ਯੇਰੂਸ਼ਲਮ, 30 ਜਨਵਰੀ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਇਜ਼ਰਾਈਲ ਨਾਲ ਸਬੰਧਾਂ ਬਾਰੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵਾਂ ਵਿਚਾਲੇ ‘ਗੂੜ੍ਹੀ ਦੋਸਤੀ” ਹੈ। ਉਨ੍ਹਾਂ ਨੇ ‘ਵਚਨਬੱਧਤਾ ਅਤੇ ਮਜ਼ਬੂਤ ਮਿੱਤਰਤਾ’ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਵੀ ਕੀਤਾ।
ਭਾਰਤ ਅਤੇ ਇਜ਼ਰਾਈਲ ਵੱਲੋਂ ਕੂਟਨੀਤਕ ਸਬੰਧਾਂ ਦੇ 30 ਵਰ੍ਹੇ ਪੂਰੇ ਹੋਣ ‘ਤੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਬੈਨੇਟ ਨੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੇ ਮੌਕਿਆਂ ਨੂੰ ‘ਅੰਤਹੀਣ’ ਦੱਸਦਿਆਂ ਸ਼ਨਿਚਰਵਾਰ ਸ਼ਾਮ ਨੂੰ ਜਾਰੀ ਇੱਕ ਵਿਸ਼ੇਸ਼ ਵੀਡੀਓ ਸੁਨੇਹੇ ਵਿੱਚ ਜ਼ੋਰ ਦੇ ਕੇ ਕਿਹਾ, ”ਇਜ਼ਰਾਈਲ ਅਤੇ ਭਾਰਤ ਵਿਚਕਾਰ ਮਜ਼ਬੂਤ ਸਬੰਧ ਹਨ ਅਤੇ ਇਹ ਸਮੇਂ ਦੇ ਨਾਲ-ਨਾਲ ਹੋਰ ਮਜ਼ਬੂਤ ਹੁੰਦੇ ਰਹਿਣਗੇ।”
‘ ਉਨ੍ਹਾਂ ਕਿਹਾ, ”ਇਜ਼ਰਾਈਲ ਅਤੇ ਭਾਰਤ ਵਿਚਾਲੇ ਗੂੜ੍ਹੀ ਦੋਸਤੀ ਹੈ। ਅੱਜ ਅਸੀਂ ਇਜ਼ਰਾਈਲ ਅਤੇ ਭਾਰਤ ਦੇ 30 ਸਾਲ ਪੁਰਾਣੇ ਕੂਟਨੀਤਕ ਸਬੰਧਾਂ, 30 ਵਰ੍ਹਿਆਂ ਦੀ ਅਨੋਖੀ ਭਾਈਵਾਲੀ, ਗੂੜ੍ਹੇ ਸੱਭਿਆਚਾਰਕ ਸਬੰਧ ਅਤੇ ਸੈਨਿਕ ਆਰਥਿਕ ਸਹਿਯੋਗ ਦਾ ਸਨਮਾਨ ਕਰਦੇ ਹਾਂ।” ਜ਼ਿਕਰਯੋਗ ਹੈ ਕਿ ਭਾਰਤ ਵੱਲੋਂ 17 ਸਤੰਬਰ 1950 ਨੂੰ ਇਜ਼ਰਾਈਲ ਨੂੰ ਮਾਨਤਾ ਦਿੱਤੀ ਗਈ ਸੀ, ਪਰ ਦੋਵਾਂ ਦੇਸ਼ਾਂ ਵਿਚਕਾਰ ਪੂਰਨ ਕੂਟਨੀਤਕ ਸਬੰਧ 29 ਜਨਵਰੀ 1992 ਨੂੰ ਸਥਾਪਿਤ ਹੋਏ ਸਨ।
ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਆਪਣੇ ਪਿਆਰੇ ਮਿੱਤਰ, ਪ੍ਰਧਾਨ ਮੰਤਰੀ ਮੋਦੀ ਦਾ ਉਨ੍ਹਾਂ ਦੀ ਅਗਵਾਈ ਅਤੇ ਇਸ ਮਜ਼ਬੂਤ ਦੋਸਤੀ ਪ੍ਰਤੀ ਗਹਿਰੀ ਵਚਨਬੱਧਤਾ ਪ੍ਰਗਟਾਉਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਸਾਡੇ ਦੇਸ਼ ਆਕਾਰ ਵਿੱਚ ਵੱਖੋ-ਵੱਖਰੇ ਹੋ ਸਕਦੇ ਹਨ ਪਰ ਸਾਡੇ ਵਿੱਚ ਬਹੁਤ ਕੁਝ ਸਾਂਝਾ ਹੈ, ਜਿਸ ਵਿੱਚ ਸਾਡਾ ਖੁਸ਼ਹਾਲ ਇਤਿਹਾਸ, ਸਾਡੇ ਲੋਕਾਂ ਦੀ ਅੰਦਰੂਨੀ ਗਰਮਜੋਸ਼ੀ ਸ਼ਾਮਲ ਹੈ।”
ਉਨ੍ਹਾਂ ਕਿਹਾ, ”ਅਸੀਂ ਇਜ਼ਰਾਈਲ ਅਤੇ ਭਾਰਤ ਦਰਮਿਆਨ ਕੂਟਨੀਤਕ ਸਬੰਧਾਂ ਦੇ 30 ਵਰ੍ਹੇ ਪੂਰੇ ਹੋਣ ‘ਤੇ ਜਸ਼ਨ ਮਨਾ ਰਹੇ ਹਾਂ। ਅਸੀਂ ਇੱਕ ਮਜ਼ਬੂਤ ਭਾਈਵਾਲੀ, ਇੱਕ ਬੇਮਿਸਾਲ ਰੂਪ ਵਿੱਚ ਗੂੜ੍ਹੀ ਦੋਸਤੀ ਅਤੇ ਭਵਿੱਖ ਦੀਆਂ ਉਮੀਦਾਂ ਦਾ ਜਸ਼ਨ ਮਨਾ ਰਹੇ ਹਾਂ।” ਬੈਨੈਟ ਨੇ ਹਿੰਦੀ ਵਿੱਚ ਲਿਖਿਆ, ”ਅਸੀਂ ਇਕੱਠੇ ਮਿਲ ਕੇ ਜ਼ਿਕਰਯੋਗ ਪ੍ਰਾਪਤੀਆਂ ਹਾਸਲ ਕਰਦੇ ਰਹਾਂਗੇ।” ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ ਸੀ ਕਿ ਭਾਰਤ ਅਤੇ ਇਜ਼ਰਾਈਲ ਦੇ ਸਬੰਧਾਂ ਨੂੰ ਅੱਗੇ ਲਿਜਾਣ ਅਤੇ ਟੀਚੇ ਤੈਅ ਕਰਨ ਦਾ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ। -ਏਪੀ