ਇਟਲੀ ਪੁਲਿਸ ਦੀ ਕਾਰਵਾਈ ਮਿਲਾਨ ਹਵਾਈ ਅੱਡੇ ਤੇ 89 ਹਜ਼ਾਰ ਯੂਰੋ ਦੇ ਜੁਰਮਾਨੇ
ਇਟਲੀ ਪੁਲਿਸ ਦੀ ਕਾਰਵਾਈ ਮਿਲਾਨ ਹਵਾਈ ਅੱਡੇ ਤੇ 89 ਹਜ਼ਾਰ ਯੂਰੋ ਦੇ ਜੁਰਮਾਨੇ
ਮਿਲਾਨ/ਇਟਲੀ (ਸਾਬੀ ਚੀਨੀਆ): ਉੱਤਰੀ ਇਟਲੀ ਦੇ ਪੁਲਸ ਪ੍ਰਸ਼ਾਸਨ ਵੱਲੋਂ ਮਿਲਾਨ ਏਅਰਪੋਰਟ ‘ਤੇ ਇੱਕ ਵੱਡੀ ਕਾਰਵਾਈ ਕਰਦਿਆਂ ਨਿੱਜੀ ਵਾਹਨਾਂ ਨੂੰ ਟੈਕਸੀ ਦੇ ਰੂਪ ਵਰਤਣ ਵਾਲੇ 31 ਵਾਹਨਾਂ ਸਮੇਤ 12 ਲੋਕਾਂ ਨੂੰ 89 ਹਜ਼ਾਰ ਯੂਰੋ (ਜੋ ਭਾਰਤੀ ਕਰੰਸੀ ਮੁਤਾਬਿਕ 90 ਲੱਖ ਰੁਪਏ ਬਣਦੇ ਹਨ) ਦੇ ਭਾਰੀ ਜੁਰਮਾਨੇ ਕੀਤੇ ਗਏ। ਜਦੋਂ ਪੁਲਸ ਪ੍ਰਸ਼ਾਸਨ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਲੋਕ ਪੂਰੀ ਤਰ੍ਹਾਂ ਹੈਰਾਨ ਰਹਿ ਜਾਂਦੇ ਹਨ ਕਿ ਕਿਸ ਤਰ੍ਹਾਂ ਇਟਲੀ ਦੇ ਹਵਾਈ ਅੱਡਿਆਂ ‘ਤੇ ਸਰਕਾਰ ਨੂੰ ਟੈਕਸ ਦਿੱਤੇ ਬਗੈਰ ਲੋਕ ਆਪਣੇ ਨਿੱਜੀ ਵਾਹਨਾਂ ਨੂੰ ਟੈਕਸੀ ਦੇ ਰੂਪ ਵਿੱਚ ਵਰਤਕੇ ਇਟਲੀ ਸਰਕਾਰ ਨੂੰ ਲੱਖਾਂ ਯੂਰੋ ਦਾ ਚੂਨਾ ਲਾ ਰਹੇ ਹਨ।
ਦੱਸਣਯੋਗ ਹੈ ਕਿ ਸਥਾਨਿਕ ਪੁਲਸ ਪਿਛਲੇ ਕੁਝ ਸਮੇਂ ਤੋਂ ਆਰੰਭ ਕੀਤੇ ਇੱਕ ਵਿਸ਼ੇਸ਼ ਆਪਰੇਸ਼ਨ ਰਾਹੀਂ ਹਵਾਈ ਅੱਡੇ ਦੇ ਨੇੜੇ ਤੇੜੇ ਘੁੰਮ ਰਹੀਆਂ ਇਹਨਾਂ ਕਾਰਾਂ ‘ਤੇ ਨਿਗਾਹ ਰੱਖ ਰਹੀ ਸੀ, ਜਿੰਨਾਂ ਨੂੰ ਅਕਸਰ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਨੇੜੇ ਵੇਖਿਆ ਜਾਂਦਾ ਸੀ। ਪੁਲਸ ਮੁਤਾਬਕ ਦੋਸ਼ੀ ਮਿਲਾਨ ਆਉਣ ਵਾਲੀਆਂ ਸਵਾਰੀਆਂ ਨੂੰ ਨਜ਼ਦੀਕੀ ਰਿਸ਼ਤੇਦਾਰ ਦੱਸਕੇ ਪ੍ਰਸ਼ਾਸ਼ਨ ਦੇ ਅੱਖੀਂ ਘੱਟਾ ਪਾ ਮੰਜਿਲ ਤੱਕ ਪਹੁੰਚਾ ਪੈਸੇ ਕਮਾ ਰਹੇ ਸਨ ਤੇ ਗ਼ਲਤ ਤਰੀਕੇ ਨਾਲ ਸਵਾਰੀਆਂ ਦੀ ਢੋਆ ਢੁਆਈ ਕਰ ਰਹੇ ਸਨ।
ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਦੌਰਾਨ ਜਿੱਥੇ 89 ਹਜ਼ਾਰ ਯੂਰੋ ਦੇ ਕਰੀਬ ਵੱਡੇ ਜੁਰਮਾਨੇ ਕੀਤੇ ਗਏ ਹਨ ਉੱਥੇ ਫੜ੍ਹੇ ਗਏ ਨਿੱਜੀ ਵਾਹਨਾਂ ਨੂੰ ਦੋ ਤੋਂ ਅੱਠ ਮਹੀਨਿਆਂ ਤੱਕ ਜ਼ਬਤ ਕਰਕੇ ਅਦਾਲਤੀ ਕਾਰਵਾਈ ਕੀਤੀ ਗਈ। ਮਾਮਲੇ ਦੀ ਸਾਰੀ ਸੱਚਾਈ ਜਾਣਨ ਲਈ ਪੁਲਸ ਵੱਲੋਂ ਕਾਰ ਚਾਲਕਾਂ ਅਤੇ ਸਵਾਰੀਆ ਤੋਂ ਅਲੱਗ-ਅਲੱਗ ਤਰੀਕੇ ਨਾਲ ਪੁੱਛਗਿੱਛ ਵੀ ਕੀਤੀ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹਨਾਂ ਸਵਾਰੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਗ਼ਲਤ ਜਾਣਕਾਰੀ ਦਿੱਤੀ, ਉਹਨਾਂ ‘ਤੇ ਵੀ ਕੇਸ ਦਰਜ ਹੋ ਸਕਦੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਇਟਲੀ ਦੇ ਰੋਮ ਸਮੇਤ ਹੋਰ ਹਵਾਈ ਅੱਡਿਆਂ ‘ਤੇ ਵੀ ਸਖ਼ਤੀ ਕੀਤੀ ਗਈ ਹੈ ਤਾਂ ਜੋ ਅਜਿਹੇ ਲੋਕਾਂ ‘ਤੇ ਨਿਗ੍ਹਾ ਰੱਖੀ ਜਾ ਸਕੇ, ਜੋ ਆਪਣੇ ਨਿੱਜੀ ਵਾਹਨਾਂ ਨੂੰ ਪੁਲਸ ਪ੍ਰਸ਼ਾਸਨ ਤੋਂ ਟੈਕਸ ਬਚਾਉਣ ਕਰਕੇ ਸਵਾਰੀਆਂ ਢੋਹਣ ਲਈ ਵਰਤਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਵਿੱਚ ਟੈਕਸੀ ਦਾ ਪਰਮਿਟ ਲੈਣਾ ਬਹੁਤ ਔਖਾ ਹੈ ਅਤੇ ਲੋੜ ਤੋਂ ਜ਼ਿਆਦਾ ਖ਼ਰਚਾ ਤੇ ਟੈਕਸ ਦੇਣਾ ਪੈਂਦਾ ਹੈ। ਸ਼ਾਇਦ ਇਸੇ ਕਰਕੇ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪੁਲਸ ਪ੍ਰਸ਼ਾਸ਼ਨ ਮੁਤਾਬਕ ਦੋਸ਼ੀਆਂ ਵਿੱਚ ਜ਼ਿਆਦਾ ਤੌਰ ‘ਤੇ ਵਿਦੇਸ਼ੀ ਹਨ ਜੋ ਇਸ ਧੰਦੇ ਨੂੰ ਅੰਜਾਮ ਦੇ ਰਹੇ ਹਨ।
The post ਇਟਲੀ ਪੁਲਿਸ ਦੀ ਕਾਰਵਾਈ ਮਿਲਾਨ ਹਵਾਈ ਅੱਡੇ ਤੇ 89 ਹਜ਼ਾਰ ਯੂਰੋ ਦੇ ਜੁਰਮਾਨੇ first appeared on Ontario Punjabi News.