12.4 C
Alba Iulia
Thursday, May 2, 2024

ਇੱਕ ਸੰਤਾਲੀ ਹੋਰ!

Must Read


ਸਾਂਵਲ ਧਾਮੀ

ਪੰਜਾਹ ਸਾਲ ਦੇ ਕਰੀਬ ਉਮਰ। ਮਧਰਾ ਕੱਦ। ਚਮਕਦੀਆਂ ਅੱਖਾਂ। ਕਤਰੀਆਂ ਮੁੱਛਾਂ। ਲਾਹੌਰ ਫੇਰੀ ਦੌਰਾਨ ਮੈਨੂੰ ਰਾਣਾ ਅਬਦੁੱਲ ਜ਼ੁਬਾਰ ਖਾਂ ਮਿਲਣ ਆਇਆ। ਉਹਦੇ ਬਜ਼ੁਰਗਾਂ ਦਾ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਵਿੱਚ ਸੜੋਆ ਹੁੰਦਾ ਸੀ।

“ਮੇਰੇ ਵਾਲਿਦ ਦਾ ਨਾਂ ਰਾਣਾ ਅਰਸ਼ਾਦ ਅਹਿਮਦ…” ਮੇਰੀ ਸ਼ਿਫ਼ਾਰਿਸ਼ ‘ਤੇ ਉਹਨੇ ਆਪਣੇ ਬਜ਼ੁਰਗਾਂ ਬਾਰੇ ਦੱਸਣਾ ਸ਼ੁਰੂ ਕੀਤਾ।

“…ਤੇ ਦਾਦੇ ਦਾ ਨਾਂ ਉਮਰ ਦਰਾਜ ਖਾਂ ਸੀ। ਸੰਤਾਲੀ ‘ਚ ਸਾਡਾ ਖਾਨਦਾਨ ਸਹੀ ਸਲਾਮਤ ਇੱਧਰ ਆ ਗਿਆ ਸੀ। ਇਨ੍ਹਾਂ ਨੂੰ ਨਨਕਾਣਾ ਸਾਹਿਬ ਦੇ ਪਿੰਡ ਬਾਰਬਟਨ ਵਿੱਚ ਜ਼ਮੀਨ ਤੇ ਘਰ ਮਿਲ ਗਏ ਸਨ। ਮੇਰੇ ਨਾਨਕਿਆਂ ਵੱਲੋਂ ਸਾਨੂੰ ਦੁੱਖ ਭਰੀ ਕਹਾਣੀ ਸੁਣਨ ਨੂੰ ਮਿਲਦੀ ਰਹੀ ਏ। ਉਨ੍ਹਾਂ ਦਾ ਪਿੰਡ ਜ਼ਿਲ੍ਹਾ ਲੁਧਿਆਣਾ ‘ਚ ਨਾਜ਼ਰ ਪੁਰ ਸੀ। ਸੁਲਤਾਨ ਖਾਂ, ਬੂਟੇ ਖਾਂ, ਸ਼ਬੀਰ ਖਾਂ, ਜਮੀਲ ਖਾਂ ਤੇ ਬਸ਼ੀਰ ਅਹਿਮਦ ਖਾਂ; ਸਾਡੇ ਪੰਜ ਮਾਮੇ ਸਨ। ਇਨ੍ਹਾਂ ‘ਚੋਂ ਚਾਰ ਸੰਤਾਲੀ ‘ਚ ਗੁਆਚ ਗਏ ਸਨ। ਮੇਰਾ ਨਾਨਾ ਵੀ ਓਧਰ ਕਤਲ ਹੋ ਗਿਆ ਸੀ। ਮੇਰੀ ਨਾਨੀ ਨਾਲ ਉਹਦੀਆਂ ਤਿੰਨੋਂ ਧੀਆਂ ਮੇਰੀ ਮਾਂ ਬਸ਼ੀਰਾ ਬੀਬੀ, ਜਮੀਲਾ ਬੀਬੀ, ਜ਼ੁਬੈਦਾਂ ਬੀਬੀ ਤੇ ਵੱਡਾ ਪੁੱਤਰ ਬਸ਼ੀਰ ਅਹਿਮਦ ਇੱਧਰ ਆਏ ਸਨ।

ਸਾਡੇ ਨਾਨਕਿਆਂ ਦੀ ਛੇ ਸੌ ਛਿਆਹਠ ਵਿੱਘਾ ਜ਼ਮੀਨ ਸੀ। ਇਸ ਜ਼ਮੀਨ ਦਾ ਬੜਾ ਖਿਲਾਰਾ ਪਿਆ। ਓਧਰਲੇ ਇੱਕ ਪਿੰਡ ਦੀ ਜ਼ਮੀਨ ਇੱਧਰ ਪੰਜ ਜ਼ਿਲ੍ਹਿਆਂ ਦੇ ਪੰਜ ਪਿੰਡਾਂ ਵਿੱਚ ਬਿਖੇਰ ਦਿੱਤੀ ਗਈ। ਸਾਨੂੰ ਬਚਪਨ ਵਿੱਚ ਮਾਂ ਦੇ ਦਰਦ ਦਾ ਕੋਈ ਅਹਿਸਾਸ ਨਹੀਂ ਸੀ। ਉਹ ਆਪਣੇ ਭਰਾਵਾਂ ਨੂੰ ਯਾਦ ਕਰ ਕੇ ਰੋਂਦੀ ਰਹਿੰਦੀ ਸੀ। ਪਹਿਲਾਂ ਪਹਿਲ ਉਹ ਦੋਰਾਹੇ ਵਾਲੇ ਘਰ, ਹਵੇਲੀ, ਪਿੰਡ ਦੀਆਂ ਗਲੀਆਂ, ਚੁਬਾਰਿਆਂ, ਰੁੱਖਾਂ ਤੇ ਨਹਿਰ ਦੀਆਂ ਗੱਲਾਂ ਕਰਦੀ ਹੁੰਦੀ ਸੀ। ਸਾਡੇ ਘਰ ਦੀ ਪੜਛੱਤੀ ਉੱਤੇ ਇੱਕ ਤਸਵੀਰ ਪਈ ਹੁੰਦੀ ਸੀ। ਉਹਨੂੰ ਚੁੰਨੀ ਨਾਲ ਸਾਫ਼ ਕਰਦਿਆਂ ਮਾਂ ਬਹੁਤ ਰੋਂਦੀ ਹੁੰਦੀ ਸੀ। ਮੈਂ ਜਦੋਂ ਮੈਟ੍ਰਿਕ ‘ਚ ਹੋਇਆ ਤਾਂ ਮਾਂ ਨੇ ਮੈਨੂੰ ਆਪਣੇ ਅਸਲ ਦੁੱਖ ਸੁਣਾਏ ਸਨ। ਸਾਡੇ ਨਾਨਕਿਆਂ ਦੇ ਪਿੰਡ ਦੇ ਨਾਲ ਮੁਗ਼ਲ ਸਰਾਂ ਸੀ। ਉੱਥੇ ਕੋਈ ਪੁਰਾਣਾ ਕਿਲ੍ਹਾ ਵੀ ਸੀ। ਜਦੋਂ ਹਮਲਾ ਹੋਇਆ ਤਾਂ ਮੇਰੇ ਨਾਨਕੇ ਉਸ ਕਿਲ੍ਹੇ ਵਿੱਚ ਇਕੱਠੇ ਹੋ ਗਏ ਸਨ। ਉਨ੍ਹਾਂ ਕਿਲ੍ਹੇ ਦੀਆਂ ਪਾਉੜੀਆਂ ਤਰਾਸ਼ ਦਿੱਤੀਆਂ ਸਨ ਤਾਂ ਜੋ ਹਮਲਾਵਰ ਉੱਪਰ ਨਾ ਆ ਸਕਣ। ਪਹਿਲਾਂ ਤਾਂ ਹਮਲਾਵਰ ਇੱਟਾਂ ਮਾਰਦੇ ਰਹੇ। ਫਿਰ ਉਨ੍ਹਾਂ ਅੱਗ ਲਗਾ ਦਿੱਤੀ। ਸਭ ਕਿਲ੍ਹਾ ਛੱਡ ਕੇ ਦੌੜ ਪਏ। ਦੱਸਦੇ ਨੇ ਉੱਥੇ ਖੂਹ ਸਨ। ਬਹੁਤੀਆਂ ਔਰਤਾਂ ਤੇ ਕੁੜੀਆਂ ਨੇ ਉਨ੍ਹਾਂ ਖੂਹਾਂ ‘ਚ ਛਾਲਾਂ ਮਾਰ ਦਿੱਤੀਆਂ ਸਨ। ਇਸ ਹਮਲੇ ‘ਚ ਮੇਰੀ ਮਾਂ ਦਾ ਅੱਬਾ ਤੇ ਚਾਰ ਭਰਾ…!” ਵਾਕ ਅਧੂਰਾ ਛੱਡਦਿਆਂ ਉਹ ਠੰਢਾ ਹਉਕਾ ਭਰ ਕੇ ਚੁੱਪ ਹੋ ਗਿਆ।

“….ਜਿਨ੍ਹਾਂ ਆਪਣੇ ਹੱਡਾਂ ਉੱਤੇ ਇਹ ਮੁਸੀਬਤਾਂ ਝੱਲੀਆਂ, ਉਹ ਮੌਤ ਤੱਕ ਇਹ ਸਭ ਕੁਝ ਭੁੱਲ ਨਾ ਸਕੇ। ਗੁਆਚਿਆਂ ਦਾ ਵਾਰ-ਵਾਰ ਜ਼ਿਕਰ ਕਰੋ, ਉਨ੍ਹਾਂ ਦੀ ਤਲਾਸ਼ ਕਰੋ ਤਾਂ ਤੁਹਾਡੀ ਕਹਾਣੀ ਲੋਕਾਂ ਤੱਕ ਵੀ ਪਹੁੰਚ ਜਾਂਦੀ ਏ। ਸੰਨ ਬਿਆਸੀ ਦੀ ਗੱਲ ਏ। ਉਸ ਵੇਲੇ ਮੈਂ ਦਸ ਕੁ ਸਾਲਾਂ ਦਾ ਸਾਂ। ਕੋਈ ਓਪਰਾ ਬੰਦਾ ਸਾਡੇ ਘਰ ਆਇਆ। ਉਦੋਂ ਮੇਰੀ ਨਾਨੀ ਹਾਲੇ ਜਿਉਂਦੀ ਸੀ। ਮਾਮਾ ਬਸ਼ੀਰ ਮੁਹਮੰਦ ਤੇ ਉਨਾਂ ਦਾ ਪੁੱਤ ਦੁਨੀਆ ਤੋਂ ਤੁਰ ਚੁੱਕਾ ਸੀ। ਉਸ ਖ਼ਾਨਦਾਨ ‘ਚ ਬੰਦਾ ਕੋਈ ਨਹੀਂ ਸੀ ਰਿਹਾ। ਨਾਨੀ ਸੀ, ਮਾਮੀ ਸੀ ਤੇ ਉਹਦੀਆਂ ਚਾਰ ਧੀਆਂ ਸਨ।

ਅੰਮੀ ਨੇ ਉਸ ਓਪਰੇ ਬੰਦੇ ਕੋਲੋਂ ਪੁੱਛਿਆ-ਭਾਈ ਤੂੰ ਕੌਣ?

ਉਸ ਬੰਦੇ ਨੇ ਭੁੱਬ ਮਾਰ ਕੇ ਆਖਿਆ-ਮੈਂ ਤੁਹਾਡਾ ਭਾਈ ਜਮੀਲ ਆਂ।

ਜਮੀਲ ਮੇਰੇ ਚਾਰ ਮਾਮਿਆਂ ‘ਚੋਂ ਇੱਕ ਸੀ, ਜੋ ਦੇਸੋਂ ਇੱਧਰ ਨਹੀਂ ਸਨ ਆਏ। ਮੇਰੀ ਮਾਂ ਇਕਦਮ ਖ਼ੁਸ਼ ਹੋਈ, ਪਰ ਅਗਲੇ ਛਿਣ ਸੰਭਲ ਗਈ। ਉਹ ਉਸ ਕੋਲੋਂ ਨਿਸ਼ਾਨੀਆਂ ਪੁੱਛਣ ਲੱਗੀ। ਉਸ ਬੰਦੇ ਨੇ ਆਖਿਆ- ਮੈਂ ਬੜੇ ਧੱਕੇ ਖਾ ਕੇ ਇੱਧਰ ਆਇਆ ਸੀ। ਮੈਨੂੰ ਹੁਣ ਕੁਝ ਵੀ ਯਾਦ ਨਹੀਂ। ਮੈਂ ਤਾਂ ਹੁਣ ਤੱਕ ਭੁੱਖ ਕੱਟਦਾ ਪਿਆਂ। ਨਾ ਮੇਰਾ ਘਰ ਬਣਿਆ, ਨਾ ਵਸਿਆ।

ਜਮੀਲ ਮਾਮਾ ਜਦੋਂ ਵਿੱਛੜਿਆ ਸੀ ਤਾਂ ਉਹਦੀ ਉਮਰ ਮਸਾਂ ਪੰਜ ਕੁ ਸਾਲ ਸੀ। ਹੁਣ ਉਹ ਚਾਲੀ ਸਾਲਾਂ ਦਾ ਅੱਧਖੜ ਆਦਮੀ ਸੀ। ਜਦੋਂ ਉਹ ਧਾਹਾਂ ਮਾਰ ਕੇ ਰੋਣ ਲੱਗਾ ਤਾਂ ਮੇਰੀ ਮਾਂ ਨੇ ਉਹਨੂੰ ਬੁੱਕਲ ‘ਚ ਲੈ ਲਿਆ। ਸਾਡੀ ਮਾਂ ਦੀ ਸਾਦਗੀ ਦਾ ਆਲਮ ਦੇਖੋ! ਉਹਨੇ ਸੋਚਿਆ ਕਿ ਇਹ ਵਾਕਿਆ ਉਹਦਾ ਗੁਆਚਿਆ ਭਰਾ ਜਮੀਲ ਏ। ਸਾਡੇ ਵਾਲਿਦਾਨ ਨੇ ਦੇਗ਼ਾਂ ਬਣਾ ਕੇ ਪਿੰਡ ਵਿੱਚ ਵੰਡੀਆਂ। ਪੂਰੇ ਪਿੰਡ ਨੂੰ ਖਾਣਾ ਖਿਲਾਇਆ ਗਿਆ। ਮੇਰੀ ਮਾਂ ਨੇ ‘ਭਰਾ’ ਦੇ ਲੱਭ ਜਾਣ ਦੀ ਖ਼ੁਸ਼ੀ ਪੂਰੇ ਪਿੰਡ ‘ਚ ਮਨਾਈ।

‘ਮਾਮਾ ਜਮੀਲ’ ਬਿਨਾਂ ਸ਼ੱਕ ਵਿਆਹ ਦੀ ਉਮਰੋਂ ਕਦੋਂ ਦਾ ਲੰਘ ਚੁੱਕਾ ਸੀ। ਮਾਂ ਨੇ ਦੋਰਾਹੇ ਵਾਲਿਆਂ ਦੀਆਂ ਮਿੰਨਤਾਂ ਕਰ ਕੇ ਉਹਦੀ ਸ਼ਾਦੀ ਚੱਕ ਇਕਾਨਵੇਂ ਸ਼ੁਮਾਲੀ ਵਿੱਚ ਕਰਵਾ ਦਿੱਤੀ। ਉਹ ਵੀ ਪਿੱਛੋਂ ਦੋਰਾਹੇ ਦੇ ਰਾਜਪੂਤ ਸਨ ਤੇ ਉਨ੍ਹਾਂ ਦੀ ਧੀ ਵਿਧਵਾ ਹੋ ਕੇ ਪੇਕੇ ਘਰ ਮੁੜ ਆਈ ਸੀ। ਸਾਲ ਕੁ ਬਾਅਦ ਮਾਮੇ ਹੋਰਾਂ ਦੇ ਘਰ ਪੁੱਤਰ ਨੇ ਜਨਮ ਲਿਆ। ਉਹਦਾ ਨਾਂ ਫਾਰੂਖ਼ ਰੱਖਿਆ ਗਿਆ।

ਜਮੀਲ ‘ਮਾਮੇ’ ਨੇ ਥੋੜ੍ਹੀ ਦੇਰ ਬਾਅਦ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਉਹ ਨਿੱਤ ਕਿਸੇ ਨਾਲ ਲੜ ਪੈਂਦਾ। ਹੋਰ ਨਹੀਂ ਤਾਂ ਮਾਮੀ ਨੂੰ ਕੁੱਟਣ ਲੱਗ ਜਾਂਦਾ। ਉਹਦੀ ਚੋਰੀ ਦੀ ਆਦਤ ਤਾਂ ਜਿਉਂ ਪੱਕ ਚੁੱਕੀ ਸੀ। ਕਿਸੇ ਦੇ ਪੱਠੇ ਵੱਢ ਲਿਆਉਂਦਾ। ਕਿਸੇ ਦਾ ਕੁੱਕੜ ਚੋਰੀ ਕਰ ਲੈਂਦਾ। ਆਪਣੇ ਹਿੱਸੇ ਆਉਂਦੀ ਜ਼ਮੀਨ ਮੰਗਦਾ ਰਹਿੰਦਾ। ਆਖ਼ਰ ਮੇਰੇ ਮਾਪਿਆਂ ਨੇ ਨਾਨੀ ਨਾਲ ਗੱਲ ਕੀਤੀ ਕਿ ‘ਜਮੀਲ’ ਨੂੰ ਉਹਦੀ ਬਣਦੀ ਜ਼ਮੀਨ ਦੇ ਦੇਣੀ ਚਾਹੀਦੀ ਏ। ਗੱਲ ਤੁਰੀ ਤਾਂ ਉਹ ਅੱਧ ਮੰਗਣ ਲੱਗ ਪਿਆ। ਜਿਸ ਸਵੇਰ ਉਹਦੇ ਨਾਂ ਵਸੀਅਤ ਕਰਨੀ ਸੀ ਉਹ ਇੱਕ ਰਾਤ ਪਹਿਲਾਂ ਗਾਇਬ ਹੋ ਗਿਆ। ਸਾਡੇ ਤੇ ਉਹਦੇ ਘਰ ਦੇ ਸਾਰੇ ਗਹਿਣੇ ਉਹ ਲੈ ਗਿਆ ਸੀ। ਉਸ ਤੋਂ ਬਾਅਦ ਉਹ ਕਿਤੇ ਨਜ਼ਰ ਨਹੀਂ ਆਇਆ।

ਉਹਦੇ ਜਾਣ ਮਗਰੋਂ ਮੇਰੀ ਮਾਂ ਨੇ ਉਹਦੀ ਬੇਗ਼ਮ ਨੂੰ ਆਖਿਆ- ਉਹ ਪਤਾ ਨਹੀਂ ਕੌਣ ਸੀ, ਕੌਣ ਨਹੀਂ। ਤੂੰ ਸਾਡੇ ਕੋਲ ਰਹਿ। ਤੇਰੇ ਹਿੱਸੇ ਦੀ ਜ਼ਮੀਨ ਤੇਰੇ ਪੁੱਤਰ ਦੇ ਨਾਂ ਲਗਾ ਦਿੰਦੇ ਆਂ। ਤੇਰੇ ਪੁੱਤਰ ਦੀ ਸ਼ਾਦੀ ਮੈਂ ਬਸ਼ੀਰ ਦੀ ਧੀ ਨਾਲ ਕਰਾਂਗੀ। ਉਹ ਔਰਤ ਨਾ ਮੰਨੀ। ਉਹ ਆਪਣੇ ਪੁੱਤਰ ਨੂੰ ਲੈ ਕੇ ਮਾਪਿਆਂ ਦੇ ਘਰ ਚਲੀ ਗਈ। ਸੁਣਿਆ ਹੈ ਕਿ ਉਹਦਾ ਪੁੱਤਰ ਫਾਰੂਖ਼ ਬੜੀਆਂ ਮੁਸ਼ਕਲਾਂ ਨਾਲ ਰੁਲ-ਖੁਲ ਕੇ ਜਵਾਨ ਹੋਇਆ। ਉਹਦੀ ਲਾਹੌਰ ‘ਚ ਹੀ ਸ਼ਾਦੀ ਹੋਈ ਏ ਤੇ ਉਹ ਹੁਣ ਇੱਥੇ ਹੀ ਰਹਿੰਦਾ ਏ।

ਮਾਂ ਨੂੰ ਭਰਾ ਦੇ ਮਿਲਣ ਦੀ ਖ਼ੁਸ਼ੀ ਪਹਿਲਾਂ ਤੋਂ ਮਿਲੇ ਗ਼ਮ ਨੂੰ ਦੂਣਾ ਕਰ ਗਈ ਸੀ। ਸਾਡੀ ਨਾਨੀ ਨੇ ਮਾਂ ਨੂੰ ਬਥੇਰਾ ਦਿਲਾਸਾ ਦੇਣਾ, ਪਰ ਮਾਂ ਦਾ ਦੁੱਖ ਘਟਦਾ ਨਹੀਂ ਸੀ। ਉਹਦੇ ਲਈ ਇਹ ਹਾਦਸਾ ਉਹਦੀ ਮੌਤ ਦਾ ਕਾਰਨ ਬਣ ਗਿਆ। ਇਹ ਵੀ ਦੁੱਖ ਦੀ ਗੱਲ ਸੀ ਕਿ ਉਹ ਜਮੀਲ ਨਹੀਂ ਸੀ। ਇਸ ਨਾਲੋਂ ਵੀ ਵੱਡੀ ਗੱਲ ਇਹ ਸੀ ਕਿ ਉਹ ਕਿਸੇ ਔਰਤ ਨਾਲ ਨਿਕਾਹ ਕਰਵਾ ਕੇ, ਉਹਨੂੰ ਇੱਕ ਪੁੱਤਰ ਦੇ ਕੇ, ਤੁਰ ਗਿਆ ਸੀ। ਮੇਰੀ ਮਾਂ ਨੇ ਆਖਣਾ-ਸਾਡੇ ਲਈ ਤਾਂ ਇੱਕ ਹੋਰ ਸੰਤਾਲੀ ਵਾਪਰ ਗਿਆ ਏ।

ਨਾਨਕਿਆਂ ਦੀ ਢੇਰੀ ‘ਚੋਂ ਕੁਝ ਜ਼ਮੀਨ ਬਾਅਦ ‘ਚ ਸਾਨੂੰ ਵੀ ਮਿਲੀ। ਮਰਨ ਲੱਗਿਆਂ ਮੇਰੀ ਮਾਂ ਨੇ ਆਖਿਆ ਸੀ- ਬੇਟਾ, ਮੇਰਾ ਤੈਨੂੰ ਇੱਕ ਕਹਿਣਾ ਆ ਕਿ ਮਾਮੇ ਬਸ਼ੀਰ ਦੀਆਂ ਧੀਆਂ ਨੂੰ ਕਿਤੇ ਭਾਈਆਂ ਦੀ ਕਮੀ ਨਾ ਮਹਿਸੂਸ ਹੋਣ ਦਈਂ। ਜਿਹੜੇ ਦੁੱਖ ‘ਚੋਂ ਮੈਂ ਗੁਜ਼ਰੀ ਆਂ, ਮੈਨੂੰ ਪਤੈ। ਤੂੰ ਆਪਣੇ ਮਾਮੇ ਦੀਆਂ ਧੀਆਂ ਨੂੰ ਕਦੇ ਭਾਈ ਦੀ ਕਮੀ ਨਾ ਮਹਿਸੂਸ ਹੋਣ ਦਈਂ।

ਇਸ ਹਾਦਸੇ ਤੋਂ ਕੋਈ ਬਾਰ੍ਹਾਂ ਕੁ ਸਾਲ ਬਾਅਦ ਦੀ ਗੱਲ ਏ। ਮੇਰੀ ਮਾਂ ਦੇ ਨਾਂ ਇੱਕ ਖ਼ਤ ਆਇਆ। ਉਦੋਂ ਤੱਕ ਮਾਂ, ਨਾਨੀ, ਅੱਬਾ ਸਾਰੇ ਤੁਰ ਗਏ ਸਨ। ਖੋਲ੍ਹਿਆ ਤਾਂ ਪਤਾ ਲੱਗਾ ਕਿ ਉਹ ਜਮੀਲ ‘ਮਾਮੇ’ ਦਾ ਖ਼ਤ ਸੀ। ਉਹਨੇ ਲਿਖਿਆ ਸੀ-ਭੈਣੇ ਮੈਨੂੰ ਮੁਆਫ਼ ਕਰ ਦਈਂ। ਮੰਨਿਆ ਮੈਂ ਤੇਰਾ ਭਰਾ ਜਮੀਲ ਨਹੀਂ ਸੀ। ਮੈਨੂੰ ਦੋਰਾਹੇ ਵਾਲਿਆਂ ‘ਚੋਂ ਹੀ ਕਿਸੇ ਨੇ ਜ਼ਮੀਨ ਹਥਿਆਉਣ ਲਈ ਤੁਹਾਡੇ ਕੋਲ ਭੇਜਿਆ ਸੀ। ਤੁਸੀਂ ਮੈਨੂੰ ਜਮੀਲ ਮੰਨ ਕੇ ਬੜਾ ਪਿਆਰ ਦਿੱਤਾ। ਮੇਰਾ ਨਿਕਾਹ ਕੀਤਾ। ਜਦੋਂ ਤੁਸੀਂ ਜ਼ਮੀਨ ਮੇਰੇ ਨਾਮ ਲਗਾਉਣ ਲਈ ਤਿਆਰ ਹੋਏ ਤਾਂ ਮੈਂ ਖ਼ੁਦ ਨੂੰ ਪੁੱਛਿਆ- ਇਲਮਿਆਂ, ਤੂੰ ਇਸ ਔਰਤ ਨਾਲ ਹੋਰ ਕਿੰਨੇ ਕੁ ਧੋਖੇ ਕਰਨੇ ਨੇ? ਮੇਰੇ ਅੰਦਰੋਂ ਆਵਾਜ਼ ਆਈ-ਦੌੜ ਜਾ। ਮੈਂ ਦੌੜ ਗਿਆ। ਜਾਣ ਲੱਗਾ ਤੁਹਾਡਾ ਸਾਰਾ ਗਹਿਣਾ ਗੱਟਾ ਵੀ ਲੈ ਗਿਆ। ਹੁਣ ਮੈਂ ਬਿਮਾਰ ਹਾਂ। ਕੁਝ ਦਿਨਾਂ ਦਾ ਪ੍ਰਾਹੁਣਾ। ਮੇਰੇ ਆਪਣੇ ਵੀ ਸੰਤਾਲੀ ‘ਚ ਮਾਰੇ ਗਏ ਸਨ। ਅੱਜ ਮੇਰੇ ਨਜ਼ਦੀਕ ਮੇਰਾ ਆਪਣਾ ਕੋਈ ਨਹੀਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਬੇਗ਼ਮ ਤੇ ਮੇਰੇ ਪੁੱਤਰ ਨੂੰ ਮੇਰੇ ਕੋਲ ਭੇਜ ਦਿਓ। ਤੁਹਾਡੀ ਬੜੀ ਮਿਹਰਬਾਨੀ ਹੋਵੇਗੀ।

ਮੈਂ ਖ਼ਤ ਪੜ੍ਹ ਕੇ ਬੜਾ ਰੋਇਆ। ਸ਼ੇਖ਼ੂਪੁਰੇ ਦੇ ਕਿਸੇ ਪਿੰਡ ਦਾ ਪਤਾ ਸੀ। ਸੋਚਿਆ ਕਿ ਉਹਨੂੰ ਮਿਲ ਕੇ ਉਨ੍ਹਾਂ ਬੰਦਿਆਂ ਦੇ ਨਾਂ ਪੁੱਛਾਂ ਜਿਨ੍ਹਾਂ ਨੇ ਉਹਨੂੰ ਸਾਡੇ ਘਰ ਭੇਜਿਆ ਸੀ, ਪਰ ਮੈਂ ਚਾਹ ਕੇ ਉਸ ਕੋਲ ਜਾ ਨਹੀਂ ਸਕਿਆ। ਇੱਕ ਗੱਲ ਪੱਕੀ ਏ ਕਿ ਜੇ ਉਹ ਸਾਡੀ ਮਾਂ ਦੇ ਭਰਾ ਵਾਲਾ ਡਰਾਮਾ ਨਾ ਕਰਦਾ ਤਾਂ ਸਾਡੀ ਮਾਂ ਨੇ ਰੋਂਦੇ-ਤੜਫ਼ਦੇ ਹਾਲੇ ਕੁਝ ਵਰ੍ਹੇ ਹੋਰ ਜੀਵੀ ਜਾਣਾ ਸੀ। ਉਹ ਖ਼ੁਸ਼ੀਆਂ ਦੇ ਕੇ ਫਿਰ ਵਿੱਛੜ ਗਿਆ। ਬਸ ਇਸ ਹਾਦਸੇ ਨੇ ਮਾਂ ਨੂੰ ਲੈ ਲਿਆ। ਉਹ ਇੱਕੋ ਗੱਲ ਕਹਿੰਦੀ ਰਹੀ ਕਿ ਸਾਡੇ ਲਈ ਤਾਂ ਇੱਕ ਸੰਤਾਲੀ ਹੋਰ ਵਾਪਰ ਗਿਆ ਏ!” ਗੱਲ ਮੁਕਾ ਰਾਣਾ ਜ਼ੁਬਾਰ ਉਦਾਸ ਜਿਹਾ ਮੁਸਕਰਾਇਆ।
ਸੰਪਰਕ: 97818-43444



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -