ਬਠਿੰਡਾ : 8 ਪਿਸਤੌਲਾਂ ਸਮੇਤ 3 ਗ੍ਰਿਫਤਾਰ
ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਦੱਸਿਆ ਕਿ ਬਠਿੰਡਾ ਪੁਲਿਸ ਨੇ 3 ਜਣਿਆ ਨੂੰ ਗ੍ਰਿਫਤਾਰ ਕੀਤਾ ਹੈ ਜਿੰਨ੍ਹਾਂ ਕੋਲੋ 8 ਪਿਸਤੌਲ ਬਰਾਮਦ ਹੋਏ ਹਨ। ਫੜੇ ਗਏ ਵਿਅਕਤੀਆਂ ਦੀ ਪਛਾਣ ਰਾਜਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਪਿੰਡ ਦਿੱਖ, ਬਠਿੰਡਾ ; ਰਮਨ ਕੁਮਾਰ ਵਾਸੀ ਪਿੰਡ ਗੁਰੂਹਰਸਹਾਏ, ਫਾਜ਼ਿਕਲਕਾ ਅਤੇ ਜਗਜੀਤ ਸਿੰਘ ਵਾਸੀ ਢਿੱਲਵਾ ਕਲਾਂ , ਕੋਟਕਪੂਰਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 8 ਪਿਸਤੌਲ–ਤਿੰਨ .30 ਬੋਰ ਦੇ ਪਿਸਤੌਲ ਅਤੇ ਪੰਜ .32 ਬੋਰ ਦੇ ਪਿਸਤੌਲ– ਸਮੇਤ 9 ਮੈਗਜ਼ੀਨ ਅਤੇ 30 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇੱਕ ਚੋਰੀ ਦੀ ਆਲਟੋ ਕਾਰ ਨੂੰ ਵੀ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ ਉਕਤ ਸਫ਼ਰ ਕਰ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਸੰਗਰੂਰ ਜੇਲ੍ਹ ਵਿੱਚ ਬੰਦ ਵਿਅਕਤੀਆਂ ਦੇ ਸੰਪਰਕ ਵਿੱਚ ਸਨ। ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਅਵਨੀਤ ਕੌਰ ਸਿੱਧੂ ਨੇ ਕਿਹਾ ਹੈ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੜੇ ਗਏ ਮੁਲਜ਼ਮਾਂ ਨੇ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਂਦੇ ਸਨ ਤਾਂ ਜੋ ਰਾਜ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਕੇ ਸਮਾਜ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਸਕੇ । ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਅਗਲੀਆਂ-ਪਿਛਲੀਆਂ ਕੜੀਆਂ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ ਅਤੇ ਹੋਰ ਹਥਿਆਰਾਂ ਦੀ ਬਰਾਮਦਗੀ ਦੀ ਆਸ ਹੈ।
The post ਬਠਿੰਡਾ : 8 ਪਿਸਤੌਲਾਂ ਸਮੇਤ 3 ਗ੍ਰਿਫਤਾਰ first appeared on Ontario Punjabi News.