NDTV ਤੋਂ ਬਾਅਦ ਹੁਣ ਅਡਾਨੀ ਦਾ ਖ਼ਬਰ ਏਜੰਸੀ ਉੱਤੇ ਵੀ ਕਬਜ਼ਾ
ਅਡਾਨੀ ਦੇ ਗਰੁੱਪ ਨੇ ਮੀਡੀਆ ਖੇਤਰ ਵਿੱਚ ਆਪਣਾ ਵਿਸਥਾਰ ਕਰਦਿਆਂ ਨਿਊਜ਼ ਏਜੰਸੀ IANS ਦਾ ਵੱਡਾ ਹਿੱਸਾ ਖਰੀਦ ਲਿਆ ਹੈ। ਹਾਲਾਂਕਿ ਸੌਦੇ ਦੀ ਰਕਮ ਦਾ ਹਾਲੇ ਖੁਲਾਸਾ ਨਹੀਂ ਹੋਇਆ। ਅਡਾਨੀ ਐਂਟਰਪ੍ਰਾਈਜਿਜ਼ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਦੀ ਸਹਾਇਕ ਕੰਪਨੀ ਏਐੱਮਜੀ ਮੀਡੀਆ ਨੈੱਟਵਰਕ ਲਿਮਟਿਡ (ਏਐੱਮਐੱਨਐੱਲ) ਨੇ ਆਈਏਐੱਨਐਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ 50.50 ਫੀਸਦ ਇਕੁਇਟੀ ਸ਼ੇਅਰ ਹਾਸਲ ਕੀਤੇ ਹਨ। ਅਡਾਨੀ ਨੇ ਪਿਛਲੇ ਸਾਲ ਮਾਰਚ ਵਿੱਚ ਕੁਇੰਟਲੀਅਨ ਬਿਜ਼ਨਸ ਮੀਡੀਆ ਨੂੰ ਖਰੀਦ ਕੇ ਮੀਡੀਆ ਕਾਰੋਬਾਰ ਵਿੱਚ ਕਦਮ ਰੱਖਿਆ ਸੀ, ਜੋ ਕਿ ਡਿਜੀਟਲ ਮੀਡੀਆ ਪਲੈਟਫਾਰਮ ਬੀਕਿਊ ਪ੍ਰਾਈਮ ਦਾ ਸੰਚਾਲਨ ਕਰਦਾ ਹੈ। ਇਸ ਤੋਂ ਬਾਅਦ ਦਸੰਬਰ ਵਿੱਚ ਏਐੱਮਐੱਨਐੱਲ ਨੇ ਬਰਾਡਕਾਸਟਰ ਐੱਨਡੀਟੀਵੀ ਵਿੱਚ ਲਗਪਗ 65 ਫੀਸਦ ਹਿੱਸੇਦਾਰੀ ਹਾਸਲ ਕੀਤੀ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ, ‘‘ਏਐੱਮਐੱਨਐੱਲ ਨੇ ਆਈਏਐੱਨਐੱਸ ਅਤੇ ਖ਼ਬਰ ਏਜੰਸੀ ਦੇ ਇੱਕ ਸ਼ੇਅਰਧਾਰਕ ਸੰਦੀਪ ਬਾਮਜ਼ਾਈ ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ।’’ ਵਿੱਤੀ ਵਰ੍ਹੇ 2022-23 ਵਿੱਚ ਆਈਏਐੱਨਐੱਸ ਦੀ ਆਮਦਨੀ 11.86 ਕਰੋੜ ਰੁਪਏ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਆਈਏਐੱਨਐੱਸ ਪ੍ਰਬੰਧਨ ਦੇ ਅਧਿਕਾਰ ਏਐੱਮਐੱਨਐੱਲ ਕੋਲ ਹੋਣਗੇ ਅਤੇ ਉਹ ਖ਼ਬਰ ਏਜੰਸੀ ਦੇ ਸਾਰੇ ਡਾਇਰੈਕਟਰ ਵੀ ਨਿਯੁਕਤ ਕਰ ਸਕੇਗੀ।
The post NDTV ਤੋਂ ਬਾਅਦ ਹੁਣ ਅਡਾਨੀ ਦਾ ਖ਼ਬਰ ਏਜੰਸੀ ਉੱਤੇ ਵੀ ਕਬਜ਼ਾ first appeared on Ontario Punjabi News.