ਮੰਗਲੁਰੂ, 14 ਫਰਵਰੀ
ਮੰਗਲੁਰੂ ਸ਼ਹਿਰ ਪੁਲੀਸ ਕਮਿਸ਼ਨਰੇਟ ਦੀ ਹੱਦ ਅੰਦਰ ਆਉਂਦੇ ਸਾਰੇ ਹਾਈ ਸਕੂਲਾਂ ਦੁਆਲੇ 200 ਮੀਟਰ ਦੇ ਘੇਰੇ ਵਿਚ ਧਾਰਾ 144 ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 19 ਫਰਵਰੀ ਤੱਕ ਲਾਗੂ ਰਹਿਣਗੇ। ਇਹ ਫ਼ੈਸਲਾ ਹਿਜਾਬ ਵਿਵਾਦ ਦੇ ਮੱਦੇਨਜ਼ਰ ਕੋਈ ਵੀ ਮੰਦਭਾਗੀ ਘਟਨਾ ਵਾਪਰਨ ਤੋਂ ਰੋਕਣ ਵਾਸਤੇ ਲਿਆ ਗਿਆ ਹੈ। ਇਹ ਹੁਕਮ ਸ਼ਹਿਰ ਦੇ ਪੁਲੀਸ ਕਮਿਸ਼ਨਰ ਐੱਨ ਸ਼ਸ਼ੀ ਕੁਮਾਰ ਨੇ ਜਾਰੀ ਕੀਤੇ ਹਨ ਜੋ ਕਿ ਅੱਜ ਸਵੇਰੇ 6 ਵਜੇ ਤੋਂ 19 ਫਰਵਰੀ ਸ਼ਾਮ 6 ਵਜੇ ਤੱਕ ਲਾਗੂ ਰਹਿਣਗੇ।
ਇਸੇ ਦੌਰਾਨ ਕਰਨਾਟਕ ਵਿਚ ਹਾਈ ਸਕੂਲ ਅੱਜ ਤੋਂ ਮੁੜ ਖੁੱਲ੍ਹ ਗਏ। ਹਾਈ ਸਕੂਲਾਂ ਨੂੰ ਹਿਜਾਬ ਸਬੰਧੀ ਪੈਦਾ ਹੋਏ ਵਿਵਾਦ ਤੋਂ ਬਾਅਦ ਸੂਬੇ ਦੇ ਕੁਝ ਹਿੱਸਿਆਂ ਵਿਚ ਮੰਦਭਾਗੀ ਘਟਨਾਵਾਂ ਦੇ ਮੱਦੇਨਜ਼ਰ ਬਦ ਕਰ ਦਿੱਤਾ ਗਿਆ ਸੀ। ਉਡੁੱਪੀ ਅਤੇ ਦੱਖਣੀ ਕੰਨੜ ਤੇ ਬੰਗਲੁਰੂ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਗਈ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਐਤਵਾਰ ਨੂੰ ਭਰੋਸਾ ਪ੍ਰਗਟਾਇਆ ਸੀ ਕਿ ਸੂਬੇ ਵਿਚ ਸ਼ਾਂਤੀ ਅਤੇ ਆਮ ਸਥਿਤੀ ਬਣੀ ਰਹੇਗੀ। ਉਨ੍ਹਾਂ ਕਿਹਾ ਸੀ ਕਿ ਪ੍ਰੀ ਯੂਨੀਵਰਸਿਟੀ ਅਤੇ ਡਿਗਰੀ ਕਾਲਜ ਮੁੜ ਖੋਲ੍ਹਣ ਸਬੰਧੀ ਫੈਸਲਾ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਲਿਆ ਜਾਵੇਗਾ।