ਮੋਦੀ ਦੀ ਪੰਜਾਬ ‘ਚ ਸੁਰੱਖਿਆ ਕੋਤਾਹੀ ਮਾਮਲੇ ‘ਚ SP ਨੂੰ ਲੱਗਿਆ ਰਗੜਾ
5 ਜਨਵਰੀ2022 ਨੂੰ ਕਿਸਾਨ ਜੱਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਬਠਿੰਡਾ ਹਵਾਈ ਅੱਡੇ ਤੋਂ ਫਿਰੋਜ਼ਪੁਰ ਜਾਣ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉਨ੍ਹਾਂ ਦੇ ਕਾਫਲੇ ਦੇ ਰਾਹ ਵਿੱਚ ਪੈਂਦੇ ਇੱਕ ਫਲਾਈਓਵਰ ਤੇ ਫਸਣ ਦੇ ਮਾਮਲੇ ਨੂੰ ਗੰਭੀਰ ਸੁਰੱਖਿਆ ਕੋਤਾਹੀ ਮੰਨਦਿਆਂ ਐਸ ਪੀ (ਹੈਡਕੁਆਟਰ) ਬਠਿੰਡਾ ਗੁਰਵਿੰਦਰ ਸਿੰਘ ਸੰਘਾ ਨੂੰ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਧਰਨਾਕਾਰੀਆਂ ਵੱਲੋਂ ਸੜਕ ਜਾਮ ਕਰਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਹੁਸੈਨੀਵਾਲਾ ਸਥਿਤ ਸ਼ਹੀਦ ਸਮਾਰਕ ਤੋਂ ਕਰੀਬ 30 ਕਿਲੋਮੀਟਰ ਦੂਰ ਫਲਾਈਓਵਰ ‘ਤੇ 15 ਤੋਂ 20 ਮਿੰਟ ਤੱਕ ਫਸਿਆ ਰਿਹਾ ਸੀ ਜਿਸ ਨੂੰ ਪੜਤਾਲ ਦੌਰਾਨ ਬਹੱਦ ਸੰਗੀਨ ਮਾਮਲਾ ਮੰਨਿਆ ਗਿਆ ਹੈ। ਡੀਜੀਪੀ ਪੰਜਾਬ ਨੇ 18 ਅਕਤੂਬਰ 2023 ਨੂੰ ਇਸ ਸਬੰਧ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਪੇਸ਼ ਕੀਤੀ ਸੀ। ਰਿਪੋਰਟ ’ਚ ਪ੍ਰਧਾਨ ਮੰਤਰੀ ਦੇ ਦੌੇਰੇ ਮੌਕੇ ਐਸ ਪੀ ਗੁਰਿਵੰਦਰ ਸਿੰਘ ਨੂੰ ਆਪਣੀ ਡਿਊਟੀ ਸਹੀ ਢੰਗ ਨਾਲ ਨਾਂ ਨਿਭਾਉਣ ਦਾ ਦੋਸ਼ੀ ਪਾਇਆ ਗਿਆ ਸੀ। ਮਾਮਲੇ ਨੂੰ ਵਿਚਾਰਨ ਉਪਰੰਤ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਵਲੀ 1970 ਤਹਿਤ ਰਾਜਪਾਲ ਪੰਜਾਬ ਦੇ ਹੁਕਮਾਂ ਤਹਿਤ ਐਸ ਪੀ ਗੁਰਵਿੰਦਰ ਸਿੰਘ ਸੰਘਾ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮੁਅੱਤਲੀ ਦੌਰਾਨ ਐਸ ਪੀ ਸੰਘਾ ਦਾ ਹੈਡਕੁਆਟਰ ਡੀਜੀਪੀ ਪੰਜਾਬ ਚੰਡੀਗੜ੍ਹ ਦਾ ਦਫਤਰ ਹੋਵੇਗਾ। ਇਸ ਸਬੰਧ ਵਿੱਚ ਜਾਰੀ ਹੁਕਮਾਂ ਅਨੁਸਾਰ ਮੁਅੱਤਲ ਐਸ ਪੀ ਨੂੰ ਸਮਰੱਥ ਅਧਿਕਾਰੀ ਦੀ ਪਹਿਲਾਂ ਪ੍ਰਵਾਨਗੀ ਤੋਂ ਬਿਨਾਂ ਆਪਣਾ ਹੈਡਕੁਆਟਰ ਨਹੀਂ ਛੱਡ ਸਕੇਗਾ।
The post ਮੋਦੀ ਦੀ ਪੰਜਾਬ ‘ਚ ਸੁਰੱਖਿਆ ਕੋਤਾਹੀ ਮਾਮਲੇ ‘ਚ SP ਨੂੰ ਲੱਗਿਆ ਰਗੜਾ first appeared on Ontario Punjabi News.