ਫ਼ਿਰੋਜ਼ਪੁਰ ਜੇਲ੍ਹ ’ਚੋਂ 43 ਹਜ਼ਾਰ ਫੋਨ ਕਾਲਾਂ ਦਾ ਮਾਮਲਾ
ਪੰਜਾਬ ਜੇਲ੍ਹ ਵਿਭਾਗ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚੋਂ ਤਿੰਨ ਤਸਕਰਾਂ ਵੱਲੋਂ 43000 ਤੋਂ ਵੱਧ ਫੋਨ ਕਾਲਾਂ ਕੀਤੇ ਜਾਣ ਦੇ ਮਾਮਲੇ ’ਚ ਗੰਭੀਰ ਕੁਤਾਹੀ ਲਈ ਮੌਜੂਦਾ ਜੇਲ੍ਹ ਸੁਪਰਡੈਂਟ ਸਣੇ 7 ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਇੱਥੋਂ ਤੱਕ ਇਨ੍ਹਾਂ ਵਿੱਚੋਂ ਦੋ ਤਸਕਰਾਂ ਵੱਲੋਂ ਆਪਣੀਆਂ ਪਤਨੀਆਂ ਦੇ ਖਾਤੇ ਵਿੱਚ 1.35 ਕਰੋੜ ਵੀ ਟਰਾਂਸਫਰ ਕੀਤੇ ਗਏ ਹਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮੁਲਜ਼ਮਾਂ ਵੱਲੋਂ ਜੇਲ੍ਹ ’ਚੋਂ ਆਪਣੇ ਫੋਨਾਂ ਰਾਹੀਂ ਪੈਸਾ ਭੇਜਿਆ ਜਾਂ ਪ੍ਰਾਪਤ ਵੀ ਕੀਤਾ ਗਿਆ ਹੈ ਜਾਂ ਨਹੀਂ।ਜਾਂਚ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਵਿੱਚ ਦੋ ਮੌਜੂਦਾ ਅਤੇ ਤਿੰਨ ਸੇਵਾਮੁਕਤ ਜੇਲ੍ਹ ਸੁਪਰਡੈਂਟ ਸ਼ਾਮਲ ਹਨ। ਇਨ੍ਹਾਂ ਵਿੱਚ ਸਤਨਾਮ ਸਿੰਘ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ, ਸਾਬਕਾ ਸੁਪਰਡੈਂਟ (ਹੁਣ ਮੁਅੱਤਲੀ ਅਧੀਨ) ਅਰਵਿੰਦਰ ਸਿੰਘ, ਪਰਵਿੰਦਰ ਸਿੰਘ ਪ੍ਰਿੰਸੀਪਲ ਪੰਜਾਬ ਜੇਲ੍ਹ ਟਰੇਨਿੰਗ ਸਕੂਲ ਪਟਿਆਲਾ ਅਤੇ ਗੁਰਨਾਮ ਲਾਲ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਗੁਰਦਾਸਪੁਰ ਸ਼ਾਮਲ ਹਨ। ਪਰਵਿੰਦਰ ਸਿੰਘ ਅਤੇ ਗੁਰਨਾਮ ਲਾਲ ਪਹਿਲਾਂ ਫਿਰੋਜ਼ਪੁਰ ਜੇਲ੍ਹ ’ਚ ਸੁਪਰਡੈਂਟ ਵਜੋਂ ਤਾਇਨਾਤ ਸਨ। ਜਾਂਚ ਦਾ ਸਾਹਮਣਾ ਕਰ ਰਹੇ ਤਿੰਨ ਸੇਵਾਮੁਕਤ ਅਧਿਕਾਰੀਆਂ ’ਚ ਬਲਜੀਤ ਸਿੰਘ ਵੈਦ, ਕਰਨਜੀਤ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਸ਼ਾਮਲ ਹਨ। ਖਬਰਾਂ ਅਨੁਸਾਰ ਤਿੰਨ ਤਸਕਰਾਂ ਰਾਜਕੁਮਾਰ (ਰਾਜਾ), ਸੋਨੂ ਟਿੱਡੀ ਅਤੇ ਅਮਰੀਕ ਸਿੰਘ ਵੱਲੋਂ ਜੇਲ੍ਹ ਵਿੱਚੋਂ ਮੋਬਾਈਲ ਫੋਨਾਂ ਦੀ ਵਰਤੋਂ ਕੀਤੀ ਗਈ ਹੈ ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਜੇਲ੍ਹਾਂ ਵਿੱਚ ਫੋਨ ਜੈਮਰ ਲਾਏ ਗਏ ਹਨ। ਮੋਬਾਈਲਾਂ ਦੀ ਧੜੱਲੇ ਨਾਲ ਵਰਤੋਂ ਕਰਦਿਆਂ ਤਸਕਰਾਂ ਵੱਲੋਂ ਜੇਲ੍ਹ ਵਿੱਚੋਂ ਕੁੱਲ 43,432 ਫੋਨ ਕਾਲਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 38,850 ਕਾਲਾਂ ਸਿਰਫ ਇੱਕ ਮਹੀਨੇ ਵਿੱਚ (1 ਤੋਂ 31 ਮਾਰਚ 2019 ਤੱਕ) ਰਾਜ ਕੁਮਾਰ ਦੇ ਫੋਨ ਤੋਂ ਹੋਈਆਂ। ਇਸ ਦਾ ਭਾਵ ਹੈ ਕਿ ਰੋਜ਼ਾਨਾ ਔਸਤਨ 1,295 ਕਾਲਾਂ ਕੀਤੀਆਂ ਗਈਆਂ। ਅਜਿਹੇ ’ਚ ਪ੍ਰਤੀ ਘੰਟਾ 53 ਕਾਲਾਂ ਹੋਣੀਆਂ ਹੈਰਾਨ ਕਰਨ ਵਾਲੀ ਗੱਲ ਹੈ। ਬਾਕੀ ਦੀਆਂ 4,582 ਫੋਨ ਕਾਲਾਂ 28 ਮਹੀਨਿਆਂ ਦੌਰਾਨ 9 ਅਕਤੂਬਰ 2021 ਤੋਂ 14 ਫਰਵਰੀ 2023 ਵਿਚਾਲੇ ਹੋਈਆਂ ਹਨ।
ਇਸ ਗੰਭੀਰ ਕੁਤਾਹੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਿੱਥੇ ਜੇਲ੍ਹ ਵਿਭਾਗ ਦੀ ਖਿਚਾਈ ਕੀਤੀ ਗਈ ਹੈ ਉੱਥੇ ਹੀ ਪੰਜਾਬ ਪੁਲੀਸ ਦੇ ਸਪੈਸ਼ਲ ਸਰਵਿਸ ਅਪਰੇਸ਼ਨ ਸੈੱਲ (ਐੱਸਐੱਸਓਸੀ) ਦੀ ਝਾੜ-ਝੰਬ ਕੀਤੀ ਗਈ ਹੈ, ਜਿਸ ਵੱਲੋਂ ਉਕਤ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਥੋਂ ਤੱਕ ਕਿ ਐੱਸਐੱਸਓਸੀ ਵੱਲੋਂ ਤਸਕਰਾਂ ਵੱਲੋਂ ਆਨਲਾਈਨ ਲਗਪਗ 1.35 ਕਰੋੜ ਰੁਪਏ ਟਰਾਂਸਫਰ ਕਰਨ ਸਬੰਧੀ ਵੱਖਰੇ ਤੌਰ ’ਤੇ ਵੀ ਇੱਕ ਕੇਸ ਦਰਜ ਕੀਤਾ ਗਿਆ ਹੈ। ਖਬਰਾਂ ਅਨੁਸਾਰ ਪੈਸੇ ਰਾਜ ਕੁਮਾਰ ਦੀ ਪਤਨੀ ਰੇਨੂ ਬਾਲਾ ਅਤੇ ਸੋਨੂ ਦੀ ਪਤਨੀ ਗੀਤਾਂਜਲੀ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਸਨ। ਦਿਲਚਸਪ ਗੱਲ ਇਹ ਹੈ ਕਿ ਸੋਨੂ ਟਿੱਡੀ ਲੰਘੀ 13 ਦਸੰਬਰ ਨੂੰ ਹੀ ਜ਼ਮਾਨਤ ’ਤੇ ਰਿਹਾਅ ਹੋਇਆ ਹੈ ਜਦਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
The post ਫ਼ਿਰੋਜ਼ਪੁਰ ਜੇਲ੍ਹ ’ਚੋਂ 43 ਹਜ਼ਾਰ ਫੋਨ ਕਾਲਾਂ ਦਾ ਮਾਮਲਾ first appeared on Ontario Punjabi News.