ ਪਰਦੇ ‘ਤੇ ਆਈ ਉਸ ਸਮੇਂ ਉਸ ਦੀ ਉਮਰ 12 ਕੁ ਸਾਲ ਦੀ ਸੀ। 1939 ਵਿੱਚ ਮੰਨੇ-ਪ੍ਰਮੰਨੇ ਨਿਰਮਾਤਾ ਨਿਰਦੇਸ਼ਕ ਵਿਜੇ ਭੱਟ ਨੇ ਜਦੋਂ ਇਸ ਲੜਕੀ ਨੂੰ ਆਪਣੀ ਫਿਲਮ ‘ਲੈਦਰ ਫੇਸ’ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਦਰਸ਼ਕਾਂ ਦੇ ਰੂਬਰੂ ਕੀਤਾ ਤਾਂ ਇਸ ਦਾ ਨਾਂ ਬਦਲ ਕੇ ਬੇਬੀ ਮੀਨਾ ਰੱਖ ਦਿੱਤਾ। ਇਸ ਮਗਰੋਂ ਮੀਨਾ, ‘ਬੱਚੋਂ ਕਾ ਖੇਲ’ ਰਾਹੀਂ ਹੀਰੋਇਨ ਦੇ ਰੂਪ ਵਿੱਚ ਪਰਦੇ ‘ਤੇ ਆਈ। ਇਸ ਫਿਲਮ ਵਿੱਚ ਆਪਣੇ ਜ਼ਬਰਦਸਤ ਅਭਿਨੈ ਸਦਕਾ, ਮੀਨਾ ਨੇ ਇਹ ਸਿੱਧ ਕਰ ਦਿੱਤਾ ਕਿ ਉਹ ਅਦਾਕਾਰੀ ਦੇ ਮਾਮਲੇ ‘ਚ ਉਸ ਸਮੇਂ ਦੀਆਂ ਮਸ਼ਹੂਰ ਹੀਰੋਇਨਾਂ ਕਾਮਿਨੀ ਕੌਸ਼ਲ, ਨਿਰੂਪਾ ਰਾਏ ਅਤੇ ਦੇਵਿਕਾ ਰਾਣੀ ਨਾਲੋਂ ਘੱਟ ਨਹੀਂ। ਇਹ ਫਿਲਮ ਕਾਫ਼ੀ ਹੱਦ ਤੱਕ ਸਫਲ ਰਹੀ ਅਤੇ ਮੀਨਾ ਬਣ ਗਈ ਮੀਨਾ ਕੁਮਾਰੀ। ਲੱਖਾਂ ਦੀ ਗਿਣਤੀ ਵਿੱਚ ਦਰਸ਼ਕ ਉਸ ਦੇ ਦੀਵਾਨੇ ਬਣ ਗਏ ਸਨ।

ਸਾਲ 1953 ਵਿੱਚ ਪਹਿਲੀ ਵਾਰ ਉਸ ਨੂੰ ਫਿਲਮਫੇਅਰ ਐਵਾਰਡ ਨਾਲ ਨਿਵਾਜਿਆ। ਜਿਨ੍ਹਾਂ ਫਿਲਮਾਂ ਨੇ ਮੀਨਾ ਨੂੰ ਹੋਰ ਪ੍ਰਸਿੱਧੀ ਦਿਵਾਈ ਉਨ੍ਹਾਂ ਵਿੱਚੋਂ ਸਨ ‘ਪ੍ਰਣੀਤਾ’ (1953), ‘ੲੇਕ ਹੀ ਰਾਸਤਾ’ (1956), ‘ਸ਼ਾਰਦਾ’ (1957), ‘ਦਿਲ ਅਪਨਾ ਔਰ ਪ੍ਰੀਤ ਪਰਾਈ’ (1960), ‘ਕੋਹਿਨੂਰ’ ਅਤੇ ਗੁਰੂਦੱਤ ਵੱਲੋਂ ਨਿਰਦੇਸ਼ਿਤ ‘ਸਾਹਿਬ ਬੀਵੀ ਔਰ ਗੁਲਾਮ’ ਆਦਿ ਜ਼ਿਕਰਯੋਗ ਹਨ। 1962 ਵਿੱਚ ਮੀਨਾ ਕੁਮਾਰੀ ਨੂੰ ਉਸ ਦੀਆਂ ਫਿਲਮਾਂ ‘ਮੈਂ ਚੁੱਪ ਰਹੂੰਗੀ’, ‘ਆਰਤੀ’ ਅਤੇ ‘ਬਹੂ ਬੇਗ਼ਮ’ ਲਈ ਫਿਲਮਫੇਅਰ ਐਵਾਰਡ ਮਿਲੇ। ਇਸ ਤੋਂ ਇਲਾਵਾ ‘ਬੈਜੂ ਬਾਵਰਾ’ ਨੇ ਪੂਰੇ ਭਾਰਤ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਕੇ ਮੀਨਾ ਕੁਮਾਰੀ ਨੂੰ ਸ਼੍ਰੇਸ਼ਠ ਅਭਿਨੈ ਦਾ ਫਿਲਮਫੇਅਰ ਐਵਾਰਡ ਵੀ ਦਿਵਾਇਆ। ਅੱਗੇ ਚੱਲ ਕੇ ਮੀਨਾ ਨੂੰ ਅਣਗਿਣਤ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਂਦਾ ਰਿਹਾ। ਉਸ ਨੇ ਲਗਪਗ 90 ਫਿਲਮਾਂ ਵਿੱਚ ਅਦਾਕਾਰੀ ਕੀਤੀ। 24 ਮਈ 1952 ਵਿੱਚ ਮੀਨਾ ਨੇ ਨਿਰਮਾਤਾ ਨਿਰਦੇਸ਼ਕ ਲੇਖਕ ਕਮਾਲ ਅਮਰੋਹੀ ਨਾਲ ਲਵ ਮੈਰਿਜ ਕਰਵਾ ਲਈ, ਪਰ ਦੋਵਾਂ ਦਾ ਗ੍ਰਹਿਸਥੀ ਜੀਵਨ ਸਫਲ ਨਾ ਰਿਹਾ ਕਿਉਂਕਿ ਇੱਕ ਤਾਂ ਕਮਾਲ ਅਮਰੋਹੀ, ਮੀਨਾ ਕੁਮਾਰੀ ਤੋਂ ਉਮਰ ਵਿੱਚ ਕਾਫ਼ੀ ਵੱਡੇ ਸਨ, ਦੂਜੇ ਉਨ੍ਹਾਂ ਦੇ ਆਪਸੀ ਵਿਚਾਰਾਂ ਨੇ ਵੀ ਤਾਲਮੇਲ ਨਾ ਖਾਧਾ। ਜਿਸ ਦਾ ਮਾੜਾ ਅਸਰ ਮੀਨਾ ਦੇ ਵਿਅਕਤੀਗਤ ਜੀਵਨ ਅਤੇ ਫਿਲਮਾਂ ‘ਤੇ ਵੀ ਪੈਂਦਾ ਗਿਆ। ਉਹ ਸ਼ਰਾਬ ਦਾ ਸੇਵਨ ਕਰਨ ਲੱਗ ਪਈ।

ਉਨ੍ਹਾਂ ਦਿਨਾਂ ਵਿੱਚ ਹੀ ਫਿਲਮ ਇੰਡਸਟਰੀ ਵਿੱਚ ਆਪਣੇ ਪੈਰ ਜਮਾਉਣ ਲਈ ਸੰਘਰਸ਼ ਕਰ ਰਿਹਾ ਇੱਕ ਨਵਾਂ ਚਿਹਰਾ ਧਰਮਿੰਦਰ ਉਸ ਦੇ ਨਜ਼ਦੀਕ ਆਇਆ। ਮੀਨਾ ਕੁਮਾਰੀ ਨੂੰ ਧਰਮਿੰਦਰ ਵਿੱਚ ਇੱਕ ਸੱਚਾ ਹਮਦਰਦ ਵਿਖਾਈ ਦਿੱਤਾ ਜੋ ਉਸ ਦੇ ਜਜ਼ਬਾਤ ਨੂੰ ਸਮਝ ਸਕਦਾ ਸੀ। ਦੋਹਾਂ ਦੀ ਨੇੜਤਾ 1965 ਵਿੱਚ ਫਿਲਮ ‘ਕਾਜਲ’ ਦੀ ਸ਼ੂਟਿੰਗ ਦਰਮਿਆਨ ਵਧੀ। ਇਹ ਫਿਲਮ ਬਹੁਤ ਸਫਲ ਰਹੀ। ਫੇਰ ਮੀਨਾ ਕੁਮਾਰੀ ਦੀ ਸਿਫਾਰਸ਼ ‘ਤੇ ਹੀ 1966 ਵਿੱਚ ਨਿਰਮਾਤਾ-ਨਿਰਦੇਸ਼ਕ ਓਪੀ ਰਲਹਨ ਨੇ ਧਰਮਿੰਦਰ ਨੂੰ ਆਪਣੀ ਫਿਲਮ ‘ਫੂਲ ਔਰ ਪੱਥਰ’ ਵਿੱਚ ਹੀਰੋ ਦਾ ਰੋਲ ਦਿੱਤਾ। ਇਸ ਫਿਲਮ ਨੇ ਆਸ ਤੋਂ ਵੱਧ ਸਫਲਤਾ ਹਾਸਲ ਕੀਤੀ। ਇਸ ਨੇ ਧਰਮਿੰਦਰ ਦੇ ਪੈਰ ਸਦਾ ਲਈ ਫਿਲਮ ਇੰਡਸਟਰੀ ਵਿੱਚ ਜਮ੍ਹਾ ਦਿੱਤੇ। ਉਹ ਮੀਨਾ ਕੁਮਾਰੀ ਦਾ ਰਿਣੀ ਹੋ ਗਿਆ ਸੀ। ਜਿਸ ਦੀ ਬਦੌਲਤ ਹੀ ਉਹ ਇੱਕ ਸਫਲ ਅਦਾਕਾਰ ਬਣ ਚੁੱਕਾ ਸੀ। ਧਰਮਿੰਦਰ ਅਤੇ ਮੀਨਾ ਕੁਮਾਰੀ ਦੀ ਨੇੜਤਾ ਕਾਰਨ ਹੀ ਕਮਾਲ ਅਮਰੋਹੀ ਅਤੇ ਮੀਨਾ ਕੁਮਾਰੀ ਦੀ ਜ਼ਿੰਦਗੀ ਵਿੱਚ ਦਰਾੜ ਆ ਚੁੱਕੀ ਸੀ। ਇਸ ਦਾ ਸਿੱਟਾ ਇਹ ਨਿਕਲਿਆ ਕਿ ਦੋਵੇਂ ਬਿਨਾਂ ਤਲਾਕ ਹੀ ਅੱਡ-ਅੱਡ ਰਹਿਣ ਲੱਗ ਪਏ ਸਨ। ਪਰ ਮੀਨਾ ਕੁਮਾਰੀ ਨੇ ਇਸ ਦੇ ਬਾਵਜੂਦ ਕਮਾਲ ਅਮਰੋਹੀ ਨਾਲ ਪ੍ਰੋਫੈਸ਼ਨਲ ਤੌਰ ‘ਤੇ ਕੋਈ ਗਿਲਾ ਨਾ ਰੱਖਿਆ ਅਤੇ ਉਸ ਦੀ ਲੰਮੇ ਸਮੇਂ ਤੋਂ ਬਣ ਰਹੀ ਫਿਲਮ ‘ਪਾਕੀਜ਼ਾ’ ਨੂੰ ਪੂਰਾ ਕੀਤਾ। ਇਹ ਫਿਲਮ ਦੋਹਾਂ ਦੇ ਜੀਵਨ ਵਿੱਚ ਮੀਲ ਦਾ ਪੱਥਰ ਸਾਬਤ ਹੋਈ। ਕਮਾਲ ਅਮਰੋਹੀ ਦਾ ਨਾਮ ਸਫਲ ਨਿਰਦੇਸ਼ਕਾਂ ਦੀ ਗਿਣਤੀ ਵਿੱਚ ਆ ਗਿਆ। ਕਮਾਲ ਅਮਰੋਹੀ ਨੇ ਮੀਨਾ ਨੂੰ ਧਿਆਨ ਵਿੱਚ ਰੱਖ ਕੇ ਹੀ ਫਿਲਮ ‘ਰਜ਼ੀਆ ਸੁਲਤਾਨ’ ਦੀ ਕਹਾਣੀ ਲਿਖੀ ਕਿਉਂਕਿ ਮੀਨਾ ਕੁਮਾਰੀ ਦੀ ਸਿਹਤ ਠੀਕ ਨਹੀਂ ਸੀ ਉਸ ਨੇ ਆਪਣੀ ਬੇਵਸੀ ਪ੍ਰਗਟਾਉਂਦਿਆਂ ਇਹ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ। ਕਮਾਲ ਅਮਰੋਹੀ ਨੂੰ ਯਕੀਨ ਸੀ ਕਿ ਮੀਨਾ ਦੇ ਸਿਹਤਯਾਬ ਹੁੰਦਿਆਂ ਹੀ ਉਹ ‘ਪਾਕੀਜ਼ਾ’ ਵਾਂਗ ਹੀ ਇਸ ਫਿਲਮ ਨੂੰ ਵੀ ਕਰਨ ਲਈ ਰਾਜ਼ੀ ਹੋ ਜਾਵੇਗੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੀਨਾ ਦੇ ਅਕਾਲ ਚਲਾਣੇ ਤੋਂ ਬਾਅਦ ਕਮਾਲ ਅਮਰੋਹੀ ਨੂੰ ਰਜ਼ੀਆ ਸੁਲਤਾਨ ਲਈ ਹੇਮਾ ਮਾਲਿਨੀ ਨੂੰ ਲੈਣਾ ਪਿਆ। ਇਸ ਫਿਲਮ ਦੇ ਗੀਤ ਬੇਹੱਦ ਹਰਮਨਪਿਆਰੇ ਸਨ, ਪਰ ਫਿਲਮ ਫਲਾਪ ਸੀ।

ਮੀਨਾ ਕੁਮਾਰੀ ਜਿੱਥੇ ਇੱਕ ਬਿਹਤਰੀਨ ਅਦਾਕਾਰਾ ਅਤੇ ਚੰਗੀ ਇਨਸਾਨ ਸੀ ਉੱਥੇ ਹੀ ਉਹ ਇੱਕ ਵਧੀਆ ਕਵਿੱਤਰੀ ਵੀ ਸੀ। ਉਸ ਦੀਆਂ ਕਾਫ਼ੀ ਸਾਰੀਆਂ ਕਾਵਿ ਵੰਨਗੀਆਂ ‘ਨਾਜ਼’ ਨਾਂ ਨਾਲ ਉਸ ਸਮੇਂ ਦੇ ਪ੍ਰਸਿੱਧ ਪਰਚਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ। ਮੀਨਾ ਦੀ ਇੱਕ ਪੁਸਤਕ ‘ਤਨਹਾ ਚਾਂਦ’ (ਉਰਦੂ) ਬੜੀ ਹੀ ਮਕਬੂਲ ਹੋਈ। ਮੀਨਾ ਕੁਮਾਰੀ ਦੀਆਂ ਤਮਾਮ ਰਚਨਾਵਾਂ ਵਿੱਚ ਬਹੁਤ ਦਰਦ ਛੁਪਿਆ ਹੋਇਆ ਸੀ। ਉਸ ਵੱਲੋਂ ਰਚਿਤ ਕੁਝ ਸਤਰਾਂ ਇਸ ਤਰ੍ਹਾਂ ਹਨ:

ਜ਼ਿੰਦਗੀ ਕਿਆ ਇਸੀ ਕੋ ਕਹਿਤੇ ਹੈਂ

ਜਿਸਮ ਤਨਹਾ ਔਰ ਜਾਂ ਤਨਹਾ।

ਹਮਸਫ਼ਰ ਗਰ ਮਿਲਾ ਭੀ ਤੋ ਕੋਈ ਕਹੀਂ

ਤੋ ਦੋਨੋਂ ਚਲਤੇ ਰਹੇ ਤਨਹਾ-ਤਨਹਾ।

ਤਲਾਕ ਤੋ ਦੇ ਰਹੇ ਹੋ ਗ਼ਰੂਰ-ਓ ਕਹਿਰ ਕੇ ਸਾਥ

ਮੇਰਾ ਸ਼ਬਾਬ ਭੀ ਲੌਟਾ ਦੋ

ਮੇਰੀ ਮੇਹਰ ਕੇ ਸਾਥ।

ਤੁਮ ਕਿਆ ਕਰੋਗੇ ਸੁਨ ਕਰ ਮੁਝਸੇ ਮੇਰੀ ਕਹਾਨੀ

ਬੇਲੁਤਫ਼ ਜ਼ਿੰਦਗੀ ਕੇ ਕਿੱਸੇ ਹੈਂ ਫੀਕੇ-ਫੀਕੇ।

ਮੀਨਾ ਕੁਮਾਰੀ ਬੇਹੱਦ ਖੂਬਸੂਰਤ ਸੀ। ਬਚਪਨ ਵਿੱਚ ਇੱਕ ਹਾਦਸੇ ਵਿੱਚ ਉਸ ਦੇ ਖੱਬੇ ਹੱਥ ਦੀ ਚੀਚੀ ਕੱਟ ਗਈ ਸੀ, ਇਹੀ ਕਾਰਨ ਸੀ ਕਿ ਉਹ ਆਪਣੇ ਨੁਕਸ ਵਾਲੇ ਹੱਥ ਨੂੰ ਕਿਰਦਾਰ ਨਿਭਾਉਣ ਸਮੇਂ ਦੁੱਪਟੇ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਛੁਪਾਉਣ ਦੀ ਕੋਸ਼ਿਸ਼ ਕਰਦੀ ਸੀ। ਜ਼ਮਾਨੇ ਦੀਆਂ ਦਗ਼ਾਬਾਜ਼ੀਆਂ ਤੇ ਸੰਘਰਸ਼ਮਈ ਜੀਵਨ ਦੇ ਕੌੜੇ ਘੁੱਟਾਂ ਨੇ ਉਸ ਦੇ ਅੰਦਰਲੀ ਔਰਤ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਉਸ ਨੇ ਸ਼ਾਇਰੀ ਅਤੇ ਸ਼ਰਾਬ ਨੂੰ ਆਪਣਾ ਸਾਥੀ ਬਣਾ ਲਿਆ। ਸ਼ਰਾਬ ਜ਼ਿਆਦਾ ਪੀਣ ਅਤੇ ਡਿਪਰੈਸ਼ਨ ‘ਚ ਰਹਿਣ ਕਾਰਨ ਉਸ ਦਾ ਲਹੂ ਪਾਣੀ ਬਣਨ ਲੱਗਾ। ਉਸ ਨੂੰ ਜਿਗਰ ਨਾਲ ਸਬੰਧਿਤ ਬਿਮਾਰੀਆਂ ਨੇ ਘੇਰ ਲਿਆ। ਇਲਾਜ ‘ਤੇ ਆ ਰਹੇ ਖ਼ਰਚਿਆਂ ਅਤੇ ਬੇਕਾਰੀ ਨੇ ਉਸ ਨੂੰ ਆਰਥਿਕ ਪੱਖੋਂ ਮਾੜਾ ਕਰ ਦਿੱਤਾ। ਫੇਰ ਰਿਸ਼ਤੇਦਾਰ ਵੀ ਉਸ ਤੋਂ ਪਾਸਾ ਵੱਟਣ ਲੱਗੇ ਸਨ। ਸ਼ਰਾਬ ਨੇ ਉਹ ਦੇ ਜਿਸਮ ਨੂੰ ਖੋਖਲਾ ਕਰ ਦਿੱਤਾ ਸੀ। ਮੀਨਾ ਕੁਮਾਰੀ ਨੇ ਮਹਿਜ਼ 38 ਸਾਲ ਦੀ ਛੋਟੀ ਜਿਹੀ ਉਮਰ ਭੋਗ ਕੇ 31 ਮਾਰਚ 1972 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇੱਕ ਸਮਾਜ ਸੇਵੀ ਸੰਸਥਾ ਨੇ ਅੱਗੇ ਹੋ ਕੇ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ। ਇਸ ਮੌਕੇ ਫਿਲਮ ਜਗਤ ਦੀਆਂ ਕੁਝ ਕੁ ਹਸਤੀਆਂ ਹੀ ਸ਼ਾਮਲ ਹੋਈਆ ਜਿਵੇਂ ਕਿ ਨਰਗਿਸ, ਸੁਨੀਲ ਦੱਤ, ਪ੍ਰਦੀਪ ਅਤੇ ਅਸ਼ੋਕ ਕੁਮਾਰ ਆਦਿ। ਮੀਨਾ ਕੁਮਾਰੀ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਫਿਲਮੀ ਦੁਨੀਆ ਦੀ ਬਿਹਤਰੀਨ ਹਸਤੀ ਵਜੋਂ ਅਤੇ ਸਫਲ ਅਦਾਕਾਰਾ ਦੇ ਰੂਪ ਵਿੱਚ ਉਹ ਅੱਜ ਵੀ ਸਾਡੇ ਦਰਮਿਆਨ ਜਿਉਂਦੀ ਹੈ ਅਤੇ ਹਮੇਸ਼ਾਂ ਰਹੇਗੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -