ਬੰਗਲੂਰੂ, 10 ਫਰਵਰੀ
ਕਰਨਾਟਕ ਹਾਈ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਅੱਜ ਹਿਜਾਬ ਵਿਵਾਦ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਕਰਨਾਟਕ ਵਿੱਚ ਸਕੂਲ ਖੋਲ੍ਹੇ ਜਾਣ। ਜਦੋਂ ਇਸ ਕੇਸ ਦੀ ਸੁਣਵਾਈ ਚੀਫ ਜਸਟਿਸ ਰਿੱਤੂ ਰਾਜ ਅਵਸਥੀ, ਜਸਟਿਸ ਕ੍ਰਿਸ਼ਨਾ ਐੱਸ ਦੀਕਸ਼ਿਤ ਤੇ ਜਸਟਿਸ ਜੈਬੂਨੇਸਾ ਮੋਹਿਊਦੀਨ ਦੇ ਬੈਂਚ ਨੇ ਸ਼ੁਰੂ ਕੀਤੀ ਤਾਂ ਚੀਫ ਜਸਟਿਸ ਨੇ ਐਡਵੋਕੇਟ ਜਨਰਲ ਪ੍ਰਭੂਲਿੰਗ ਨਾਵਾਦਾਗੀ ਨੂੰ ਕਿਹਾ ਕਿ ਸੂਬੇ ਵਿੱਚ ਸਕੂਲ ਖੁੱਲ੍ਹਵਾਏ ਜਾਣ। ਉਨ੍ਹਾਂ ਕਿਹਾ ਕਿ ਸਕੂਲ ਬੰਦ ਕਰਨਾ ਕੋਈ ਚੰਗਾ ਕਦਮ ਨਹੀਂ ਹੈ। ਸਕੂਲ ਮੁੜ ਖੋਲ੍ਹਣ ਲਈ ਕਾਰਵਾਈ ਕੀਤੀ ਜਾਵੇ ਤੇ ਜਮਾਤਾਂ ਸ਼ੁਰੂ ਕਰਨ ਲਈ ਵੀ ਕਦਮ ਚੁੱਕੇ ਜਾਣ। ਇਸੇ ਦੌਰਾਨ ਦੇਖਿਆ ਜਾਵੇ ਕਿ ਕੋਈ ਮਾੜੀ ਘਟਨਾ ਨਾ ਵਾਪਰੇ। ਇਸੇ ਦੌਰਾਨ ਅਦਾਲਤ ਨੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਵਿਦਿਆਕ ਸੰਸਥਾਵਾਂ ਵਿੱਚ ਅਜਿਹੇ ਕੱਪੜੇ ਨਾ ਪਹਿਨਣ ਜਿਸ ਨਾਲ ਹੋਰਨਾਂ ਵਿਦਿਆਰਥੀਆਂ ਦੀਆਂ ਧਾਰਮਿਕ ਭਾਵਨਾਵਾਂ ਭਟਕਦੀਆਂ ਹਨ। ਜ਼ਿਕਰਯੋਗ ਹੈ ਕਿ ਹਿਜਾਬ ਵਿਵਾਦ ਨੇ ਹਾਲ ਹੀ ਵਿੱਚ ਕਰਨਾਟਕ ਵਿੱਚ ਹਿੰਸਕ ਰੂਪ ਲੈ ਲਿਆ ਸੀ ਤੇ ਸਰਕਾਰ ਨੇ ਬੁੱਧਵਾਰ ਨੂੰ ਤਿੰਨ ਦਿਨਾਂ ਲਈ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਸਨ। -ਪੀਟੀਆਈ