ਮੈਡਰਿਡ (ਸਪੇਨ): ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਗਰਬਾਈਨ ਮੁਗੂਰੁਜ਼ਾ ਨੇ ਕਿਹਾ ਕਿ ਉਹ ਟੈਨਿਸ ਤੋਂ ਲੰਮਾ ਸਮਾਂ ਆਰਾਮ ਲਵੇਗੀ ਅਤੇ ਇਸ ਦੌਰਾਨ ਫਰੈਂਚ ਓਪਨ ਤੇ ਵਿੰਬਲਡਨ ਨਹੀਂ ਖੇਡ ਸਕੇਗੀ। ਮੁਗੂਰੁਜ਼ਾ ਨੇ ਇਸ ਸਾਲ 30 ਜਨਵਰੀ ਤੋਂ ਬਾਅਦ ਕੋਈ ਵੀ ਮੈਚ ਨਹੀਂ ਖੇਡਿਆ ਹੈ। ਉਸ ਨੂੰ ਇਸ ਸਾਲ ਖੇਡੇ ਚਾਰੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੇ ਸੋਮਵਾਰ ਨੂੰ ਇੰਸਟਾਗ੍ਰਾਮ ‘ਤੇ ਲਿਖਿਆ ਕਿ ਉਹ ਇਸ ਸੈਸ਼ਨ ਵਿੱਚ ਕਲੇਅ ਕੋਰਟ ਅਤੇ ਘਾਹ ਦੇ ਮੈਦਾਨ ਵਾਲੇ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਵੇਗੀ। ਗਰਬਾਈਨ ਮੁਗੂਰੁਜ਼ਾ ਨੇ ਕਿਹਾ, ”ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾ ਰਹੀ ਹਾਂ ਅਤੇ ਇਹ ਅਸਲ ਵਿੱਚ ਬਹੁਤ ਸ਼ਾਨਦਾਰ ਹੈ। ਇਸ ਕਰਕੇ ਮੈਂ ਇਸ ਮਿਆਦ ਨੂੰ ਗਰਮੀਆਂ ਤੱਕ ਵਧਾਉਣ ਜਾ ਰਹੀ ਹੈ।” ਦੱਸਣਯੋਗ ਹੈ ਕਿ ਸਪੇਨ ਦੀ ਖਿਡਾਰਨ ਮੁਗੂਰੁਜ਼ਾ ਨੇ 2016 ਵਿੱਚ ਸੈਰੇਨਾ ਵਿਲੀਅਮਸ ਨੂੰ ਹਰਾ ਕੇ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ ਜਦਕਿ 2017 ਵਿੱਚ ਉਹ ਵੀਨਸ ਵਿਲੀਅਮਜ਼ ਨੂੰ ਹਰਾ ਕੇ ਵਿੰਬਲਡਨ ਚੈਂਪੀਅਨ ਬਣੀ ਸੀ। -ਏਪੀ