ਨਸ਼ਾ ਤਸਕਰੀ ਮਾਮਲੇ ’ਚ ਮਜੀਠੀਆ ਸਿੱਟ ਅੱਗੇ ਪੇਸ਼
ਅਕਾਲੀ ਨੇਤਾ ਬਿਕਰਮ ਮਜੀਠੀਆ ਪਟਿਆਲਾ ‘ਚ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਅੱਗੇ ਪੇਸ਼ ਹੋਏ। ਦੋ ਸਾਲ ਪਹਿਲਾਂ ਦਰਜ ਕੀਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੁੱਛ ਪੜਤਾਲ ਲਈ ਮਜੀਠੀਆ ਨੂੰ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਪਟਿਆਲਾ ਵਿਖੇ ਸੱਦਿਆ ਗਿਆ । ਸਿੱਟ ਅੱਗੇ ਪੇਸ਼ ਹੋਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਆਖਿਆ ਕਿ ਸਿੱਟ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ ਤੇ ਉਹ ਚਾਹੁਣਗੇ ਕਿ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਟ ਦਾ ਨਵਾਂ ਮੁਖੀ ਲਾਇਆ ਜਾਵੇ, ਤਾਂ ਜੋ ਮੇਰੇ ਤੋਂ ਮੁੱਖ ਮੰਤਰੀ ਸਿੱਧੇ ਸਵਾਲ ਕਰ ਸਕਣ। ਮਜੀਠੀਆ ਨੇ ਇਹ ਵੀ ਆਖਿਆ ਕਿ ਇਸ ਸਿੱਟ ਦੇ ਮੈਂਬਰਾਂ ਵਜੋਂ ਮੁੱਖ ਮੰਤਰੀ ਦੇ ਓਐੱਸਡੀ ਰਾਜਵੀਰ ਸਿੰਘ ਘਰਾਚੋਂ ਅਤੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੂੰ ਵੀ ਸ਼ਾਮਲ ਕਰ ਲਿਆ ਜਾਵੇ। ਇਸ ਮੌਕੇ ਮਜੀਠੀਆ ਨੇ ਐਲਾਨ ਕੀਤਾ ਕਿ ਸ਼ਹੀਦੀ ਦਿਹਾੜੇ ਮਗਰੋਂ ਉਹ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਟੱਕਰਨਗੇ। ਸਰਕਾਰ ਉਸਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਪਰ ਉਹ ਸਰਕਾਰ ਦੀਆਂ ਅਜਿਹੀਆਂ ਧਮਕੀਆਂ ਤੋਂ ਡਰ ਕੇ ਮੁੱਖ ਮੰਤਰੀ ਦਾ ਟਾਕਰਾ ਕਰਨ ਤੋਂ ਪਿੱਛੇ ਨਹੀਂ ਹਟੇਗਾ।
The post ਨਸ਼ਾ ਤਸਕਰੀ ਮਾਮਲੇ ’ਚ ਮਜੀਠੀਆ ਸਿੱਟ ਅੱਗੇ ਪੇਸ਼ first appeared on Ontario Punjabi News.