12.4 C
Alba Iulia
Monday, May 6, 2024

ਮਨ ਕੇ ਜੀਤੇ ਜੀਤ…

Must Read


ਰਵਿੰਦਰ ਭਾਰਦਵਾਜ

ਕਹਿੰਦੇ ਨੇ ਕਿ ਮੈਦਾਨ ਵਿੱਚ ਹਾਰਿਆ ਹੋਇਆ ਵਿਅਕਤੀ ਦੁਬਾਰਾ ਜਿੱਤ ਸਕਦਾ ਹੈ, ਪਰ ਜੇਕਰ ਮਨ ਤੋਂ ਹਾਰ ਗਿਆ ਤਾਂ ਉਹ ਦੁਬਾਰਾ ਕਦੇ ਵੀ ਜਿੱਤ ਨਹੀਂ ਸਕਦਾ। ਇਸ ਕਰਕੇ ਅਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾਂ ਮਨ ਤੋਂ ਜਿੱਤਣ ਲਈ ਤਿਆਰ ਰਹੀਏ ਤਾਂ ਕਿ ਜ਼ਿੰਦਗੀ ਵਿੱਚ ਕਦੇ ਵੀ ਹਾਰਨ ਵਾਲਾ ਖਿਆਲ ਮਨ ਵਿੱਚ ਨਾ ਆਵੇ। ਅਸੀਂ ਅੱਜ ਜੋ ਵੀ ਹਾਂ ਆਪਣੇ ਮਨ ਦੇ ਵਿਚਾਰਾਂ ਕਰਕੇ ਹੀ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਹੇ ਹਾਂ। ਜ਼ਿੰਦਗੀ ਵਿੱਚ ਸਾਡੇ ਵਿਚਾਰਾਂ ਦੀ ਬਹੁਤ ਮਹੱਤਤਾ ਹੈ। ਸਾਨੂੰ ਸਫਲਤਾ ਵੀ ਉਸ ਤਰ੍ਹਾਂ ਹੀ ਮਿਲਦੀ ਹੈ, ਪਰ ਦੇਖਣਾ ਇਹ ਹੈ ਕਿ ਸਾਡਾ ਇਸ ਵਿੱਚ ਵਿਸ਼ਵਾਸ ਹੈ ਜਾਂ ਨਹੀਂ। ਕਈ ਵਾਰ ਅਸੀਂ ਗੱਲ ਕਰਦੇ ਹਾਂ ਕਿ ਕਿਸਮਤ ਸਾਡੇ ਦਰਵਾਜ਼ੇ ਤੋਂ ਆ ਕੇ ਮੁੜ ਗਈ, ਜਦੋਂ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਕਿਸਮਤ ਤਾਂ ਸਾਡੇ ਨਾਲ 24 ਘੰਟੇ ਹੀ ਰਹਿੰਦੀ ਹੈ, ਪਰ ਸਾਨੂੰ ਆਪਣੇ ਮਨ ‘ਤੇ ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਜਿੱਤਾਂਗੇ ਜਾਂ ਨਹੀਂ। ਜੇਕਰ ਅਸੀਂ ਆਪਣੇ ਵਿਚਾਰਾਂ ਨੂੰ ਬਦਲ ਲਈਏ ਜਾਂ ਸਾਡੀ ਤਕਦੀਰ ਬਦਲਣ ਨੂੰ ਜ਼ਿਆਦਾ ਸਮਾਂ ਨਹੀਂ ਲੱਗੇਗਾ।

ਵੱਡਾ ਸੁਪਨਾ ਹੈ ਤਾਂ ਜਿੱਤ ਨਿਸ਼ਚਤ ਹੁੰਦੀ ਹੈ, ਪਰ ਵੱਡੇ ਸੁਪਨੇ ਨੂੰ ਪੂਰਾ ਕਰਨ ਲਈ ਵੱਡੀ ਮਿਹਨਤ ਕਰਨ ਦੀ ਸਖ਼ਤ ਜ਼ਰੂਰਤ ਹੈ। ਅੱਜ ਤੱਕ ਜੋ ਖੋਜਾਂ ਹੋਈਆਂ ਨੇ ਉਨ੍ਹਾਂ ਲਈ ਪਹਿਲਾਂ ਵੱਡਾ ਸੋਚਿਆ ਗਿਆ ਕਿਉਂਕਿ ਵੱਡਾ ਸੋਚਣ ਨਾਲ ਛੋਟੇ ਕੰਮ ਤਾਂ ਆਪਣੇ ਆਪ ਹੀ ਹੋ ਜਾਂਦੇ ਹਨ। ਫਿਰ ਕਿਉਂ ਨਾ ਅਸੀਂ ਹਰ ਵੇਲੇ ਆਪਣੇ ਮਨ ਵਿੱਚ ਕੁਝ ਵੱਡਾ ਕਰਨ ਦੀ ਸੋਚ ਰੱਖੀਏ। ਇੱਕ ਆਸ਼ਾਵਾਦੀ ਵਿਅਕਤੀ ਨੂੰ ਹਰ ਮੁਸ਼ਕਿਲ ਵਿੱਚ ਇੱਕ ਮੌਕਾ ਨਜ਼ਰ ਆਉਂਦਾ ਹੈ ਜਦੋਂ ਕਿ ਇੱਕ ਨਕਾਰਾਤਮਕ ਸੋਚ ਵਾਲੇ ਵਿਅਕਤੀ ਨੂੰ ਹਰ ਵੇਲੇ ਕੋਈ ਨਾ ਕੋਈ ਮੁਸ਼ਕਿਲ ਨਜ਼ਰ ਆਉਂਦੀ ਦਿਖਾਈ ਦਿੰਦੀ ਹੈ। ਇਸ ਲਈ ਕਦੇ ਵੀ ਨਕਾਰਾਤਮਕ ਵਿਚਾਰ ਆਪਣੇ ਮਨ ਵਿੱਚ ਨਾ ਲੈ ਕੇ ਆਈਏ।

ਇਸ ਗੱਲ ਦਾ ਖਿਆਲ ਰੱਖੀਏ ਕਿ ਅਸੀਂ ਸੋਚਦੇ ਕੀ ਹਾਂ। ਸਾਡੇ ਵਿਚਾਰ ਇੱਕ ਮਿੰਟ ਵਿੱਚ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦੇ ਹਨ, ਪਰ ਸਾਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਅਸੀਂ ਇੱਕੋ ਹੀ ਜਗ੍ਹਾ ‘ਤੇ ਬੈਠੇ ਰਹਿੰਦੇ ਹਾਂ। ਜੋ ਵਿਅਕਤੀ ਮਾਨਸਿਕ ਤੌਰ ‘ਤੇ ਜਿੱਤ ਲਈ ਕਦੇ ਤਿਆਰ ਨਹੀਂ ਹੁੰਦੇ, ਉਹ ਵਿਅਕਤੀ ਉਦੋਂ ਤੱਕ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਪਹਿਲਾਂ ਜਿੱਤ ਦੇ ਝੰਡੇ ਨੂੰ ਆਪਣੇ ਮਨ ਵਿੱਚ ਉਸਾਰਿਆ ਜਾਵੇ ਫਿਰ ਜਿੱਤ ਯਕੀਨੀ ਹੋ ਜਾਂਦੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਜੀ ਆਪਣੇ ਇੱਕ ਉਪਦੇਸ਼ ਰਾਹੀਂ ਕਹਿੰਦੇ ਹਨ ਕਿ ਆਦਮੀ ਜੋ ਚਾਹੇ ਬਣ ਸਕਦਾ ਹੈ, ਜੇ ਉਹ ਵਿਸ਼ਵਾਸ ਨਾਲ ਲਗਾਤਾਰ ਚਿੰਤਨ ਕਰੇ।

ਅਸੀਂ ਹਰ ਵੇਲੇ ਆਪਣੇ ਮਨ ਵਿੱਚ ਚਿੰਤਨ ਕਰੀਏ ਕਿ ਅਸੀਂ ਸਫਲ ਹੋ ਗਏ, ਅਸੀਂ ਕਾਮਯਾਬ ਹੋ ਗਏ, ਅਸੀਂ ਆਪਣੀ ਮਨਚਾਹੀ ਮੰਜ਼ਿਲ ‘ਤੇ ਪਹੁੰਚ ਗਏ, ਅਸੀਂ ਜਿੱਤ ਗਏ, ਇਸ ਤਰ੍ਹਾਂ ਮਨ ਵਿੱਚ ਚਿੰਤਨ ਕਰਨ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਨਾਲ ਸਾਡੇ ਮਨ ਨੂੰ ਬਹੁਤ ਹੌਸਲਾ ਮਿਲਦਾ ਹੈ।

ਇੱਕ ਵਾਰ ਜੰਗਲ ਵਿੱਚ ਇੱਕ ਹਾਥੀ ਪਤਲੀ ਜਿਹੀ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਉਸ ਹਾਥੀ ‘ਤੇ ਇੱਕ ਵਿਅਕਤੀ ਦੀ ਨਜ਼ਰ ਪਈ ਤੇ ਦੇਖਿਆ ਕਿ ਇੰਨਾ ਤਾਕਤਵਾਰ ਜਾਨਵਰ ਪਤਲੀ ਜਿਹੀ ਰੱਸੀ ਨਾਲ ਕਿਵੇਂ ਬੰਨ੍ਹਿਆ ਜਾ ਸਕਦਾ ਹੈ। ਇਹ ਸਭ ਕੁਝ ਦੇਖ ਕੇ ਉਹ ਵਿਅਕਤੀ ਕੁਝ ਸਮੇਂ ਲਈ ਹੈਰਾਨ ਹੋ ਗਿਆ ਤੇ ਸੋਚਣ ਲੱਗਾ। ਫਿਰ ਉਹ ਹਾਥੀ ਦੇ ਮਾਲਕ ਨੂੰ ਪੁੱਛਣ ਲੱਗਿਆ ਕਿ ਐਨਾ ਤਾਕਤਵਾਰ ਹਾਥੀ ਇੱਕ ਪਤਲੀ ਜਿਹੀ ਰੱਸੀ ਨਾਲ ਕਿਵੇਂ ਬੰਨ੍ਹਿਆ ਜਾ ਸਕਦਾ ਹੈ ਤਾਂ ਹਾਥੀ ਦੇ ਮਾਲਕ ਨੇ ਕਿਹਾ ਕਿ ਇਹ ਹਾਥੀ ਛੋਟੇ ਹੁੰਦੇ ਹੀ ਉਸ ਨੇ ਇੱਕ ਮਜ਼ਬੂਤ ਰੱਸੀ ਨਾਲ ਬੰਨ੍ਹਿਆ ਸੀ ਤੇ ਉਸ ਸਮੇਂ ਇਹ ਛੋਟਾ ਹੋਣ ਕਾਰਨ ਰੱਸੀ ਨੂੰ ਤੋੜ ਨਹੀਂ ਸਕਿਆ ਤੇ ਇਸ ਦੇ ਮਨ ਵਿੱਚ ਹੁਣ ਇਹ ਪੱਕਾ ਹੋ ਗਿਆ ਕਿ ਮੈਂ ਇਸ ਰੱਸੀ ਨੂੰ ਕਦੇ ਵੀ ਤੋੜ ਨਹੀਂ ਸਕਦਾ। ਇਸ ਕਰਕੇ ਇਹ ਹਾਥੀ ਕਦੇ ਵੀ ਰੱਸੀ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਦਾ। ਇਹ ਹਾਥੀ ਦੇ ਮਨ ਦਾ ਵਿਚਾਰ ਹੈ। ਇਸ ਕਰਕੇ ਹਾਥੀ ਛੋਟੀ ਜਿਹੀ ਰੱਸੀ ਨਾਲ ਬੰਨ੍ਹਿਆ ਹੋਇਆ ਆਪਣੀ ਜਗ੍ਹਾ ‘ਤੇ ਖੜ੍ਹਾ ਹੈ। ਇਸ ਨੇ ਇੱਕ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਮੁੜ ਕਦੇ ਮਨ ਵਿੱਚ ਕੋਸ਼ਿਸ਼ ਕਰਨ ਦਾ ਖਿਆਲ ਨਹੀਂ ਲਿਆਂਦਾ। ਸਾਨੂੰ ਆਪਣੀ ਜ਼ਿੰਦਗੀ ਵਿੱਚ ਹਰ ਕੋਸ਼ਿਸ਼ ਤੋਂ ਪਹਿਲਾਂ ਮਨ ਵਿੱਚ ਵਧੀਆ ਵਿਚਾਰ ਲੈ ਕੇ ਆਉਣ ਦੀ ਜ਼ਰੂਰਤ ਹੈ ਤਾਂ ਕਿ ਕੋਸ਼ਿਸ਼ ਕਰਦੇ ਰਹੀਏ ਜਦੋਂ ਤੱਕ ਸਫਲ ਨਾ ਹੋ ਜਾਈਏ।

ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਬੀਤੇ ਸਮੇਂ ਦੀਆਂ ਘਟਨਾਵਾਂ ਜਾਂ ਪਛਤਾਵੇ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਤੋਂ ਯਾਦ ਕਰਕੇ ਆਪਣੀ ਵਰਤਮਾਨ ਦੀ ਜ਼ਿੰਦਗੀ ਨੂੰ ਅੱਗੇ ਨਹੀਂ ਵਧਣ ਦਿੰਦੇ ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਹਰ ਵੇਲੇ ਇਹੋ ਜਿਹੇ ਵਿਚਾਰ ਚੱਲਦੇ ਰਹਿੰਦੇ ਹਨ ਕਿ ਆਪਾਂ ਪਹਿਲਾਂ ਸਫਲ ਨਹੀਂ ਹੋਏ ਤੇ ਹੁਣ ਵੀ ਸਫਲ ਨਹੀਂ ਹੋ ਸਕਦੇ।

ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਬੀਤੇ ਸਮੇਂ ਦੀਆਂ ਘਟਨਾਵਾਂ ਅਤੇ ਪਛਤਾਵੇ ਤੋਂ ਬਹੁਤ ਕੁਝ ਸਿੱਖ ਕੇ ਆਪਣੇ ਆਉਣ ਵਾਲੇ ਸਮੇਂ ਵਿੱਚ ਤਰੱਕੀ ਕਰਨ ਬਾਰੇ ਸੋਚਦੇ ਹਨ। ਇਹ ਲੋਕ ਆਪਣੇ ਥੋੜ੍ਹੇ ਸਮੇਂ ਵਿੱਚ ਬਹੁਤ ਤਰੱਕੀ ਕਰਦੇ ਹਨ ਕਿਉਂਕਿ ਇਹ ਆਪਣੀਆਂ ਗ਼ਲਤੀਆਂ ਅਤੇ ਪਛਤਾਵੇ ‘ਤੇ ਅਫ਼ਸੋਸ ਕਰਨ ਦੀ ਬਜਾਏ ਇਨ੍ਹਾਂ ਤੋਂ ਗ੍ਰਹਿਣ ਕੀਤੇ ਤਜਰਬਿਆਂ ਤੋਂ ਸਿੱਖਦੇ ਹਨ ਅਤੇ ਕਦੇ ਵੀ ਮਨ ਵਿੱਚ ਅਸਫਲ ਹੋਣ ਬਾਰੇ ਨਹੀਂ ਸੋਚਦੇ। ਤੀਜੀ ਤਰ੍ਹਾਂ ਦੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਯਾਦਾਂ ਵਿੱਚ ਖੁਸ਼ੀ, ਉਦਾਸੀ, ਧੁੱਪ ਅਤੇ ਛਾਂ ਵੀ ਹੁੰਦੀ ਹੈ। ਕਹਿੰਦੇ ਨੇ ਕੜਾਕੇ ਦੀ ਠੰਢ ਤੋਂ ਬਾਅਦ ਬਸੰਤ ਰੁੱਤ ਜ਼ਰੂਰ ਆਵੇਗੀ। ਬਸ ਮਨ ਵਿੱਚ ਜਿੱਤਣ ਦੀ ਆਸ ਹੋਣੀ ਚਾਹੀਦੀ ਹੈ। ਹਰ ਰਾਤ ਤੋਂ ਬਾਅਦ ਸਵੇਰਾ ਹੋਣਾ ਨਿਸ਼ਚਤ ਹੈ।

ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਜ਼ਿਲ੍ਹਾ ਪਟਿਆਲਾ ਦੇ ਪਿੰਡ ਕਕਰਾਲਾ ਭਾਈਕਾ ਦੀ ਕੁਲਵਿੰਦਰ ਕੌਰ ਜਦੋਂ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ ਉਦੋਂ ਬੱਚਿਆਂ ਨੇ ਖੇਡ-ਖੇਡ ਵਿੱਚ ਟੋਕੇ ਵਾਲੀ ਮਸ਼ੀਨ ਨਾਲ ਛੇੜ-ਛਾੜ ਕਰ ਦਿੱਤੀ। ਜਿਸ ਕਰਕੇ ਕੁਲਵਿੰਦਰ ਕੌਰ ਦੇ ਦੋਵੇਂ ਹੱਥ ਕੱਟ ਗਏ। ਘਰ ਵਿੱਚ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਇਹ ਘਟਨਾ ਸੁਣ ਕੇ ਹਰ ਕਿਸੇ ਦਾ ਦਿਲ ਦਹਿਲ ਗਿਆ ਤੇ ਹਰ ਕੋਈ ਸੋਚਣ ਲਈ ਮਜਬੂਰ ਹੋ ਗਿਆ ਕਿ ਉਸ ਬੱਚੀ ਦਾ ਭਵਿੱਖ ਵਿੱਚ ਕੀ ਬਣੇਗਾ? ਇਸ ਘਟਨਾ ਕਰਕੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਬਹੁਤ ਅਫ਼ਸੋਸ ਹੋਇਆ। ਇਸ ਘਟਨਾ ਤੋਂ ਬਾਅਦ ਪਰਿਵਾਰ ਨਕਾਰਾਤਮਕ ਸੋਚਣ ਦੀ ਬਜਾਏ ਉਸ ਦੇ ਭਵਿੱਖ ਨੂੰ ਸੰਵਾਰਨ ਦੀ ਗੱਲ ਕਰਨ ਲੱਗਿਆ। ਪਰਿਵਾਰ ਨੇ ਕੁਲਵਿੰਦਰ ਕੌਰ ਨੂੰ ਪੂਰੀ ਹਿੰਮਤ ਤੇ ਹੌਸਲਾ ਦਿੱਤਾ। ਪਰਿਵਾਰ ਦੇ ਸਹਿਯੋਗ ਨਾਲ ਅਧਿਆਪਕ ਸਾਹਿਬਾਨ ਨੇ ਵੀ ਪੂਰਾ ਸਾਥ ਦਿੱਤਾ। ਫਿਰ ਉਸ ਦੇ ਮਨ ਵਿੱਚ ਵੱਡੇ ਸੁਪਨੇ ਸਿਰਜ ਕੇ ਮਿਹਨਤ ਕਰਨੀ ਸ਼ੁਰੂ ਕੀਤੀ। ਕੁਲਵਿੰਦਰ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਕਾਨੂੰਨ ਦੀ ਪੜ੍ਹਾਈ ਕੀਤੀ। ਯੂਜੀਸੀ ਨੈੱਟ ਪਾਸ ਕੀਤਾ। ਫਿਰ ਜੱਜ ਬਣਨ ਦੀ ਪ੍ਰੀਖਿਆ ਵਿੱਚ ਭਾਗ ਲਿਆ ਅਤੇ ਉਹ 2014 ਵਿੱਚ ਜੂਡੀਸ਼ੀਅਲ ਸੇਵਾ ਲਈ ਚੁਣੀ ਗਈ। ਇਸ ਤੋਂ ਬਾਅਦ ਉਸ ਨੇ ਜੱਜ ਬਣ ਕੇ ਆਪਣਾ ਹੀ ਨਹੀਂ ਸਗੋਂ ਆਪਣੇ ਪਰਿਵਾਰ ਦਾ ਅਤੇ ਪਿੰਡ ਦਾ ਨਾਂ ਰੌਸ਼ਨ ਕਰ ਦਿੱਤਾ। ਜਦੋਂ ਕੋਈ ਆਪਣੇ ਮਨ ਵਿੱਚ ਕੁਝ ਬਣਨ ਦੀ ਇੱਛਾ ਰੱਖ ਕੇ ਲਗਾਤਾਰ ਦ੍ਰਿੜ ਇਰਾਦੇ ਨਾਲ ਮਿਹਨਤ ਕਰਦਾ ਹੈ ਤਾਂ ਮੰਜ਼ਿਲ ਵੀ ਉਸ ਦੇ ਕੋਲ ਭੱਜੀ ਆਉਂਦੀ ਹੈ। ਉਸ ਦੀ ਮਿਹਨਤ ਨੂੰ ਦੇਖ ਕੇ ਕਿਸਮਤ ਵੀ ਕਹਿੰਦੀ ਹੈ ਕਿ ਇਸ ਉੱਪਰ ਤੇਰਾ ਹੀ ਹੱਕ ਹੈ। ਜਿਵੇਂ ਕੁਲਵਿੰਦਰ ਕੌਰ ਨੇ ਕੁਝ ਬਣਨ ਦਾ ਇਰਾਦਾ ਆਪਣੇ ਮਨ ਵਿੱਚ ਧਾਰਿਆ ਤਾਂ ਹੀ ਉਹ ਅੱਜ ਬਹੁਤ ਉੱਚੇ ਮੁਕਾਮ ‘ਤੇ ਪਹੁੰਚ ਗਈ। ਉਸ ਦੀਆਂ ਮੁਸੀਬਤਾਂ ਅਤੇ ਮੁਸ਼ਕਿਲਾਂ ਰੋੜਾ ਨਹੀਂ ਬਣ ਸਕੀਆਂ। ਇਸ ਕਰਕੇ ਸਾਨੂੰ ਵੀ ਆਪਣੇ ਮਨ ਵਿੱਚ ਵਧੀਆ ਵਿਚਾਰ, ਸਕਾਰਾਤਮਕ ਸੋਚ ਅਤੇ ਆਪਣੇ ਟੀਚੇ ਨੂੰ ਪਾਉਣ ਲਈ ਪੂਰੀ ਜਿੰਦ ਜਾਨ ਲਗਾ ਦੇਣੀ ਚਾਹੀਦੀ ਹੈ।

ਸੋ ਇਸ ਤਰ੍ਹਾਂ ਹਮੇਸ਼ਾਂ ਅਸੀਂ ਵੀ ਆਪਣੇ ਮਨ ਵਿੱਚ ਵਧੀਆ ਸੋਚ ਰੱਖੀਏ ਅਤੇ ਅੱਗੇ ਵਧਣ ਬਾਰੇ ਸੋਚੀਏ ਤਾਂ ਅਸੀਂ ਜ਼ਰੂਰ ਤਰੱਕੀਆਂ ਹਾਸਲ ਕਰਾਂਗੇ। ਪਹਿਲਾਂ ਮਨ ਦੇ ਖਿਆਲਾਂ ਵਿੱਚ ਜਿੱਤ ਪ੍ਰਾਪਤ ਕਰੀਏ ਤਾਂ ਸਾਡੀ ਜਿੱਤ ਪੱਕੀ ਹੋਵੇਗੀ। ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖੀਓ। ਜੰਗ ਜਾਰੀ ਰੱਖਣ ਦੀ ਲੋੜ ਹੈ ਤੇ ਮਨ ਵਿੱਚ ਵਧੀਆ ਸੋਚ ਤੇ ਵਧੀਆ ਵਿਚਾਰ ਰੱਖੀਏ।
ਸੰਪਰਕ: 88725-63800



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -