ਲੋਕ ਸਭਾ ’ਚੋਂ ਬਰਖਾਸਤਗੀ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਮਹੂਆ ਮੋਇਤਰਾ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਨੇਤਾ ਮਹੂਆ ਮੋਇਤਰਾ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਕੇ ਲੋਕ ਸਭਾ ’ਚੋਂ ਆਪਣੀ ਬਰਖਾਸਤਗੀ ਨੂੰ ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਦੀ ਸਦਾਚਾਰ ਕਮੇਟੀ ਨੇ ਉਸ ਰਿਪੋਰਟ ਨੂੰ ਸਵੀਕਾਰ ਕਰ ਲਿਆ ਜਿਸ ਵਿੱਚ ਮੋਇਤਰਾ ਨੂੰ ‘ਪੈਸੇ ਲੈ ਕੇ ਸਵਾਲ ਪੁੱਛਣ’ ਦੇ ਮਾਮਲੇ ’ਚ ਅਨੈਤਿਕ ਵਿਹਾਰ ਲਈ ਜ਼ਿੰਮੇਵਾਰ ਮੰਨਿਆ ਗਿਆ ਸੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਠ ਦਸੰਬਰ ਨੂੰ ਹੰਗਾਮਾ ਭਰਪੂਰ ਚਰਚਾ ਤੋਂ ਬਾਅਦ ਲੋਕ ਸਭਾ ’ਚ ਮੋਇਤਰਾ ਨੂੰ ਬਰਖਾਸਤ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਜੁਬਾਨੀ ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ। ਚਰਚਾ ’ਚ ਮੋਇਤਰਾ ਨੂੰ ਖੁਦ ਦਾ ਪੱਖ ਰੱਖਣ ਦਾ ਮੌਕਾ ਨਹੀਂ ਮਿਲਿਆ ਸੀ। ਆਪਣੀ ਬਰਖਾਸਤਗੀ ’ਤੇ ਪ੍ਰਤੀਕਿਰਿਆ ਦਿੰਦਿਆਂ ਮੋਇਤਰਾ ਨੇ ਇਸ ਫ਼ੈਸਲੇ ਦੀ ਤੁਲਨਾ ‘ਕੰਗਾਰੂ ਅਦਾਲਤ’ ਵੱਲੋਂ ਸਜ਼ਾ ਦਿੱਤੇ ਜਾਣ ਨਾਲ ਕੀਤੀ ਸੀ।
The post ਲੋਕ ਸਭਾ ’ਚੋਂ ਬਰਖਾਸਤਗੀ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਮਹੂਆ ਮੋਇਤਰਾ first appeared on Ontario Punjabi News.