ਫ਼ੈਡਰਲ ਸਰਕਾਰ ਵੱਲੋਂ $13 ਬਿਲੀਅਨ ਦੇ ਡੈਂਟਲ-ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ
ਫ਼ੈਡਰਲ ਸਰਕਾਰ ਵੱਲੋਂ $13 ਬਿਲੀਅਨ ਦੇ ਡੈਂਟਲ-ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ
87 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਮਹੀਨੇ ਤੋਂ ਹੀ ਅਰਜ਼ੀ ਦੇਣ ਦੇ ਯੋਗ
ਔਟਵਾ , ਉਨਟਾਰੀਓ : ਫ਼ੈਡਰਲ ਸਰਕਾਰ ਨੇ ਸੋਮਵਾਰ ਨੂੰ ਆਪਣੇ ਨਵੇਂ ਡੈਂਟਲ ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ ਕੀਤੇ ਹਨ। 13 ਬਿਲੀਅਨ ਡਾਲਰ ਦਾ ਇਹ ਬੀਮਾ ਪ੍ਰੋਗਰਾਮ ਅਗਲੇ ਸਾਲ ਉਹਨਾਂ ਲੋਕਾਂ ਲਈ ਰੁਟੀਨ ਦੰਦਾਂ ਦੇ ਖਰਚਿਆਂ ਨੂੰ ਕਵਰ ਕਰਨਾ ਸ਼ੁਰੂ ਕਰ ਦੇਵੇਗਾ ਜੋ ਇੱਕ ਨਿਸ਼ਚਿਤ ਆਮਦਨ ਸੀਮਾ ਨੂੰ ਪੂਰਾ ਕਰਦੇ ਹਨ।
ਇਹ ਪ੍ਰੋਗਰਾਮ ਪਹਿਲਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕੁਝ ਬਜ਼ੁਰਗਾਂ ਨੂੰ ਕਵਰ ਕਰੇਗਾ ਅਤੇ 2025 ਵਿੱਚ ਸਾਰੇ ਯੋਗ ਘੱਟ ਅਤੇ ਮੱਧ-ਆਮਦਨ ਵਾਲੇ ਕੈਨੇਡੀਅਨਜ਼ ਲਈ ਇਸ ਪ੍ਰੋਗਰਾਮ ਦਾ ਵਿਸਤਾਰ ਹੋਵੇਗਾ। 87 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਅਰਜ਼ੀਆਂ ਇਸ ਮਹੀਨੇ ਦੇ ਅੰਤ ਵਿੱਚ ਖੁੱਲ੍ਹਣਗੀਆਂ। ਹੋਰ ਉਮਰ ਵਰਗ ਨਵੇਂ ਸਾਲ ਵਿੱਚ ਅਪਲਾਈ ਕਰਨ ਦੇ ਯੋਗ ਹੋਣਗੇ।
ਐਪਲੀਕੇਸ਼ਨ ਪ੍ਰਕਿਰਿਆ ਨੂੰ ਜਿੰਨਾ ਸੰਭਵ ਹੋ ਸਕੇ ਨਿਰਵਿਘਨ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੀ ਹੈ ਕਿ ਲੱਖਾਂ ਲੋਕ ਕੈਨੇਡਾ ਦੇ ਸਮਾਜਿਕ ਸੁਰੱਖਿਆ ਕਵਰੇਜ ਦੇ ਇਸ ਨਵੇਂ ਹਿੱਸੇ ਦਾ ਲਾਭ ਉਠਾਉਣਗੇ। ਕਵਰੇਜ ਦਾ ਦਾਇਰਾ ਸਮੇਂ ਦੇ ਨਾਲ ਪੜਾਅਵਾਰ ਸਿਲਸਿਲੇ ਵਿਚ ਵਧੇਗਾ, ਪਰ ਕੁਝ ਯੋਗ ਲੋਕਾਂ ਨੂੰ ਮਈ 2024 ਦੇ ਸ਼ੁਰੂ ਵਿੱਚ ਲਾਭ ਮਿਲਣੇ ਸ਼ੁਰੂ ਹੋ ਜਾਣਗੇ। ਸੰਬੰਧਿਤ ਸ਼ੁਰੂਆਤੀ ਮਿਤੀ ਤੋਂ ਪਹਿਲਾਂ ਕੀਤੇ ਗਏ ਖਰਚਿਆਂ ਨੂੰ ਕਵਰ ਨਹੀਂ ਕੀਤਾ ਜਾਵੇਗਾ।ਇਹ ਬੀਮਾ-ਆਧਾਰਿਤ ਪ੍ਰੋਗਰਾਮ ਉਸ ਅੰਤਰਿਮ ਪ੍ਰੋਗਰਾਮ ਦੀ ਥਾਂ ਲੈਂਦਾ ਹੈ ਜੋ ਪਿਛਲੇ ਦੋ ਸਾਲਾਂ ਤੋਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਸਿੱਧੇ ਚੈੱਕ ਭੇਜ ਰਿਹਾ ਹੈ।
90 ਹਜ਼ਾਰ ਡਾਲਰ ਤੋਂ ਘੱਟ ਦੀ ਸਾਲਾਨਾ ਆਮਦਨ ਵਾਲੇ ਪਰਿਵਾਰ ਇਸ ਪ੍ਰੋਗਰਾਮ ਦੇ ਯੋਗ ਹੋਣਗੇ। 70 ਹਜ਼ਾਰ ਡਾਲਰ ਤੋਂ ਘੱਟ ਦੀ ਆਮਦਨ ਨੂੰ ਡੈਂਟਿਸਟ, ਹਾਈਜੀਨਿਸਟ ਜਾਂ ਡੈਂਚਰਿਸਟ ਕੋਲ ਕਲੀਨਿੰਗ, ਪੌਲਿਸ਼ਿੰਗ, ਐਕਸ-ਰੇਅ, ਫ਼ਿਲਿੰਗ ਜਾਂ ਰੂਟ ਕਨਾਲ ਵਰਗੀਆਂ ਸੇਵਾਵਾਂ ਲਈ ਕੋ-ਪੇਅ (ਸਹਿ-ਭੁਗਤਾਨ) ਨਹੀਂ ਕਰਨਾ ਪਵੇਗਾ। 70 ਹਜ਼ਾਰ ਡਲਾਰ ਤੋਂ 79,999 ਡਾਲਰ ਤੱਕ ਸਾਲਾਨਾ ਆਮਦਨ ਵਾਲੇ ਪਰਿਵਾਰ 40% ਕੋ-ਪੇਅ ਕਰਨਗੇ ਅਤੇ 80,000 ਤੋਂ 89,999 ਆਮਦਨ ਵਾਲੇ ਪਰਿਵਾਰ 60% ਕੋ-ਪੇਅ ਕਰਨਗੇ। ਬਾਕੀ ਲਾਗਤਾਂ ਫ਼ੈਡਰਲ ਪਲਾਨ ਕਵਰ ਕਰੇਗਾ।
ਪ੍ਰੋਗਰਾਮ ਦਾ ਪ੍ਰਬੰਧਨ ਬੀਮਾ ਕੰਪਨੀ ਸਨ-ਲਾਈਫ ਦੁਆਰਾ ਕੀਤਾ ਜਾਵੇਗਾ ਅਤੇ ਦੰਦਾਂ ਦੇ ਡਾਕਟਰ ਸਿੱਧੇ ਤੌਰ ‘ਤੇ ਕੰਪਨੀ ਨੂੰ ਅਦਾਇਗੀ ਲਈ ਕਲੇਮ ਜਮ੍ਹਾ ਕਰਨਗੇ। ਜੇਕਰ ਕੋਈ ਕੋ-ਪੇਅ ਹੈ, ਤਾਂ ਲੋਕ ਉਸ ਖ਼ਰਚੇ ਦਾ ਭੁਗਤਾਨ ਜੇਬ ਵਿੱਚੋਂ ਕਰਨਗੇ।ਸਿਟੀਜ਼ਨਜ਼ ਸਰਵਿਸੇਜ਼ ਮਿਨਿਸਟਰ ਟੈਰੀ ਬੀਚ ਨੇ ਕਿਹਾ ਕਿ ਕੈਨੇਡੀਅਨਜ਼ ਨੂੰ ਫ਼ਿਲਹਾਲ ਕੁਝ ਕਰਨ ਦੀ ਲੋੜ ਨਹੀਂ ਹੈ। ਫ਼ੈਡਰਲ ਸਰਕਾਰ ਯੋਗ ਲੋਕਾਂ ਤੱਕ ਡਾਕ ਰਾਹੀਂ ਪਹੁੰਚ ਕਰੇਗੀ ਤਾਂ ਜੋ ਉਨ੍ਹਾਂ ਦੀ ਵਾਰੀ ਆਉਣ ‘ਤੇ ਇਸ ਬੈਨਿਫ਼ਿਟ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਜਾ ਸਕੇ।
ਜੌਨ ਪੌਲ ਟਸਕਰ – ਸੀਬੀਸੀ ਨਿਊਜ਼
The post ਫ਼ੈਡਰਲ ਸਰਕਾਰ ਵੱਲੋਂ $13 ਬਿਲੀਅਨ ਦੇ ਡੈਂਟਲ-ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ first appeared on Ontario Punjabi News.