12.4 C
Alba Iulia
Sunday, May 19, 2024

ਸਾਡੀਆਂ ਬੇਰੀਆਂ ਦੇ ਮਿੱਠੇ ਬੇਰ…

Must Read


ਜੱਗਾ ਸਿੰਘ ਆਦਮਕੇ

ਰੁੱਖਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਸਾਰੇ ਪੱਖਾਂ ਤੋਂ ਖਾਸ ਮਹੱਤਵ ਹੈ। ਪੰਜਾਬ ਵਿੱਚ ਮਿਲਦੇ ਰੁੱਖਾਂ ਵਿੱਚੋਂ ਇੱਕ ਰੁੱਖ ਹੈ ਬੇਰੀ। ਬੇਰੀ ਜਿੱਥੇ ਸੁਆਦੀ ਫ਼ਲ ਬੇਰ ਖਾਣ ਲਈ ਪ੍ਰਦਾਨ ਕਰਦੀ ਹੈ, ਉੱਥੇ ਉਸ ਦੀ ਲੱਕੜ, ਪੱਤੇ ਆਦਿ ਵੀ ਵੱਖ ਵੱਖ ਉਦੇਸ਼ਾਂ ਲਈ ਕਾਫ਼ੀ ਉਪਯੋਗੀ ਹੁੰਦੇ ਹਨ। ਆਪਣੇ ਬਹੁਪੱਖੀ ਗੁਣਾਂ ਕਾਰਨ ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਵਿੱਚ ਵੀ ਇਹ ਮਹੱਤਵ ਰੱਖਣ ਵਾਲਾ ਰੁੱਖ ਹੈ। ਬੇਰੀ ਦਾ ਰੁੱਖ ਦੱਖਣੀ ਏਸ਼ੀਆ ਦੇ ਕੁਝ ਹਿੱਸਿਆਂ ਤੇ ਖਾਸ ਕਰਕੇ ਭਾਰਤ ਵਿੱਚ ਮਿਲਦਾ ਹੈ। ਬੇਰੀ ਦੇ ਰੁੱਖ ਦੀ ਖਾਸੀਅਤ ਇਸ ਦਾ ਖੁਸ਼ਕ ਤੇ ਰੇਤਲੇ ਖੇਤਰਾਂ ਵਿੱਚ ਪਣਪਣਾ ਅਤੇ ਹੋਂਦ ਬਣਾ ਕੇ ਰੱਖਣਾ ਹੈ।

ਬੇਰੀ ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਰੇਤਲੇ ਖੇਤਰਾਂ ਵਿੱਚ ਬਹੁਤਾਤ ਵਿੱਚ ਮਿਲਦੀ ਰਹੀ ਹੈ। ਬੇਰੀ ਦਾ ਮਹੱਤਵ ਇਸ ਨੂੰ ਲੱਗਦੇ ਬਹੁਤ ਗੁਣੀ ਫ਼ਲ ਬੇਰ ਕਰਕੇ ਵੀ ਹੈ। ਕੁਦਰਤੀ ਤਰੀਕੇ ਪਣਪੀ ਅਤੇ ਪਲੀ ਬੇਰੀ ਨੂੰ ਲੱਗੇ ਦੇਸੀ ਬੇਰਾਂ ਦਾ ਆਪਣਾ ਹੀ ਸੁਆਦ ਅਤੇ ਗੁਣ ਹਨ। ਬੇਸ਼ੱਕ ਮਨੁੱਖ ਨੇ ਇਨ੍ਹਾਂ ਦੇਸੀ ਬੇਰੀਆਂ ਨੂੰ ਪਿਉਂਦ ਚੜ੍ਹਾ ਕੇ ਪੇਂਦੂ ਬੇਰ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ ਹਨ, ਪਰ ਇਨ੍ਹਾਂ ਦਾ ਸੁਆਦ ਦੇਸੀ ਬੇਰੀ ਦੇ ਬੇਰਾਂ ਦੇ ਮੁਕਾਬਲੇ ਕਿੱਥੇ?

ਹੋਰਨਾਂ ਰੁੱਖਾਂ ਵਾਂਗ ਬੇਰੀ ਤੇ ਬੇਰਾਂ ਦਾ ਵਰਣਨ ਲੋਕ ਬੋਲੀਆਂ, ਲੋਕ ਗੀਤਾਂ ਵਿੱਚ ਵੱਖ ਵੱਖ ਤਰੀਕਿਆਂ ਨਾਲ ਮਿਲਦਾ ਹੈ। ਵਿਆਹ ਸਮੇਂ ਗਾਈਆਂ ਜਾਂਦੀਆਂ ਰਹੀਆਂ ਸਿੱਠਣੀਆਂ ਵਿੱਚ ਇਨ੍ਹਾਂ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਸਾਡੀਆਂ ਬੇਰੀਆਂ ਦੇ ਮਿੱਠੇ ਬੇਰ

ਵੇ ਜਾਨੀਓ ਖਾ ਕੇ ਜਾਇਓ।

ਬੇਰੀਆਂ ਵਾਲਿਆਂ ਨੂੰ ਦੇ ਕੇ ਜਾਇਓ ਮਾਂ

ਵੇ ਜਾਨੀਓ ਖਾ ਕੇ ਜਾਇਓ।

ਬੇਰੀ ਆਪਣੇ ਬੁਹਪੱਖੀ ਮਹੱਤਵ ਕਾਰਨ ਪੰਜਾਬੀ ਜਨ ਜੀਵਨ ਵਿੱਚ ਸਮਾਈ ਹੋਈ ਹੈ। ਇਸ ਕਰਕੇ ਲੋਕ ਗੀਤਾਂ ਵਿੱਚ ਬੇਰੀ ਦਾ ਵੱਖ ਵੱਖ ਸੰਦਰਭਾਂ ਵਿੱਚ ਜ਼ਿਕਰ ਮਿਲਦਾ ਹੈ :

ਬੇਰੀਆਂ ਵੀ ਲੰਘੀ, ਕਿੱਕਰਾਂ ਵੀ ਲੰਘੀ

ਲੰਘਣਾ ਰਹਿ ਗਿਆ ਗਹੀਰਾ

ਕੋਕਾ ਤੂੰ ਕਢਾ ਦੇ, ਝਾਂਜਰ ਕਢਾਉ ਵੀਰਾ।

ਬੇਰੀਆਂ ਦੇ ਰਾਹੀਂ ਲੋਕ ਬੋਲੀਆਂ, ਟੱਪਿਆਂ ਵਿੱਚ ਕਾਫ਼ੀ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:

ਬੇਰੀਏ ਨੀਂ ਤੈਨੂੰ ਬੇਰ ਲੱਗਣਗੇ

ਕਿੱਕਰੇ ਨੀਂ ਤੈਨੂੰ ਤੁੱਕੇ

ਮਾਹੀ ਮੇਰਾ ਦੂਰ ਖੜ੍ਹਾ ਦੁੱਖ ਪੁੱਛੇ।

ਬੇਰੀ ਦੇ ਰੁੱਖ ਨੂੰ ਲੱਗਦਾ ਫ਼ਲ ਬੇਰ ਆਕਾਰ ਪੱਖੋਂ ਸੇਬ ਵਰਗਾ ਹੁੰਦਾ ਹੈ। ਬੇਰੀ ਨੂੰ ਲੱਗੇ ਬੂਰ ਤੋਂ ਬਾਅਦ ਇਸ ਨੂੰ ਹਰੇ ਰੰਗ ਦੇ ਬੇਰ ਲੱਗਦੇ ਹਨ। ਪੱਕਣ ਤੋਂ ਪਹਿਲਾਂ ਕਈ ਬੇਰੀਆਂ ਦੇ ਬੇਰ ਅੱਧ ਪੱਕੇ ਹੋਣ ‘ਤੇ ਗਲ ਨੂੰ ਅੰਦਰੋਂ ਫੜਨ ਵਾਲੇ ਹੋਣ ਕਾਰਨ, ਇਨ੍ਹਾਂ ਨੂੰ ਗਲਘੋਟੂ ਵੀ ਕਿਹਾ ਜਾਂਦਾ ਹੈ, ਪਰ ਪੱਕਣ ਤੋਂ ਬਾਅਦ ਇਹ ਆਮ ਕਰਕੇ ਗੂੜ੍ਹੇ ਲਾਲ ਹੋ ਕੇ ਪੂਰੇ ਸੁਆਦੀ ਹੋ ਜਾਂਦੇ ਹਨ। ਇਸ ਦਾ ਅਜਿਹਾ ਰੰਗ ਹੋਣ ਕਰਕੇ ਹੀ ਲੋਕਗੀਤ ਵਿੱਚ ਕਿਹਾ ਮਿਲਦਾ ਹੈ:

ਮੈਂ ਬੇਰ ਲਿਆ ਤੇਰੇ ਲਈ

ਭਾਬੀ ਨੀਂ ਤੇਰੇ ਰੰਗ ਵਰਗਾ।

ਬੇਰੀ, ਬੇਰਾਂ ਦੇ ਨਾਲ ਨਾਲ ਇਹ ਹੋਰ ਬਹੁਤ ਸਾਰੇ ਪੱਖਾਂ ਤੋਂ ਮਹੱਤਵ ਰੱਖਦੀ ਹੈ। ਬੇਰੀਆਂ ਦੇ ਬੇਰ ਮੇਲ ਮਿਲਾਪ ਦਾ ਵੀ ਬਹਾਨਾ ਸਾਬਤ ਹੁੰਦੇ ਰਹੇ ਹਨ। ਇਸ ਕਰਕੇ ਇਸ ਸਬੰਧੀ ਲੋਕ ਗੀਤਾਂ ਵਿੱਚ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:

ਦੱਸ ਕਿਹੜੇ ਵੇ ਬਹਾਨੇ ਆਵਾਂ

ਬੇਰੀਆਂ ਦੇ ਬੇਰ ਮੁੱਕ ਗਏ।

ਕਿਸੇ ਲਈ ਬੇਰੀਆਂ ਤੋਂ ਮਿੱਠੇ ਬੇਰ ਲਿਆ ਕੇ ਦੇਣਾ ਤੇ ਪਿਆਰ ਨਾਲ ਕਿਸੇ ਨੂੰ ਸੌਗਾਤ ਵਾਂਗ ਪੇਸ਼ ਕਰਨਾ ਉਸ ਲਈ ਕਿੰਨੀ ਖੁਸ਼ੀ ਦੇਣ ਅਤੇ ਮਾਣ ਵਾਲੀ ਗੱਲ ਹੈ। ਅਜਿਹਾ ਹੋਣ ਕਾਰਨ ਆਪਣੇ ਕਿਸੇ ਪਿਆਰੇ ਵੱਲੋਂ ਸਬੰਧਤ ਲਈ ਬੇਰ ਲਿਆ ਕੇ ਪੇਸ਼ ਕਰਨ ਦੀ ਖਵਾਇਸ਼ ਵੀ ਕੀਤੀ ਜਾਂਦੀ, ਪਰ ਕਿਸੇ ਦੂਸਰੇ ਲਈ ਅਜਿਹਾ ਹੋਣਾ ਉਸ ਦੇ ਸਹਿਣ ਕਰਨ ਤੋਂ ਬਾਹਰ ਵਾਲੀ ਗੱਲ ਵੀ ਬਣ ਨਿੱਬੜਦੀ ਹੈ:

ਮਾਹੀ ਮੇਰੇ ਨੇ ਬੇਰ ਲਿਆਂਦੇ

ਮੈਨੂੰ ਦਿੱਤੇ ਚੁਣ ਚੁਣ ਕੇ

ਮੇਰੀ ਜੇਠਾਣੀ ਮੱਚ ਗਈ ਸੁਣ ਸੁਣ ਕੇ।

ਬੇਰ ਸੁਆਦੀ ਫ਼ਲ ਹੋਣ ਦੇ ਨਾਲ ਨਾਲ ਇੱਕ ਵਿਸ਼ੇਸ਼ ਰੁੱਤ ਦਾ ਵੀ ਪ੍ਰਤੀਕ ਹਨ। ਇਹ ਫ਼ਲ ਸਰਦੀ ਖ਼ਤਮ ਹੋਣ ਅਤੇ ਗਰਮੀ ਸ਼ੁਰੂ ਹੋਣ ਦੇ ਵਿਚਕਾਰ ਆਉਂਦਾ ਹੈ। ਇਸ ਸਮੇਂ ਮੌਸਮ ਬੜਾ ਸੁਹਾਵਣਾ ਹੁੰਦਾ ਹੈ ਅਤੇ ਇਸ ਸਮੇਂ ਆਪਣੇ ਕਿਸੇ ਪਿਆਰੇ ਦੇ ਆਉਣ ਦੀ ਉਡੀਕ ਹੁੰਦੀ ਹੈ, ਪਰ ਇਹ ਰੁੱਤ ਉਂਜ ਹੀ ਲੰਘ ਜਾਂਦੀ ਹੈ ਤਾਂ ਇਸ ਦਾ ਦੁੱਖ ਕੁਝ ਇਸ ਤਰ੍ਹਾਂ ਪ੍ਰਗਟ ਕੀਤਾ ਜਾਂਦਾ ਹੈ:

ਬੇਰੀਆਂ ਦੇ ਬੇਰ ਮੁੱਕ ਗਏ

ਹਾਲੇ ਮਾਹੀਆ ਆਇਆ ਨਾ ਪ੍ਰਦੇਸੋਂ।

ਬੇਰੀ ਦਾ ਰੁੱਖ ਜਿੱਥੇ ਆਪਣੇ ਫ਼ਲ ਕਾਰਨ ਮਹੱਤਵਪੂਰਨ ਹੈ, ਉੱਥੇ ਇਸ ਦੇ ਪੱਤੇ ਪਸ਼ੂਆਂ ਲਈ ਚਾਰੇ ਦੇ ਰੂਪ ਵਿੱਚ ਵੀ ਕੰਮ ਆਉਂਦੇ ਹਨ। ਬੱਕਰੀਆਂ ਲਈ ਇਹ ਪਸੰਦੀਦਾ ਚਾਰਾ ਹੈ। ਬੱਕਰੀਆਂ ਲਈ ਬੰਨੇ ‘ਤੇ ਬੇਰੀਆਂ ਲਗਾਉਣ ਦੀ ਗੱਲ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ:

ਚਿੱਤ ਬੱਕਰੀ ਲੈਣ ਨੂੰ ਕਰਦਾ

ਬੰਨੇ ‘ਤੇ ਲਵਾ ਦੇ ਬੇੇਰੀਆਂ।

‘ਡੁੱਲ੍ਹਿਆਂ ਬੇਰਾਂ ਦਾ ਕੁਝ ਨਹੀਂ ਵਿਗੜਨਾ’ ਇਸ ਗੱਲ ਦਾ ਪ੍ਰਤੀਕ ਹੈ ਕਿ ਕੋਈ ਸਮੱਸਿਆ ਜਾਂ ਗ਼ਲਤੀ ਤੋਂ ਬਾਅਦ ਵੀ ਕੁਝ ਨਾ ਵਿਗੜਨਾ:

ਡੁੱਲ੍ਹਿਆਂ ਬੇਰਾਂ ਦਾ ਕੁਝ ਨਾ ਵਿਗੜਿਆ

ਚੁੱਕ ਝੋਲੀ ਦੇ ਵਿੱਚ ਪਾ ਲੈ

ਜੇਕਰ ਇਨ੍ਹਾਂ ਨੂੰ ਮਿੱਟੀ ਲੱਗਗੀ

ਝਾੜ ਪੂੰਝ ਕੇ ਖਾ ਲੈ

ਕਰਨੀਆਂ ਛੱਡ ਅੜੀਆਂ ਅੜਿਆ

ਆਪਣਾ ਮਨ ਸਮਝਾ ਲੈ।

ਬੇਰੀਆਂ ਨੂੰ ਬੇਰ ਲੱਗਣ ਤੋਂ ਪਹਿਲਾਂ ਬੂਰ ਲੱਗਦਾ ਹੈ। ਲੋਕ ਗੀਤਾਂ ਵਿੱਚ ਬੂਰ ਸਬੰਧੀ ਕੁਝ ਇਸ ਤਰ੍ਹਾਂ ਜ਼ਿਕਰ ਮਿਲਦਾ ਹੈ:

ਓ ਛੱਲਾ ਬੇਰੀ ਓ ਬੂਰੇ

ਵੇ ਵਤਨ ਮਾਹੀ ਦਾ ਦੂਰੇ

ਵੇ ਜਾਣਾ ਪਹਿਲੇ ਪੂਰੇ।

ਬਾਲ ਖੇਡਾਂ ਵਿੱਚ ਬੇਰ ਤੇ ਬੇਰੀਆਂ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਬਾਤ ਪਾਵਾਂ ਬਤੌਲੀ ਪਾਵਾਂ

ਬਾਤ ਨੂੰ ਲਾਵਾਂ ਮੋਤੀ

ਸਾਰੇ ਮੋਤੀ ਝੜ ਗਏ

ਸ਼ਾਖ ਰਹਿ ਗਈ ਖੜ੍ਹੀ ਖੜੋਤੀ।

ਬੇਰੀ ਦਾ ਰੁੱਖ ਕਦੇ ਪੰਜਾਬ ਵਿੱਚ ਬਹੁਤਾਤ ਵਿੱਚ ਹੋਣ ਕਾਰਨ ਧਾਰਮਿਕ ਅਤੇ ਲੋਕ ਵਿਸ਼ਵਾਸਾਂ ਦੇ ਪੱਖ ਤੋਂ ਵੀ ਮਹੱਤਵ ਰੱਖਦਾ ਹੈ, ਪਰ ਪੰਜਾਬ ਵਿੱਚ ਇਹ ਵਿਰਾਸਤੀ ਰੁੱਖ ਲਗਾਤਾਰ ਖ਼ਤਮ ਹੁੰਦਾ ਜਾ ਰਿਹਾ ਹੈ।
ਸੰਪਰਕ: 81469-24800



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -