ਸਿੰਗਾਪੁਰ, 9 ਫਰਵਰੀ
ਸਿੰਗਾਪੁਰ ਵਿਚ ਭਾਰਤੀ ਮੂਲ ਦੇ 25 ਸਾਲਾ ਵਿਅਕਤੀ ਨੂੰ ਘਰੇਲੂ ਮਦਦ ਲਈ ਘਰ ਵਿਚ ਰੱਖੀ ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੂਰਿਆ ਕ੍ਰਿਸ਼ਨਨ ਨੂੰ 8500 ਡਾਲਰ ਜੁਰਮਾਨਾ ਵੀ ਲਾਇਆ ਗਿਆ ਹੈ ਜੋ ਉਹ 27 ਸਾਲਾ ਪੀੜਤਾ ਨੂੰ ਅਦਾ ਕਰੇਗਾ। ਅਦਾਲਤ ਨੇ ਕਿਹਾ ਕਿ ਕ੍ਰਿਸ਼ਨਨ ਨੂੰ ਮਹਿਲਾ ਉਤੇ ਹਮਲਾ ਕਰਨ ਦਾ ਦੋਸ਼ੀ ਪਾਇਆ ਹੈ। ਹਾਲਾਂਕਿ ਉਸ ਦਾ ਇਰਾਦਾ ਗੰਭੀਰ ਸੱਟ ਮਾਰਨ ਦਾ ਨਹੀਂ ਸੀ ਪਰ ਔਰਤ ਦੇ ਸੱਟ ਜ਼ਿਆਦਾ ਲੱਗੀ ਸੀ। ਪੀੜਤਾ ਮਿਆਂਮਾਰ ਦੀ ਨਾਗਰਿਕ ਹੈ ਤੇ ਉਸ ਨੂੰ ਸੂਰਿਆ ਦੀ ਭੈਣ ਨੇ ਘਰ ਵਿਚ ਕੰਮ ਉਤੇ ਰੱਖਿਆ ਸੀ। ਵੇਰਵਿਆਂ ਮੁਤਾਬਕ 29 ਮਈ, 2020 ਦੀ ਰਾਤ ਨੂੰ ਪਰਿਵਾਰ ਸੂਰਿਆ ਦੇ ਪਿਤਾ ਦਾ ਜਨਮ ਦਿਨ ਮਨਾ ਰਿਹਾ ਸੀ ਤਾਂ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। -ਪੀਟੀਆਈ