12.4 C
Alba Iulia
Friday, January 12, 2024

ਕੌੜੀ ਨਿੰਮ ਨੂੰ ਪਤਾਸੇ ਲੱਗਦੇ…

Must Read


ਜੱਗਾ ਸਿੰਘ ਆਦਮਕੇ

ਸੱਭਿਆਚਾਰ ਇੱਕ ਵਿਸ਼ਾਲ ਵਰਤਾਰਾ ਹੈ। ਇਸ ਵਿੱਚ ਸਬੰਧਤ ਸਮਾਜ ਦੇ ਸਾਰੇ ਪੱਖ ਸਿੱਧੇ ਅਸਿੱਧੇ ਤਰੀਕੇ ਨਾਲ ਸੱਭਿਆਚਾਰ ਦਾ ਹਿੱਸਾ ਹੁੰਦੇ ਹਨ। ਕੁਝ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਆਪਣੇ ਅੰਦਰ ਪੰਜਾਬੀ ਜਨ ਜੀਵਨ ਦੇ ਸਾਰੇ ਪੱਖਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਸਮੋਈ ਬੈਠਾ ਹੈ। ਪੰਜਾਬੀਆਂ ਦੀਆਂ ਖਾਣ-ਪੀਣ ਦੀਆਂ ਵਸਤੂਆਂ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਹਿੱਸਾ ਹਨ। ਇਨ੍ਹਾਂ ਦਾ ਜ਼ਿਕਰ ਵੱਖ ਵੱਖ ਤਰੀਕਿਆਂ ਨਾਲ ਲੋਕ ਗੀਤਾਂ, ਲੋਕ ਬੋਲੀਆਂ ਆਦਿ ਵਿੱਚ ਮਿਲਦਾ ਹੈ। ਹੋਰਨਾਂ ਵਸਤੂਆਂ ਦੇ ਨਾਲ ਨਾਲ ‘ਪਤਾਸਾ’ ਪੰਜਾਬੀ ਜਨ ਜੀਵਨ ਤੇ ਸੱਭਿਆਚਾਰ ਵਿੱਚ ਖਾਸ ਸਥਾਨ ਰੱਖਣ ਵਾਲੀ ਵਸਤੂ ਰਹੀ ਹੈ। ਪੰਜਾਬੀਆਂ ਦੇ ਬਹੁਤ ਸਾਰੇ ਮੌਕਿਆਂ ‘ਤੇ ਪਤਾਸੇ ਦਾ ਉਪਯੋਗ ਹੁੰਦਾ ਹੈ। ਪਤਾਸੇ ਬਣਾਉਣ ਲਈ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ। ਪਤਾਸਿਆਂ ਦੇ ਮਹੱਤਵ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗਿੱਧੇ ਵਿੱਚ ਨੱਚਦੀਆਂ ਦੇ ਸਿਰ ਤੋਂ ਪਤਾਸੇ ਵਾਰਨ ਦਾ ਜ਼ਿਕਰ ਲੋਕ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:

‘ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ

ਇੱਕੋ ਜਿਹੀਆਂ ਮੁਟਿਆਰਾਂ

ਬਈ ਵਾਰੋ ਵਾਰੀ ਪਾਉਣ ਬੋਲੀਆਂ

ਹੁਸਨ ਦੀਆਂ ਸਰਕਾਰਾਂ

ਬਈ ਘੱਗਰੇ ਉਨ੍ਹਾਂ ਦੇ ਵੀਹ ਗਜ਼ ਦੇ

ਲੱਕ ਲੰਬੀਆਂ ਸਲਵਾਰਾਂ

ਨੱਚ ਲੈ ਮੋਰਨੀਏ

ਪੰਜ ਪਤਾਸੇ ਵਾਰਾਂ

ਵੱਖ ਵੱਖ ਕੰਮਾਂ ਦੇ ਬਦਲੇ ਉਸ ਦਾ ਬਣਦਾ ਮੁੱਲ ਚੁਕਾਇਆ ਜਾਂ ਮਿਹਨਤਤਾਨਾ ਅਦਾ ਕੀਤਾ ਜਾਂਦਾ ਹੈ। ਚਿੱਠੀ ਲਿਖਣ ਵਾਲੇ ਨੂੰ ਇਸ ਦੇ ਬਦਲੇ ਪਤਾਸਿਆਂ ਦੇ ਰੂਪ ਵਿੱਚ ਮੁੱਲ ਤਾਰਨ ਦੀਆਂ ਗੱਲ ਟੱਪਿਆਂ, ਲੋਕ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦੀਆਂ ਹਨ :

ਤੈਨੂੰ ਦੇਵਾਂ ਪੰਜ ਵੇ ਪਤਾਸੇ

ਚਿੱਠੀ ਲਿਖ ਡਾਕੀਆ ਮੇਰੀ।

ਪਤਾਸਾ ਜਿੱਥੇ ਖਾਣ ਦੇ ਪੱਖ ਤੋਂ ਸੁਆਦੀ ਹੁੰਦਾ ਹੈ, ਉੱਥੇ ਉਸ ਦਾ ਸਫ਼ੈਦ ਰੰਗ ਅਤੇ ਬਣਤਰ ਦੇ ਪੱਖ ਤੋਂ ਸੁੰਦਰਤਾ ਵੀ ਪਤਾਸੇ ਦੀ ਖਾਸੀਅਤ ਹੈ। ਪਤਾਸੇ ਦੀ ਖਾਸੀਅਤ ਕਾਰਨ ਸੁੰਦਰ ਮੁਟਿਆਰਾਂ ਦੀ ਤੁਲਨਾ ਲੋਕ ਬੋਲੀਆਂ, ਲੋਕ ਗੀਤਾਂ ਵਿੱਚ ਪਤਾਸੇ ਨਾਲ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ:

ਬਾਰੀ ਬਰਸੀ ਖੱਟਣ ਗਿਆ ਸੀ

ਖੱਟ ਕੇ ਲਿਆਂਦੀ ਅਰਬੀ।

ਲੰਮੀ ਦੀ ਕੀ ਥੰਮੀ ਗੱਡਣੀ

ਮਧਰੀ ਪਤਾਸੇ ਵਰਗੀ

ਕੌੜੀ ਨਿੰਮ ਨੂੰ ਪਤਾਸੇ ਲੱਗਣ ਦੀ ਕਲਪਨਾ ਟੱਪਿਆਂ ਤੇ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਵੀ ਕੀਤੀ ਮਿਲਦੀ ਹੈ:

* ਕੌੜੀ ਨਿੰਮ ਨੂੰ ਪਤਾਸੇ ਲੱਗਦੇ

ਜਿੱਥੋਂ ਮੇਰਾ ਵੀਰ ਲੰਘ ਜੇ।

* ਕੌੜੀ ਨਿੰਮ ਨੂੰ ਪਤਾਸੇ ਲੱਗਦੇ

ਵਿਹੜੇ ਛੜਿਆਂ ਦੇ।

ਪਤਾਸੇ ਪੰਜਾਬੀਆਂ ਸਮੇਤ ਬਹੁਤ ਸਾਰੇ ਲੋਕਾਂ ਲਈ ਖਾਣ ਦੀ ਮਹੱਤਵਪੂਰਨ ਮਠਿਆਈ ਰਹੀ ਹੈ। ਅਜਿਹਾ ਹੋਣ ਕਾਰਨ ਕਿਸੇ ਦੇ ਘਰ ਆਉਣ ਵਾਲੇ ਖਾਸ ਮਹਿਮਾਨਾਂ ਵੱਲੋਂ ਪਤਾਸੇ ਲਿਆਂਦੇ ਜਾਂਦੇ ਸਨ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਇਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਸੀ। ਇਸ ਸਬੰਧੀ ਗਿੱਧੇ ਦੀਆਂ ਬੋਲੀਆਂ ਵਿੱਚ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:

ਪਹਿਲੀ ਵਾਰ ਜਦ ਬਾਪੂ ਮੇਰਾ

ਮੈਨੂੰ ਲੈਣ ਨ੍ਹੀਂ ਆਇਆ।

ਸੇਰ ਪਤਾਸੇ ਨਾਲ ਰਿਊੜੀਆਂ

ਮੇਰੇ ਲਈ ਲਿਆਇਆ।

ਸੱਸ ਮੇਰੀ ਨਿੱਤ ਪੁੱਛਦੀ

ਤੇਰਾ ਬਾਪੂ ਫੇਰ ਕਿਉਂ ਨ੍ਹੀਂ ਆਇਆ।

ਪਤਾਸਿਆਂ ਦੇ ਮਹੱਤਵ ਕਾਰਨ ‘ਬਾਰੀ ਵਰਸੀ’ ਰਾਹੀਂ ਪਤਾਸੇ ਖੱਟ ਕੇ ਲਿਆਉਣ ਦੀ ਗੱਲ ਵੀ ਲੋਕ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦੀ ਹੈ:

ਬਾਰੀ ਬਰਸੀ ਖੱਟਣ ਗਿਆ ਸੀ

ਖੱਟ ਕੇ ਲਿਆਂਦਾ ਪਤਾਸਾ।

ਸਹੁਰੇ ਕੋਲੋਂ ਘੁੰਢ ਕੱਢਦੀ

ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।

ਪਤਾਸੇ ਦਾ ਖਾਸਾ ਪਾਣੀ ਵਿੱਚ ਪਾਉਣ ‘ਤੇ ਕੁਝ ਸਮੇਂ ਬਾਅਦ ਖੁਰ ਜਾਣਾ ਹੈ। ਅਜਿਹਾ ਹੋਣ ਕਾਰਨ ਮਨੁੱਖੀ ਜੀਵਨ ਦੇ ਚਿਰ ਸਥਾਈ ਨਾ ਹੋਣ ਨੂੰ ਦਰਸਾਉਣ ਲਈ ਪਤਾਸੇ ਨੂੰ ਪ੍ਰਤੀਕ ਦੇ ਰੂਪ ਵਿੱਚ ਉਪਯੋਗ ਕਰਕੇ ਮਨੁੱਖੀ ਜੀਵਨ ਦੇ ਚਿਰ ਸਥਾਈ ਨਾ ਰਹਿਣ ਸਬੰਧੀ ਸਮਝਾਉਣ ਲਈ ਕੁਝ ਇਸ ਤਰ੍ਹਾਂ ਕਿਹਾ ਜਾਂਦਾ ਹੈ:

ਇਸ ਜਿੰਦ ਦਾ ਕੀ ਭਰਵਾਸਾ

ਜਿਉਂ ਪਾਣੀ ਵਿੱਚ ਪਤਾਸਾ।

ਪਤਾਸਾ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਰਸਮਾਂ ਦਾ ਮਹੱਤਵਪੂਰਨ ਹਿੱਸਾ ਰਿਹਾ ਹੈ। ਲੜਕੇ ਦੇ ਜਨਮ ਸਮੇਂ ਪਤਾਸੇ ਵੰਡੇ ਜਾਂਦੇ ਸਨ। ਸ਼ਗਨ ਸਮੇਂ ਪਤਾਸੇ ਮਹੱਤਵਪੂਰਨ ਵਸਤੂ ਹੁੰਦੇ ਰਹੇ ਹਨ। ਸ਼ਗਨ ਸਮੇਂ ਮੁੰਡੇ ਦੀ ਝੋਲੀ ਵਿੱਚ ਪਤਾਸੇ ਪਾਏ ਜਾਂਦੇ ਸਨ। ਵਿਆਹ ਸਮੇਂ ਨਾਨਕੇ ਪਿੰਡ ਭੇਲੀ ਦੇਣ ਜਾਣ ਸਮੇਂ ਪਤਾਸੇ ਵਿਸ਼ੇਸ਼ ਰੂਪ ਵਿੱਚ ਲੈ ਕੇ ਜਾਏ ਜਾਂਦੇ। ਬਹੁਤ ਸਾਰੇ ਧਾਰਮਿਕ ਸਥਾਨਾਂ ‘ਤੇ ਪ੍ਰਸ਼ਾਦ ਦੇ ਰੂਪ ਵਿੱਚ ਪਤਾਸੇ ਚੜ੍ਹਾਏ ਜਾਂਦੇ ਹਨ। ਪਤਾਸਿਆਂ ਸਬੰਧੀ ਕਹਾਵਤਾਂ, ਮੁਹਾਵਰੇ, ਅਖੌਤਾਂ ਵਿੱਚ ਵਰਣਨ ਕੁਝ ਇਸ ਤਰ੍ਹਾਂ ਕੀਤਾ ਮਿਲਦਾ ਹੈ:

ਕੋਈ ਮਰੇ ਕੋਈ ਜੀਵੇ

ਸੁਥਰਾ ਘੋਲ ਪਤਾਸੇ ਪੀਵੇ।

ਅਜਿਹਾ ਮੰਨਿਆ ਜਾਂਦਾ ਹੈ ਕਿ ਪਤਾਸੇ ਭਾਰਤ ਵਿੱਚ ਵੀਹਵੀਂ ਸਦੀ ਦੇ ਅੱਧ ਵਿੱਚ ਖੰਡ ਆਉਣ ਨਾਲ ਹੋਂਦ ਵਿੱਚ ਆਏ, ਪਰ ਸਿੱਖ ਇਤਿਹਾਸ ਵਿੱਚ ਪਤਾਸੇ ਦਾ ਵਰਣਨ ਗੁਰੂ ਨਾਨਕ ਦੇਵ ਜੀ ਦੀਆਂ ਬਚਪਨ ਦੀਆਂ ਘਟਨਾਵਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਸਮੇਂ ਅੰਮ੍ਰਿਤ ਤਿਆਰ ਕਰਨ ਸਮੇਂ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ ਵੱਲੋਂ ਪਤਾਸੇ ਪਾਉਣ ਦਾ ਜ਼ਿਕਰ ਮਿਲਦਾ ਹੈ। ਪਤਾਸੇ ਦੀ ਪੁਰਾਤਨਤਾ ਦਾ ਅਨੁਮਾਨ ਵਾਰਿਸ ਦੀ ਹੀਰ ਵਿੱਚ ਜ਼ਿਕਰ ਮਿਲਣ ਤੋਂ ਵੀ ਲਗਾਇਆ ਜਾ ਸਕਦਾ ਹੈ। ਬੱਚਿਆਂ ਦੀਆਂ ਖੇਡਾਂ ਵਿੱਚ ਪਤਾਸਿਆਂ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਪਹਿਲ ਪਤਾਸਾ, ਦੁੱਗ ਮਲਾਈ

ਤੀਜੀ ਭੂੰਡਾਂ ਦੀ ਭਰਜਾਈ

ਚੌਥਾ ਫੁੱਲ ਗੁਲਾਬ ਦਾ

ਪੰਜਵਾਂ ਮੱਖੀਆਂ ਮਾਰਦਾ।

ਪਤਾਸੇ ਬਣਾਉਣ ਦਾ ਕੰਮ ਪੂਰੀ ਕਲਾਕਾਰੀ ਵਾਲਾ ਹੈ। ਖੰਡ ਦੀ ਸੰਘਣੀ ਚਾਸ਼ਨੀ ਬਣਾ ਕੇ ਇਸ ਦੇ ਲਗਪਗ ਇੱਕੋ ਅਕਾਰ ਦੇ ਪਤਾਸੇ ਬਣਾਏ ਜਾਂਦੇ ਹਨ। ਇਸ ਦਾ ਕੰਮ ਕਰਨ ਵਾਲਿਆਂ ਨੂੰ ਇਨ੍ਹਾਂ ਕਾਰਨ ਚੰਗੀ ਪਛਾਣ ਮਿਲੀ ਹੈ। ਜਿਵੇਂ ‘ਪਤਾਸਿਆਂ ਵਾਲੀ ਗਲੀ’, ‘ਪਤਾਸਿਆਂ ਵਾਲਿਆਂ ਦੇ’ ਵਰਗੇ ਤਖੱਲਸ ਵੀ ਸੁਣਨ ਨੁੰ ਮਿਲਦੇ ਹਨ। ਬੁਝਾਰਤਾਂ ਵਿੱਚ ਵੀ ਪਤਾਸੇ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਗੋਲ ਗੋਲ ਚੰਦ ਵਰਗਾ

ਮਿੱਠਾ ਮਿੱਠਾ ਅੰਬ ਵਰਗਾ।

ਪਤਾਸਾ ਬਹੁਤ ਸਾਰੀਆਂ ਦਵਾਈਆਂ ਵਿੱਚ ਉਪਯੋਗ ਹੁੰਦਾ ਹੈ। ਪੰਜਾਬੀ ਲੋਕ ਬੋਲੀਆਂ ਤੇ ਦੋਹਿਆਂ ਵਿੱਚ ਪਤਾਸੇ ਦਾ ਜ਼ਿਕਰ ਵੱਖ ਵੱਖ ਸੰਦਰਭਾਂ ਵਿੱਚ ਇਸ ਤਰ੍ਹਾਂ ਮਿਲਦਾ ਹੈ:

ਗੜਵੀ ਸੋਹੇ ਜਲ ਭਰੀ

ਵਿੱਚ ਪਤਾਸੇ ਚਾਰ।

ਕਰਮਾਂ ਸੇਤੀ ਹੀ ਮਿਲ ਪਏ

ਨਹੀਂ ਨਾ ਵਿਕਣ ਬਜ਼ਾਰ।

ਲੋਕ ਬੋਲੀਆਂ ਵਿੱਚ ਪਤਾਸੇ ਦੀ ਤੁਲਨਾ ਕੁਝ ਇਸ ਤਰ੍ਹਾਂ ਵੀ ਕੀਤੀ ਮਿਲਦੀ ਹੈ:

ਦੰਦ ਕੌਡੀਆਂ, ਬੁੱਲ੍ਹ ਪਤਾਸੇ

ਗੱਲ੍ਹਾਂ ਸ਼ੱਕਰਪਾਰੇ

ਮੱਥਾ ਤੇਰਾ ਚਮਕੇ ਕੁੜੀਏ

ਨੈਣ ਜਿਉਂ ਚਮਕਣ ਤਾਰੇ।

ਪ੍ਰਸਿੱਧ ਕਵੀਸ਼ਰ ਬਾਬੂ ਰਜਬ ਅਲੀ ਨੇ ਖੰਡ ਦੇ ਪਤਾਸਿਆਂ ਦਾ ਵਰਣਨ ਕੁਝ ਇਸ ਤਰ੍ਹਾਂ ਕੀਤਾ ਹੈ:

ਏਸ਼ੀਆ ‘ਚ ਏਹੋ ਜਿਹੀ ਜ਼ੁਬਾਨ ਮਿੱਠੀ ਨਾ

ਯੂਰਪ ਅਫ਼ਰੀਕਾ ਅਮਰੀਕਾ ਡਿੱਠੀ ਨਾ।

ਦੁੱਧ ਵਿੱਚ ਖੰਡ ਦੇ ਪਤਾਸੇ ਘੋਲੀ ਦੇ

ਮਿੱਠੇ ਬੋਲ ਬੋਲੀਏ ਪੰਜਾਬੀ ਬੋਲੀ ਦੇ।

ਇਸ ਤਰ੍ਹਾਂ ਪਤਾਸਾ ਪੰਜਾਬੀ ਜਨ ਜੀਵਨ ਤੇ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ ਅਤੇ ਇਸ ਦਾ ਸਬੰਧ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਰਸਮਾਂ ਨਾਲ ਹੈ। ਇਸ ਦਾ ਅਨੁਮਾਨ ਪੰਜਾਬੀ ਲੋਕ ਗੀਤਾਂ ਤੇ ਲੋਕ ਬੋਲੀਆਂ ਵਿੱਚ ਇਸ ਦਾ ਜ਼ਿਕਰ ਆਮ ਮਿਲਣ ਤੋਂ ਲਗਾਇਆ ਸਕਦਾ ਹੈ।
ਸੰਪਰਕ: 81469-24800



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -