ਮੈਲਬਰਨ, 13 ਫਰਵਰੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ ਅਤੇ ਆਸਟਰੇਲੀਆ ‘ਚ ਦੇਸ਼ ਦੀ ਚੰਗੀ ਸਾਖ ਬਣਾਉਣ ਅਤੇ ਦੁਵੱਲੇ ਸਬੰਧਾਂ ਦੇ ਨਵੇਂ ਗੇੜ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ।
ਜੈਸ਼ੰਕਰ ਨੇ 10 ਫਰਵਰੀ ਤੋਂ 13 ਫਰਵਰੀ ਤੱਕ ਵਿਦੇਸ਼ ਮੰਤਰੀ ਦੇ ਤੌਰ ‘ਤੇ ਆਸਟਰੇਲੀਆ ਦੀ ਪਹਿਲੀ ਵਾਰ ਯਾਤਰਾ ਕੀਤੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਸਟਰੇਲੀਆ, ਜਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦੇ ਨਾਲ ਚੌਥੀ ਕੁਆਡ ਮੀਟਿੰਗ ਵਿਚ ਭਾਗ ਲਿਆ। ਵਿਦੇਸ਼ ਮੰਤਰੀ ਨੇ ਭਾਰਤ ਦੀ ਚੰਗੀ ਸਾਖ ਬਣਾਉਣ ਵਿਚ ਭਾਰਤੀ ਭਾਈਚਾਰੇ ਦੀ ਸ਼ਲਾਘਾ ਕੀਤੀ।
ਜੈਸ਼ੰਕਰ ਨੇ ਟਵੀਟ ਕੀਤਾ, ”ਆਪਣੀ ਮੈਲਬਰਨ ਯਾਤਰਾ ਦੇ ਅਖ਼ੀਰ ਵਿਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਨਾ ਵਧੀਆ ਰਿਹਾ। ਭਾਰਤ ਦੀ ਚੰਗੀ ਸਾਖ ਬਣਾਉਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਸ਼ਲਾਘਾਯੋਗ ਹੈ। ਉਹ ਸਾਡੇ ਸਬੰਧਾਂ ਦੇ ਇਸ ਨਵੇਂ ਗੇੜ ਵਿਚ ਅਹਿਮ ਸਾਂਝੇਦਾਰ ਹਨ।” ਮੈਲਬਰਨ ਦੀ ਕੁੱਲ ਆਬਾਦੀ ਦੇ ਤਿੰਨ ਫੀਸਦ ਲੋਕ ਭਾਰਤੀ ਮੂਲ ਦੇ ਪਰਵਾਸੀ ਹਨ। ਸਾਲ 2001 ਦੇ ਬਾਅਦ ਤੋਂ ਮੈਲਬਰਨ ਵਿਚ ਭਾਰਤੀ ਮੂਲ ਦੇ ਪਰਵਾਸੀਆਂ ਦੀ ਗਿਣਤੀ ਤਿੰਨ ਗੁਣਾ ਹੋ ਗਈ ਹੈ।
ਸ਼ਨਿਚਰਵਾਰ ਨੂੰ ਭਾਰਤ ਤੇ ਆਸਟਰੇਲੀਆ ਨੇ ਵਧੇਰੇ ਭਰੋਸੇਯੋਗ ਤੇ ਲਚਕੀਲੀ ਸਪਲਾਈ ਚੇਨ ਅਤੇ ਰਣਨੀਤਕ ਤੌਰ ‘ਤੇ ਅਹਿਮ ਹਿੰਦ-ਪ੍ਰਸ਼ਾਂਤ ਖੇਤਰ ਵਿਚ ਵਿਆਪਕ ਤੇ ਸੰਮਲਿਤ ਵਾਧਾ ਯਕੀਨੀ ਬਣਾਉਣ ਲਈ ਇੱਕੋ ਨਾਲ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ ਹੈ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸ ਪੇਅਨ ਨਾਲ ਦੁਵੱਲੀ ਮੀਟਿੰਗ ਤੋਂ ਬਾਅਦ ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੇਅਨ ਨਾਲ ਖੇਤਰੀ, ਬਹੁਪੱਖੀ ਅਤੇ ਵਿਸ਼ਵ ਪੱਧਰ ਦੇ ਮੁੱਦਿਆਂ ‘ਤੇ ਵਿਸਥਾਰ ਵਿਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਦੱਖਣੀ ਏਸ਼ੀਆ, ਦੱਖਣ-ਪੂਰਬੀ ੲੇਸ਼ੀਆ ਅਤੇ ਰਣਨੀਤਕ ਤੌਰ ‘ਤੇ ਅਹਿਮ ਹਿੰਦ-ਪ੍ਰਸ਼ਾਂਤ ਖੇਤਰ ਵਿਚ ਘਟਨਾਕ੍ਰਮ ‘ਤੇ ਵੀ ਚਰਚਾ ਕੀਤੀ ਗਈ। ਆਸਟਰੇਲੀਆ ਦੀ ਯਾਤਰਾ ਤੋਂ ਬਾਅਦ ਜੈਸ਼ੰਕਰ ਐਤਵਾਰ ਨੂੰ ਫਿਲੀਪੀਨਜ਼ ਜਾਣਗੇ। ਵਿਦੇਸ਼ ਮੰਤਰੀ ਦੇ ਰੂਪ ਵਿਚ ਇਸ ਦੇਸ਼ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੋਵੇਗੀ। ਇਸ ਯਾਤਰਾ ਦੌਰਾਨ ਉਹ ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਟਿਓਡੋਰੋ ਐੱਲ ਲੋਕਸਿਨ, ਵਿਦੇਸ਼ ਸਕੱਤਰ ਅਤੇ ਦੇਸ਼ ਦੇ ਹੋਰ ਆਗੂਆਂ ਨਾਲ ਮੁਲਾਕਾਤ ਕਰਨਗੇ। -ਪੀਟੀਆਈ