12.4 C
Alba Iulia
Saturday, May 18, 2024

ਰਿਸ਼ਤਿਆਂ ਵਿੱਚ ਸੰਤੁਲਨ ਜ਼ਰੂਰੀ

Must Read


ਮੇਜਰ ਸਿੰਘ ਨਾਭਾ

ਸਾਡੇ ਸਮਾਜ ਵਿੱਚ ਸੱਸ ਨੂੰ ਆਮ ਤੌਰ ‘ਤੇ ਸਤਿਕਾਰਤ ਰੁਤਬੇ ਨਾਲ ਨਹੀਂ ਦੇਖਿਆ ਜਾਂਦਾ। ਲੋਕ ਗੀਤਾਂ ‘ਚ ਸੱਸਾਂ ਬਾਰੇ ਬਹੁਤ ਕੁਝ ਮਾੜਾ ਮਿਲਦਾ ਹੈ। ਪਹਿਲਾਂ ਕੁੜੀਆਂ ਤੀਆਂ ਵਿੱਚ ਆਪਣੀਆਂ ਸੱਸਾਂ ਦੇ ਜ਼ਿਆਦਤੀ ਵਾਲੇ ਰਵੱਈਏ ਤੋਂ ਤੰਗ ਹੋਈਆਂ ਬੋਲੀਆਂ ਪਾ ਕੇ ਆਪਣੀ ਭੜਾਸ ਕੱਢ ਲੈਂਦੀਆਂ ਸਨ, ਪਰ ਹੁਣ ਤਾਂ ਇਹੋ ਜਿਹੇ ਤਿਉਹਾਰ ਸਮੇਂ ਦੀ ਤੇਜ਼ ਰਫ਼ਤਾਰ ਨੇ ਲੋਪ ਕਰ ਦਿੱਤੇ ਹਨ। ਇਸ ਕਰਕੇ ਲੜਕੀਆਂ ਦੇ ਜਜ਼ਬਾਤ ਕਈ ਵਾਰੀ ਦੱਬੇ ਰਹਿ ਜਾਣ ਕਾਰਨ ਗ਼ਲਤ ਕਦਮ ਚੁੱਕਣ ਲਈ ਮਜਬੂਰ ਕਰ ਦਿੰਦੇ ਹਨ। ਰਿਸ਼ਤਾ ਹੋਣ ਸਮੇਂ ਸੱਸਾਂ ਆਮ ਹੀ ਕਹਿੰਦੀਆਂ ਸੁਣੀਆਂ ਜਾ ਸਕਦੀਆਂ ਹਨ, ‘ਤੁਹਾਡੀ ਕੁੜੀ ਨੂੰ ਧੀ ਬਣਾ ਕੇ ਰੱਖੂੰ’ ਜੋ ਕਿ ਵਧੀਆ ਗੱਲ ਹੈ। ਉਂਜ ਆਪਣੀਆਂ ਨੂੰਹਾਂ ਨੂੰ ਧੀਆਂ ਬਣਾਉਣਾ ਹਰ ਇੱਕ ਔਰਤ ਦੇ ਵਸ ਦੀ ਗੱਲ ਨਹੀਂ। ਕਹਿਣਾ ਸੌਖਾ ਹੁੰਦਾ ਹੈ, ਪਰ ਨਿਭਾਉਣਾ ਔਖਾ ਹੁੰਦਾ ਹੈ। ਨੂੰਹ ਦੇ ਘਰ ਆਉਣ ‘ਤੇ ਕਈ ਸੱਸਾਂ ਨੂੰ ਨੁਕਸ ਤਾਂ ਦਿਖਣ ਲੱਗ ਜਾਂਦੇ ਹਨ, ਪਰ ਉਸ ਦੇ ਗੁਣ ਨਹੀਂ ਦਿੱਸਦੇ। ਇਥੇ ਸੱਸਾਂ ਨੂੰ ਬੜੀ ਸਾਵਧਾਨੀ ਨਾਲ ਆਪਣੀ ਧੀ ਦੇ ਗੁਣਾਂ ਔਗੁਣਾਂ ਨੂੰ ਜ਼ਰੂਰ ਵਿਚਾਰ ਲੈਣਾ ਚਾਹੀਦਾ ਹੈ ਅਤੇ ਕੋਈ ਗੱਲ ਕਾਹਲ ‘ਚ ਨਹੀਂ ਕਰਨੀ ਚਾਹੀਦੀ। ਆਪਣੀ ਧੀ ਨੂੰ ਮਾਂ ਹਰੇਕ ਚੀਜ਼ ਬਾਪ ਤੋਂ ਚੋਰੀ ਵੀ ਲੈ ਕੇ ਦਿੰਦੀ ਹੈ, ਪਰ ਨੂੰਹ ਨੂੰ ਲੋੜੀਂਦੀਆਂ ਚੀਜ਼ਾਂ ਉਸ ਦੇ ਪੇਕਿਆਂ ਤੋਂ ਮਜਬੂਰਨ ਲਿਆਉਣ ਲਈ ਸੱਸ ਕਿਸੇ ਨਾ ਕਿਸੇ ਤਰ੍ਹਾਂ ਹੱਥ ਕੰਡੇ ਵਰਤਦੀ ਰਹਿੰਦੀ ਹੈ। ਜ਼ਿਆਦਾਤਰ ਘਰਾਂ ਵਿੱਚ ਔਰਤਾਂ ਆਪਣੀ ਧੀ ਨਾਲ ਸਹੁਰਿਆਂ ਵੱਲੋਂ ਕੀਤੇ ਜਾਂਦੇ ਵਿਤਕਰੇ ਤੋਂ ਦੁਖੀ ਤਾਂ ਰਹਿੰਦੀਆਂ ਹਨ, ਪਰ ਆਪਣੀ ਸੋਚ ਨੂੰ ਬਦਲਣ ਦੀ ਬਜਾਇ ਆਪ ਵੀ ਕਿਸੇ ਦੀ ਧੀ ਨਾਲ ਉਹੀ ਵਿਤਕਰਾ ਕਰਕੇ ਇੱਕ ਹੋਰ ਮਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਵਿਆਹ ਤੋਂ ਬਾਅਦ ਅਕਸਰ ਮੱਧ-ਵਰਗੀ ਪਰਿਵਾਰ ਹਰੇਕ ਗੱਲ ਵਿੱਚ ਪੈਸੇ ਵੱਲੋਂ ਤੰਗੀ ਦੀ ਗੱਲ ਕਰਨ ਲੱਗ ਜਾਂਦੇ ਹਨ। ਪਹਿਲਾਂ ਤਾਂ ਵਿਆਹ ‘ਤੇ ਫਜ਼ੂਲ ਖਰਚਾ ਕਰ ਲੈਂਦੇ ਹਨ, ਫਿਰ ਜਦੋਂ ਵਿਆਹੁਤਾ ਬੱਚੇ ਆਪਣੀ ਜ਼ਿੰਦਗੀ ਨੂੰ ਸੁਖੀ ਬਣਾਉਣ ਲਈ ਸੁੱਖ ਸਹੂਲਤਾਂ ਲਈ ਖ਼ਰਚਾ ਮੰਗਦੇ ਹਨ ਤਾਂ ਅਕਸਰ ਘਰਾਂ ਵਿੱਚ ਕਲੇਸ਼ ਪੈਂਦਾ ਹੈ। ਸੱਸ ਬਣੀ ਔਰਤ ਨੂੰ ਆਪਣੇ ਪਿਛੋਕੜ ‘ਤੇ ਗੰਭੀਰਤਾ ਨਾਲ ਝਾਤ ਮਾਰ ਲੈਣੀ ਚਾਹੀਦੀ ਹੈ। ਸੱਸ ਦਾ ਰੂਪ ਬਣੀ ਮਾਂ ਨੂੰ ਆਪਣੇ ਪੁੱਤ ਦੀ ਖੁਸ਼ੀ ਲਈ ਨਜ਼ਰੀਆ ਬਦਲਣ ਦੀ ਲੋੜ ਹੁੰਦੀ ਹੈ। ਪੁੱਤ ਉੱਪਰ ਪਹਿਲਾਂ ਵਾਲਾ ਅਧਿਕਾਰ ਜ਼ਰੂਰ ਰੱਖੇ, ਪਰ ਆਪਣੇ ਪਤੀ ਨਾਲ ਜਿਵੇਂ ਵਧੀਆ ਸਬੰਧ ਰੱਖਣ ਦੀ ਖਾਹਿਸ਼ ਆਪ ਰੱਖਦੀ ਹੈ, ਇਸੇ ਤਰ੍ਹਾਂ ਨੂੰਹ ਦੇ ਸਬੰਧ ਵੀ ਆਪਣੇ ਬੇਟੇ ਨਾਲ ਰੱਖਣ ਦੇਣ ਦਾ ਮਾਦਾ ਰੱਖੇ। ਵਿਆਹ ਸਮੇਂ ਕਈ ਵਾਰ ਕਹਿਣ ਨੂੰ ਤਾਂ ਲੜਕੇ ਵਾਲੇ ਕਹਿਣਗੇ ਕਿ ਸਾਡੀ ਕੋਈ ਮੰਗ ਨਹੀਂ, ਪਰ ਬਾਅਦ ਵਿੱਚ ਜਦੋਂ ਲੜਕੀ ਵਾਲੇ ਰਿਸ਼ਤੇਦਾਰਾਂ ਲਈ ਪੁੱਛਦੇ ਹਨ ਤਾਂ ਕਈ ਤਾਂ ਹੌਲੀ ਹੌਲੀ ਵਿਆਹ ਤੱਕ ਹੀ ਕੋਈ ਨਾ ਕੋਈ ਖਾਹਿਸ਼ ਨੂੰ ਉਜਾਗਰ ਕਰਦੇ ਰਹਿੰਦੇ ਹਨ। ਚਲੋ ਸਮਾਜ ਦੀ ਸੋਚ ਬਦਲਣ ਨੂੰ ਆਪਣੇ ਆਪ ਨੂੰ ਸਮਝਾਉਣਾ ਪਵੇਗਾ ਕਿਉਂਕਿ ਆਪਾਂ ਹੀ ਸਮਾਜ ਦਾ ਅੰਗ ਹਾਂ। ਵੈਸੇ ਹਰੇਕ ਸਿਆਣਾ ਮਾਪਾ ਆਪਣੀ ਧੀ ਲਈ ਵਿਆਹ ਤੋਂ ਬਾਅਦ ਆਪਣੀ ਹੈਸੀਅਤ ਮੁਤਾਬਕ ਉਸ ਦਾ ਬਣਦਾ ਹਿੱਸਾ ਕਿਸੇ ਨਾ ਕਿਸੇ ਰੂਪ ਵਿੱਚ ਦਿੰਦਾ ਰਹਿੰਦਾ ਹੈ। ਉਂਜ ਵੀ ਹਰੇਕ ਧੀ ਦਾ ਆਪਣੇ ਮਾਂ-ਬਾਪ ਦੀ ਜਾਇਦਾਦ ਵਿੱਚ ਸੰਵਿਧਾਨਕ ਤੌਰ ‘ਤੇ ਵੀ ਬਰਾਬਰ ਦਾ ਹਿੱਸਾ ਹੁੰਦਾ ਹੈ ਜੋ ਕਿ ਬਹੁਤੀਆਂ ਉਸ ਨੂੰ ਲੈਣ ਨੂੰ ਤਿਆਰ ਨਹੀਂ ਹੁੰਦੀਆਂ, ਸਗੋਂ ਨਿੱਘੇ ਰਿਸ਼ਤੇ ਨੂੰ ਮਾਣਨ ਲਈ ਹੀ ਆਸਵੰਦ ਹੁੰਦੀਆਂ ਹਨ।

ਕਈ ਸੋਸ਼ਲ ਮੀਡੀਆ ‘ਤੇ ਮਾਵਾਂ ਨੂੰ ਨਸੀਹਤਾਂ ਦਿੰਦੇ ਹਨ ਕਿ ਉਹ ਆਪਣੀਆਂ ਧੀਆਂ ਦੇ ਘਰ ਵਸਾਉਣ ਲਈ ਸਹੁਰਿਆਂ ਦੇ ਘਰਾਂ ਵਿੱਚ ਫੋਨ ‘ਤੇ ਦਖਲਅੰਦਾਜ਼ੀ ਨਾ ਕਰਨ, ਬੇਟੀ ਨੂੰ ਗ਼ਲਤ ਗਾਈਡ ਨਾ ਕਰਨ। ਕਾਫ਼ੀ ਹੱਦ ਤੱਕ ਗੱਲ ਠੀਕ ਹੈ। ਕਈ ਮਾਵਾਂ ਜ਼ਿਆਦਾ ਸਮਝਾਉਣ ਦੀ ਬਜਾਇ ਭੜਕਾਉਣ ਦਾ ਕੰਮ ਕਰਦੀਆਂ ਹਨ, ਪਰ ਸਮਝਦਾਰ ਮਾਂ ਕਦੇ ਨਹੀਂ ਚਾਹੁੰਦੀ ਕਿ ਉਸ ਦੀ ਧੀ ਦਾ ਘਰ ਖਰਾਬ ਹੋਵੇ। ਸ਼ੁਰੂ ਸ਼ੁਰੂ ਵਿੱਚ ਧੀ ਲਈ ਨਵੇਂ ਪਰਿਵਾਰ ਨੂੰ ਸਮਝਣ ਲਈ ਸਮਾਂ ਲੱਗਦਾ ਹੈ। ਇਸ ਸਮੇਂ ਧੀ ਤੋਂ ਨੂੰਹ ਬਣੀ ਲੜਕੀ ਲਈ ਸੱਸ ਸਹੁਰੇ ਤੋਂ ਮਾਂ-ਬਾਪ ਵਾਲੇ ਪਿਆਰ ਵਾਂਗ ਜੇਕਰ ਪਿਆਰ ਮਿਲਦਾ ਹੈ ਤਾਂ ਉਹ ਛੇਤੀ ਪਰਿਵਾਰ ਵਿੱਚ ਘੁਲਮਿਲ ਜਾਵੇਗੀ ਨਹੀਂ ਤਾਂ ਸਮਾਂ ਲੱਗੇਗਾ। ਜੇਕਰ ਘਰ ਵਿੱਚ ਦੋ ਨੂੰਹਾਂ ਨੇ ਤਾਂ ਦੋਹਾਂ ਨਾਲ ਬਰਾਬਰ ਵਰਤਾਉ ਕਰਨਾ ਸੱਸ ਦੀ ਸਮਝਦਾਰੀ ਹੈ। ਹੋ ਸਕਦਾ ਦੋਹਾਂ ਦੇ ਸੁਭਾਅ ਵਿੱਚ, ਕੰਮਾਂ ਵਿੱਚ, ਰਹਿਣ-ਸਹਿਣ ਦੇ ਤੌਰ ਤਰੀਕੇ ਆਦਿ ਵਿੱਚ ਫ਼ਰਕ ਹੋਵੇ। ਉੱਥੇ ਦੋਹਾਂ ਲਈ ਸੱਸ ਵੱਲੋਂ ਸੰਤੁਲਨ ਬਣਾ ਕੇ ਰੱਖਣਾ ਵੀ ਜ਼ਰੂਰੀ ਹੈ ਤਾਂ ਕਿ ਆਪਸੀ ਪਿਆਰ ਬਣਿਆ ਰਹੇ।

ਕਈ ਸੱਸਾਂ ਖਾਣ-ਪੀਣ ਵਾਲੀਆਂ ਚੀਜ਼ਾਂ ਆਪਣੇ ਕੰਟਰੋਲ ਵਿੱਚ ਜਾਂ ਕਈ ਤਾਂ ਜਿੰਦਰਾ ਹੀ ਮਾਰ ਕੇ ਰੱਖਦੀਆਂ ਹਨ। ਇਹੋ ਜਿਹੀਆਂ ਹਰਕਤਾਂ ਨੂੰ ਅੱਜਕੱਲ੍ਹ ਦੇ ਬੱਚੇ ਪਸੰਦ ਨਹੀਂ ਕਰਦੇ, ਇਸ ਨਾਲ ਆਪਸੀ ਨਫ਼ਰਤ ਪੈਦਾ ਹੋਣੀ ਸੰਭਵ ਹੈ। ਸੱਸ ਦਾ ਆਪਣੀ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ, ਇਸ ਲਈ ਨੂੰਹ ਦੀਆਂ ਰਮਜ਼ਾਂ ਨੂੰ ਸਮਝ ਕੇ ਕੁਝ ਤਾਂ ਨੂੰਹਾਂ ਨੂੰ ਢਾਲ ਲੈਣਾ ਚਾਹੀਦਾ, ਕੁਝ ਆਪ ਢਲ ਜਾਣਾ ਚਾਹੀਦਾ ਹੈ।

ਕਈ ਸੱਸ-ਸਹੁਰੇ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਨੂੰਹ ਦੇ ਹਰੇਕ ਕੰਮ ਵਿੱਚ ਨੁਕਸ ਕੱਢਣ ਦੀ ਆਦਤ ਹੁੰਦੀ ਹੈ, ਪਰ ਆਪ ਆਪਣੇ ਕੰਮਾਂ ਨੂੰ ਨਹੀਂ ਵਾਚਦੇ। ਤੀਸਰੀ ਅੱਖ ਜ਼ਰੂਰ ਉਨ੍ਹਾਂ ਦੇ ਕੰਮਾਂ ਨੂੰ ਦੇਖਦੀ ਹੁੰਦੀ ਹੈ। ਸੋ ਅੱਜ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ ਨਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਬਾਉਣਾ ਚਾਹੀਦਾ ਹੈ। ਇਸ ਤਰ੍ਹਾਂ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਮਨਾਂ ਵਿੱਚ ਖਟਾਸ ਪੈਦਾ ਨਾ ਹੋਣ ਦਿੱਤੀ ਜਾਵੇ। ਇਸ ਲਈ ਜ਼ਿੰਮੇਵਾਰੀ ਤੁਸੀਂ ਤੈਅ ਕਰਨੀ ਹੈ। ਇੱਕ ਹੋਰ ਜਾਣਕਾਰ ਨੇ ਛੋਟੀ ਉਮਰੇ ਆਪਣੇ ਬੇਟੇ ਨੂੰ ਸਰਕਾਰੀ ਨੌਕਰੀ ਮਿਲਣ ਕਾਰਨ ਜਲਦੀ ਨਾਲ ਕਈ ਸਾਲ ਵੱਡੀ ਉਮਰ ਦੀ ਸਰਕਾਰੀ ਮੁਲਾਜ਼ਮ ਲੜਕੀ ਨਾਲ ਵਿਆਹ ਕਰ ਦਿੱਤਾ। ਲੜਕੇ ਦੇ ਪਿਤਾ ਨੇ ਨਾਲ ਦਾ ਪਲਾਟ ਖ਼ਰੀਦਣ ਲਈ ਬੈਂਕ ਲੋਨ ਲੈ ਕੇ ਪੈਸੇ ਮੋੜਨ ਲਈ ਮਨਾ ਲਿਆ ਤਾਂ ਕਿ ਉਨ੍ਹਾਂ ਦੀ ਪ੍ਰਾਪਰਟੀ ਬਣ ਜਾਵੇ ਅਤੇ ਭਵਿੱਖ ਵਿੱਚ ਵੱਖਰਾ ਮਕਾਨ ਵੀ ਆਸਾਨੀ ਨਾਲ ਬਣਾ ਲੈਣਗੇ। ਦੋ ਮੁਲਾਜ਼ਮਾਂ ਲਈ ਇਹ ਕੋਈ ਔਖਾ ਕੰਮ ਨਹੀਂ ਸੀ। ਲੜਕੇ ਨੇ ਪਤਨੀ ਨਾਲ ਗੱਲ ਕੀਤੀ ਤਾਂ ਡਿਊਟੀ ਤੋਂ ਵਾਪਸੀ ਸਮੇਂ ਆਪਣੇ ਮਾਂ-ਬਾਪ ਦੇ ਘਰੇ ਚਲੀ ਗਈ। ਮਾਂ-ਬਾਪ ਨੇ ਕਰਜ਼ਾਈ ਬਣਨ ਦਾ ਡਰ ਪਾ ਦਿੱਤਾ ਤੇ ਉਹ ਰੋਸ ਵਜੋਂ ਘਰ ਹੀ ਨਾ ਆਈ। ਕਈ ਦਿਨ ਕਲੇਸ਼ ਰਹਿਣ ਕਰਕੇ ਆਖਿਰ ਫ਼ੈਸਲਾ ਬਦਲਣ ਨਾਲ ਮਸਲਾ ਹੱਲ ਹੋਇਆ। ਇੱਥੇ ਲੜਕੀ ਦੀ ਗ਼ਲਤਫਹਿਮੀ ਕਾਰਨ ਅਚਾਨਕ ਘਰ ਦਾ ਮਾਹੌਲ ਖ਼ਰਾਬ ਹੋ ਗਿਆ ਸੀ। ਬਾਅਦ ਵਿੱਚ ਫਿਰ ਆਪਣੇ ਆਪ ਦੋਵਾਂ ਨੇ ਭਾਵੇਂ ਨਵਾਂ ਮਕਾਨ ਵੀ ਖ਼ਰੀਦ ਲਿਆ। ਧੀਆਂ ਨੂੰ ਵੀ ਸਹੁਰੇ ਘਰ ਜਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਐਵੇਂ ਹੀ ਜਲਦਬਾਜ਼ੀ ਵਿੱਚ ਦਰਕਿਨਾਰ ਨਹੀਂ ਕਰ ਦੇਣਾ ਚਾਹੀਦਾ।

ਇਸ ਲਈ ਲੜਕੀਆਂ, ਮਾਵਾਂ ਅਤੇ ਸੱਸਾਂ ਨੂੰ ਸ਼ੁਰੂਆਤ ਵਿੱਚ ਹਰ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ ਤਾਂ ਕਿ ਰਿਸ਼ਤਿਆਂ ਵਿੱਚ ਤਰੇੜਾਂ ਨਹੀਂ, ਸਗੋਂ ਪਿਆਰ ਵਾਲੀ ਮਿਠਾਸ ਪੈਦਾ ਹੋਵੇ ਜਿਸ ਨਾਲ ਘਰ ਦਾ ਮਾਹੌਲ ਸੁਖਾਵਾਂ ਬਣਿਆ ਰਹੇ। ਕੋਈ ਵੀ ਮਾਂ-ਬਾਪ ਆਪਣੇ ਬੱਚਿਆਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਤਰੇੜਾਂ ਨਹੀਂ ਪਾਉਣਾ ਚਾਹੁੰਦਾ ਹੁੰਦਾ, ਪਰ ਕਈ ਵਾਰੀ ਇਹ ਨਿੱਕੀ ਜਿਹੀ ਗੱਲ ਤੋਂ ਵਧ ਕੇ ਕਲੇਸ਼ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਲਈ ਦੋਵੇਂ ਪਾਸੇ ਦੇ ਮਾਪਿਆਂ ਨੂੰ ਬੜੀ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ।
ਸੰਪਰਕ: 70096-74242



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -