ਰਾਜਸਥਾਨ ਦੀ ਨਵੀਂ ਭਾਜਪਾ ਸਰਕਾਰ ‘ਚ ਬਣਿਆ ਮੰਤਰੀ ਹਾਰਿਆ ਸੀਟ !
ਰਾਜਸਥਾਨ ‘ਚ ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਕੂਨਰ ਨੇ ਭਾਜਪਾ ਦੇ ਨਵੇਂ ਬਣੇ ਮੰਤਰੀ ਸੁਰੇਂਦਰ ਪਾਲ ਸਿੰਘ ਨੂੰ 11,283 ਵੋਟਾਂ ਨਾਲ ਹਰਾ ਕੇ ਕਰਨਪੁਰ ਵਿਧਾਨ ਸਭਾ ਸੀਟ ਜਿੱਤ ਲਈ ਹੈ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਅਨੁਸਾਰ ਵੋਟਾਂ ਦੀ ਗਿਣਤੀ 18 ਰਾਊਂਡ ‘ਚ ਹੋਈ, ਜਿਸ ‘ਚ ਚੋਣ ਜਿੱਤਣ ਵਾਲੇ ਰੁਪਿੰਦਰ ਸਿੰਘ ਕੂਨਰ ਨੂੰ 94,950 ਤੇ ਹਾਰਨ ਵਾਲੇ ਸੁਰੇਂਦਰ ਪਾਲ ਸਿੰਘ ਨੂੰ 83,667 ਵੋਟਾਂ ਪਈਆਂ। ਕੂਨਰ ਨੇ ਕਰਨਪੁਰ ਸੀਟ ਜਿੱਤਣ ਬਾਅਦ ਉਸ ਨੂੰ ਵੋਟਾਂ ਪਾਉਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਥੇ ਭਾਜਪਾ ਉਮੀਦਵਾਰ ਦੇ ਸਮਰਥਨ ‘ਚ ਕੇਂਦਰੀ ਮੰਤਰੀ ਵੀ ਚੋਣ ਪ੍ਰਚਾਰ ਕਰਨ ਲਈ ਆਏ, ਪਰ ਲੋਕਾਂ ਨੇ ਭਾਜਪਾ ਨੂੰ ਨਕਾਰ ਕੇ ਲੋਕਤੰਤਰ ਨੂੰ ਜਿਤਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਰਨਪੁਰ ਸੀਟ ‘ਤੇ 5 ਜਨਵਰੀ ਨੂੰ ਵੋਟਾਂ ਪਈਆਂ ਸਨ। ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਇਸ ਸੀਟ ਤੋਂ ਰੁਪਿੰਦਰ ਸਿੰਘ ਕੂਨਰ ਦੇ ਪਿਤਾ ਮਰਹੂਮ ਗੁਰਮੀਤ ਸਿੰਘ ਕੂਨਰ ਉਮੀਦਵਾਰ ਸਨ ਤੇ ਚੋਣਾਂ ਦੌਰਾਨ ਉਨ੍ਹਾਂ ਦੀ ਮੌਤ ਹੋ ਜਾਣ ਕਾਰਨ ਇਥੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਰਾਜਸਥਾਨ ਦੇ ਰਾਜ ਮੰਤਰੀ ਸੁਰਿੰਦਰ ਪਾਲ ਸਿੰਘ ਨੇ ਕਰਨਪੁਰ ਵਿਧਾਨ ਸਭਾ ਸੀਟ ਤੋਂ ਚੋਣ ਹਾਰਨ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
The post ਰਾਜਸਥਾਨ ਦੀ ਨਵੀਂ ਭਾਜਪਾ ਸਰਕਾਰ ‘ਚ ਬਣਿਆ ਮੰਤਰੀ ਹਾਰਿਆ ਸੀਟ ! first appeared on Ontario Punjabi News.