ਮੰਗਲੌਰ, 8 ਫਰਵਰੀ
ਕਰਨਾਟਕ ਹਾਈ ਕੋਰਟ ਵੱਲੋਂ ਉਡੁਪੀ ਦੇ ਕਾਲਜ ਵਿੱਚ ਹਿਜਾਬ ਪਹਿਨਣ ਦੀ ਇਜਾਜ਼ਤ ਮੰਗਣ ਵਾਲੀ ਵਿਦਿਆਰਥੀਆਂ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਕੁੰਦਾਪੁਰ ਦੇ ਨਿੱਜੀ ਕਾਲਜ ਦੀਆਂ ਦੋ ਹੋਰ ਵਿਦਿਆਰਥਣਾਂ ਨੇ ਵੀ ਇਸੇ ਤਰ੍ਹਾਂ ਦੀ ਇਜਾਜ਼ਤ ਮੰਗਣ ਲਈ ਪਟੀਸ਼ਨ ਦਾਇਰ ਕੀਤੀ ਹੈ। ਭੰਡਾਰਕਰ ਕਾਲਜ ਆਫ਼ ਆਰਟਸ ਐਂਡ ਸਾਇੰਸਜ਼ ਦੀਆਂ ਦੋ ਵਿਦਿਆਰਥਣਾਂ ਨੇ ਪਟੀਸ਼ਨ ਵਿੱਚ ਕਾਲਜ ਦੀ ਪ੍ਰਿੰਸੀਪਲ, ਮੰਗਲੌਰ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਕੁੰਦਾਪੁਰ ਦੇ ਵਿਧਾਇਕ ਹਲਦਯ ਸ੍ਰੀਨਿਵਾਸ ਨੂੰ ਧਿਰ ਬਣਾਇਆ ਹੈ। ਪਟੀਸ਼ਨ ‘ਚ ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਕਾਲਜ ਨੇ ਉਨ੍ਹਾਂ ਨੂੰ ਵਿਧਾਇਕ ਦੇ ਕਹਿਣ ‘ਤੇ ‘ਹਿਜਾਬ’ ਪਾ ਕੇ ਕੈਂਪਸ ‘ਚ ਦਾਖਲ ਹੋਣ ਤੋਂ ਰੋਕਿਆ ਹੈ।
ਇਸ ਦੌਰਾਨ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਮਨੀਪਾਲ ਦੇ ਐੱਮਜੀਐੱਮ ਕਾਲਜ ਵਿੱਚ ਅੱਜ ਉਸ ਸਮੇਂ ਤਣਾਅ ਵਧ ਗਿਆ, ਜਦੋਂ ਭਗਵੇਂ ਪਰਨੇ ਤੇ ਟੋਪੀਆਂ ਵਾਲੇ ਅਤੇ ਹਿਜਾਬ ਪਹਿਨੇ ਵਿਦਿਆਰਥਣਾਂ ਦੇ ਦੋ ਸਮੂਹਾਂ ਨੇ ਇੱਕ ਦੂਜੇ ਵਿਰੁੱਧ ਨਾਅਰੇਬਾਜ਼ੀ ਕੀਤੀ।