ਰਾਜੋਆਣਾ ਨੇ ਜੇਲ੍ਹ ’ਚ ਭੁੱਖ ਹੜਤਾਲ ਸ਼ੁਰੂ ਕੀਤੀ
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਐਲਾਨ ਮੁਤਾਬਕ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਸ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਸਵੇਰ ਦੀ ਰੋਟੀ ਨਹੀਂ ਫੜੀ। ਉਹ ਮੰਗ ਕਰ ਰਿਹਾ ਹੈ ਕਿ 12 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਸਬੰਧੀ ਰਾਸ਼ਟਰਪਤੀ ਕੋਲ ਦਾਇਰ ਕੀਤੀ ਰਹਿਮ ਦੀ ਅਪੀਲ ਵਾਪਸ ਕਰਵਾਈ ਜਾਵੇ। ਇਹ ਪਟੀਸ਼ਨ ਵਾਪਸ ਲੈਣ ਤੋਂ ਇਨਕਾਰ ਕਰਦੀਆਂ ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਨੂੰ ਦਿੱਲੀ ਵਿੱਚ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ। ਦੂਜੇ ਬੰਨੇ ਇੱਕ ਦਿਨ ਪਹਿਲਾਂ ਹੀ ਸਾਬਕਾ ਮੰਤਰੀ ਬਿਕਰਮ ਮਜੀਠੀਆ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਭੁੱਖ ਹੜਤਾਲ ਟਾਲਣ ਲਈ ਰਾਜੋਆਣਾ ਨਾਲ ਮੁਲਾਕਾਤ ਵਾਸਤੇ ਆਏ ਸਨ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਮੁਲਾਕਾਤ ਦੀ ਆਗਿਆ ਨਾ ਦਿੱਤੀ। ਇਸੇ ਦੌਰਾਨ ਸ੍ਰੀ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਅੱਜ ਇੱਥੇ ਜੇਲ੍ਹ ਵਿੱਚ ਮੁਲਾਕਾਤ ਕਰਨ ਲਈ ਪੁੱਜੀ।
The post ਰਾਜੋਆਣਾ ਨੇ ਜੇਲ੍ਹ ’ਚ ਭੁੱਖ ਹੜਤਾਲ ਸ਼ੁਰੂ ਕੀਤੀ first appeared on Ontario Punjabi News.