ਨਿਊ ਯਾਰਕ, 8 ਫਰਵਰੀ
ਭਾਰਤੀ ਅਮਰੀਕੀ ਭਾਈਚਾਰੇ ਨੇ ਨਿਊ ਯਾਰਕ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੇ ਜਾਣ ਦਾ ਅੱਜ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਨਫ਼ਰਤ ਨੂੰ ਖਤਮ ਕਰਨ ਵਾਲੇ ਦੋ ਨੇਤਾਵਾਂ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਦਾ ਅਪਮਾਨ ਹੈ। ਨਿਊ ਯਾਰਕ ਸਿਟੀ ਨੇੜੇ ਮੈਨਹਟਨ ਦੇ ਯੂਨੀਅਨ ਸਕੁਏਅਰ ‘ਚ ਮਹਾਤਮਾ ਗਾਂਧੀ ਦੇ ਆਦਮਕੱਦ ਤਾਂਬੇ ਦੇ ਬੁੱਤ ਦੀ ਸ਼ਨਿਚਰਵਾਰ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਭੰਨਤੋੜ ਕੀਤੀ ਗਈ ਸੀ, ਜਿਸ ਦੀ ਭਾਰਤੀ ਸਫ਼ਾਰਤਖਾਨੇ ਨੇ ਸਖ਼ਤ ਨਿਖੇਧੀ ਕੀਤੀ ਸੀ। ਵੈਦਿਕ ਫਰੈਂਡਜ਼ ਐਸੋਸੀਏਸ਼ਨ ਦੇ ਪ੍ਰਧਾਨ ਬਾਲਭੱਦਰ ਭੱਟਾਚਾਰੀਆ ਦਾਸ (ਬੈਨੀ ਟਿੱਲਮੈਨ) ਨੇ ਕਿਹਾ, ”ਹਿੰਦੂ ਧਰਮ ਨੂੰ ਮੰਨਣ ਵਾਲੇ ਇੱਕ ਅਫਰੀਕੀ ਅਮਰੀਕੀ ਵਜੋਂ ਮੈਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿਸੇ ਵੱਲੋਂ ਉਸ ਮਹਾਤਮਾ ਗਾਂਧੀ ਦਾ ਅਪਮਾਨ ਕੀਤਾ ਗਿਆ, ਜਿਨ੍ਹਾਂ ਨੇ ਮਾਰਟਿਨ ਲੂਥਰ ਕਿੰਗ ਨੂੰ ਅਹਿੰਸਾ ਦਾ ਰਾਹ ਅਪਣਾਉਣ ਲਈ ਪ੍ਰੇਰਿਆ। ਜਿਨ੍ਹਾਂ ਨੇ ਸਮਾਜ ਵਿੱਚ ਵੱਡੀਆਂ ਤਬਦੀਲੀਆਂ ਲਈ ਪ੍ਰੇਰਿਆ, ਜਿਹੜੀਆਂ ਅੱਜ ਵੀ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾ ਰਹੀਆਂ ਹਨ।” ਹਿੰਦੂਪੈਕਟ (ਹਿੰਦੂਪੀਏਸੀਟੀ) ਦੇ ਕਾਰਜਕਾਰੀ ਡਾਇਰੈਕਟਰ ਉਤਸਵ ਚੱਕਰਵਰਤੀ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਬੁੱਤ ਤੋੜਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ, ”ਪਿਛਲੇ ਕਈ ਸਾਲਾਂ ‘ਚ ਦੱਖਣੀ ਏਸ਼ਿਆਈ ਭਾਈਚਾਰੇ ਦੇ ਕੱਟੜਪੰਥੀ ਇਸਲਾਮਵਾਦੀਆਂ ਅਤੇ ਉਨ੍ਹਾਂ ਨਾਲ ਸਬੰਧਿਤ ਗੁਟਾਂ ਨੇ ਕਈ ਮਹਾਤਮਾ ਗਾਂਧੀ ਦੇ ਕਈ ਬੁੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ।” ਅਮੈਰੀਕਨ ਹਿੰਦੂ ਅਗੇਂਸਟ ਡੈਫਾਮੇਸ਼ਨ (ਏਐੱਚਏਡੀ) ਦੇ ਕਨਵੀਨਰ ਅਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ ਕਿ ਗਾਂਧੀ ਅਤੇ ਉਨ੍ਹਾਂ ਵੱਲੋਂ ਚਲਾਏ ਗਏ ਆਜ਼ਾਦੀ ਦੇ ਸੰਘਰਸ਼ ਨੇ ਮਾਰਟਿਨ ਲੂਥਰ ਕਿੰਗ ਅਤੇ ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ ਨੂੰ ਪ੍ਰੇਰਿਤ ਕੀਤਾ ਸੀ। ਸ਼ਾਹ ਨੇ ਕਿਹਾ, ”ਐਟਲਾਂਟਾ ਦੇ ਐੱਮਐੱਲਕੇ ਮੈਮੋਰੀਅਲ ਵਿੱਚ ਮਹਾਤਮਾ ਗਾਂਧੀ ਨੂੰ ਸਮਰਪਿਤ ਇੱਕ ਇਲਾਕਾ ਹੈ। ਇਹ ਕੋਈ ਇਤਫਾਕ ਦੀ ਗੱਲ ਨਹੀਂ ਹੈ ਕਿ ‘ਬਲੈਕ ਹਿਸਟਰੀ ਮੰਥ’ (ਕਾਲਾ ਇਤਿਹਾਸ ਮਹੀਨਾ) ਦੌਰਾਨ ਗਾਂਧੀ ਦੇ ਬੁੱਤ ਦੇ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਘਟਨਾ ਦੇ ਮੁਲਜ਼ਮ ਅਤੇ ਉਨ੍ਹਾਂ ਨੂੰ ਕਥਿਤ ਸ਼ਹਿ ਦੇਣ ਵਾਲੇ ਇਹ ਸੁਨੇਹਾ ਦੇ ਰਹੇ ਹਨ ਕਿ ਉਨ੍ਹਾਂ ਨੇ ਸ਼ਾਂਤੀ, ਮਨੁੱਖੀ ਅਧਿਕਾਰਾਂ, ਸੁਤੰਤਰਤਾ ਅਤੇ ਸਾਰਿਆਂ ਦੇ ਬਰਾਬਰ ਅਧਿਕਾਰ ਨੂੰ ਸਵੀਕਾਰ ਨਹੀਂ ਕੀਤਾ।” -ਪੀਟੀਆਈ