ਲਖਨਊ, 18 ਫਰਵਰੀ
ਮੁੱਖ ਅੰਸ਼
- 16 ਜ਼ਿਲ੍ਹਿਆਂ ਦੇ 59 ਵਿਧਾਨ ਸਭਾ ਹਲਕਿਆਂ ‘ਚ ਉਮੀਦਵਾਰਾਂ ਨੇ ਪੂਰੀ ਵਾਹ ਲਾਈ
- ਭਾਜਪਾ ਵੱਲੋਂ ਕਰਹਲ ਦੇ ਸਾਰੇ ਚੋਣ ਬੂਥਾਂ ‘ਤੇ ਨੀਮ ਫੌਜੀ ਬਲ ਤਾਇਨਾਤ ਕਰਨ ਦੀ ਮੰਗ
ਯੂਪੀ ਅਸੈਂਬਲੀ ਚੋਣਾਂ ਦੇ ਤੀਜੇ ਗੇੜ ਲਈ ਅੱਜ ਚੋਣ ਪ੍ਰਚਾਰ ਖ਼ਤਮ ਹੋ ਗਿਆ। ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ 16 ਜ਼ਿਲ੍ਹਿਆਂ ਦੇ 59 ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਅੱਜ ਆਖਰੀ ਹੱਲੇ ਵਜੋਂ ਕੋਸ਼ਿਸ਼ਾਂ ਕੀਤੀਆਂ। ਭਾਜਪਾ ਨੇ ਕਰਹਲ ਅਸੈਂਬਲੀ ਹਲਕੇ, ਜਿੱਥੋਂ ਸਪਾ ਮੁਖੀ ਅਖਿਲੇਸ਼ ਯਾਦਵ ਉਮੀਦਵਾਰ ਹਨ, ਦੇ ਸਾਰੇ ਚੋਣ ਬੂਥਾਂ ‘ਤੇ ਨੀਮ ਫੌਜੀ ਬਲ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਉਧਰ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਅੱਜ ਆਪਣੇ ਪੁੱਤ ਲਈ ਵੋਟਾਂ ਮੰਗੀਆਂ।
ਤੀਜੇ ਗੇੜ ਵਿੱਚ 627 ਉਮੀਦਵਾਰ ਚੋਣ ਮੈਦਾਨ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 2.15 ਕਰੋੜ ਤੋਂ ਵੱਧ ਵੋਟਰ ਕਰਨਗੇ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿੱਚ ਹਾਥਰਸ, ਫਿਰੋਜ਼ਾਬਾਦ, ਇਟਾਹ, ਕਾਸਗੰਜ, ਮੈਨਪੁਰੀ, ਫਰੁਖ਼ਾਬਾਦ, ਕਨੌਜ, ਇਟਾਵਾ, ਔਰੱਈਆ, ਕਾਨਪੁਰ ਦੇਹਾਤ, ਕਾਨਪੁਰ ਨਗਰ, ਜਾਲੌਨ, ਝਾਂਸੀ, ਲਲਿਤਪੁਰ, ਹਮੀਰਪੁਰ ਤੇ ਮਾਹੋਬਾ ਸ਼ਾਮਲ ਹਨ। ਤੀਜੇ ਗੇੜ ਵਿੱਚ ਕਰਹਲ ਅਸੈਂਬਲੀ ਹਲਕੇ ਲਈ ਵੀ ਵੋਟਾਂ ਪੈਣਗੀਆਂ, ਜਿੱਥੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦਾ ਮੁਕਾਬਲਾ ਕੇਂਦਰੀ ਮੰਤਰੀ ਐੱਸ.ਪੀ.ਸਿੰਘ ਬਘੇਲ ਨਾਲ ਹੈ। ਤੀਜੇ ਗੇੜ ਦੀ ਵੋਟਿੰਗ ਅਖਿਲੇਸ਼ ਯਾਦਵ ਦੇ ਚਾਚਾ ਸ਼ਿਵਪਾਲ ਯਾਦਵ ਦੇ ਸਿਆਸੀ ਭਵਿੱਖ ਦਾ ਵੀ ਫੈਸਲਾ ਕਰੇਗੀ, ਜੋ ਕਿ ਆਪਣੀ ਰਵਾਇਤੀ ਜਸਵੰਤਨਗਰ ਸੀਟ ਤੋਂ ਉਮੀਦਵਾਰ ਹਨ। ਤੀਜੇ ਗੇੜ ਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਾਨਪੁਰ, ਕਾਲਪੀ, ਜਾਲੌਨ ਤੇ ਹਮੀਰਪੁਰ ਵਿੱਚ ‘ਘਰ ਘਰ’ ਜਾ ਕੇ ਚੋਣ ਪ੍ਰਚਾਰ ਕੀਤਾ ਜਦੋਂਕਿ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਜਾਲੌਨ ਤੇ ਔਰੱਈਆ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਕਰਹਲ ਵਿੱਚ ਆਪਣੇ ਪੁੱਤਰ ਅਖਿਲੇਸ਼ ਯਾਦਵ ਲਈ ਵੋਟਾਂ ਮੰਗੀਆਂ। ਇਸ ਦੌਰਾਨ ਭਾਜਪਾ ਨੇ ਚੋਣ ਕਮਿਸ਼ਨ ਤੱਕ ਪਹੁੰਚ ਕਰਦਿਆਂ ਕਰਹਲ ਦੇ ਸਾਰੇ ਬੂਥਾਂ ‘ਤੇ ਨੀਮ ਫੌਜੀ ਬਲ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਹੈ। ਤੀਜੇ ਗੇੜ ਵਿੱਚ ਜਿਹੜੇ ਹੋਰ ਪ੍ਰਮੁੱਖ ਚਿਹਰੇ ਚੋਣ ਮੈਦਾਨ ਵਿੱਚ ਹਨ, ਉਨ੍ਹਾਂ ਵਿੱਚ ਭਾਜਪਾ ਦੇ ਸਤੀਸ਼ ਮਹਾਨਾ ਤੇ ਰਾਮਵੀਰ ਉਪਾਧਿਆਏ, ਕਾਂਗਰਸ ਦੇ ਲੁਇਸ ਖੁਰਸ਼ੀਦ, ਸਾਬਕਾ ਆਈਪੀਐੱਸ ਅਧਿਕਾਰੀ ਅਸੀਮ ਅਰੁਣ ਤੇ ਯੋਗੀ ਸਰਕਾਰ ‘ਚ ਮੰਤਰੀ ਰਹੇ ਰਾਮਨਰੇਸ਼ ਅਗਨੀਹੋਤਰੀ ਸ਼ਾਮਲ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 59 ਵਿਚੋਂ 49 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ ਜਦੋਂਕਿ ਸਪਾ ਨੂੰ 9 ਸੀਟਾਂ ਨਾਲ ਸਬਰ ਕਰਨਾ ਪਿਆ ਸੀ। -ਪੀਟੀਆਈ
ਪਰਿਵਾਰ ਵਿਹੂਣੇ ਕੀ ਜਾਣਨ ਪਰਿਵਾਰ ਵਾਲਿਆਂ ਦਾ ਦਰਦ: ਅਖਿਲੇਸ਼ ਯਾਦਵ
ਜਾਲੌਨ, 18 ਫਰਵਰੀ
ਭਾਜਪਾ ਆਗੂਆਂ ਵੱਲੋਂ ਪਰਿਵਾਰਵਾਦ ਦੇ ਲਾਏ ਜਾ ਰਹੇ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਜਿਹੜੇ ਵਿਅਕਤੀ ਦਾ ਪਰਿਵਾਰ ਹੁੰਦਾ ਹੈ ਉਹ ਹੀ ਉਸ ਦਾ ਦਰਦ ਸਮਝ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਪਰਿਵਾਰ ਵਿਹੂਣੇ ਹਨ ਕੀ ਉਹ ਪਰਿਵਾਰ ਵਾਲਿਆਂ ਦਾ ਦਰਦ ਕਦੇ ਮਹਿਸੂਸ ਕਰ ਸਕਣਗੇ। ਜਾਲੌਨ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,”ਭਾਜਪਾ ਆਗੂ ਮੈਨੂੰ ਘੋਰ ਪਰਿਵਾਰਵਾਦੀ ਆਖ ਰਹੇ ਹਨ। ਜਿਹੜੇ ਵਿਅਕਤੀ ਦਾ ਪਰਿਵਾਰ ਹੁੰਦਾ ਹੈ, ਉਹ ਉਸ ਦਾ ਦਰਦ ਸਮਝ ਸਕਦਾ ਹੈ। ਭਾਜਪਾ ਆਗੂਆਂ ਦਾ ਕੋਈ ਪਰਿਵਾਰ ਨਹੀਂ ਹੈ, ਕੀ ਉਹ ਪਰਿਵਾਰਾਂ ਦਾ ਦਰਦ ਮਹਿਸੂਸ ਕਰ ਸਕਣਗੇ? ਸਿਰਫ਼ ਪਰਿਵਾਰ ਵਾਲਾ ਬੰਦਾ ਹੀ ਆਪਣੀ ਜ਼ਿੰਮੇਵਾਰੀ ਸਮਝ ਸਕਦਾ ਹੈ। ਪਰਿਵਾਰਕ ਵਿਅਕਤੀ ਹੀ ਜਾਣਦਾ ਹੈ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਕੀ ਹੁੰਦੀ ਹੈ।” ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਚੋਣ ਪ੍ਰਚਾਰ ਦੌਰਾਨ ਸਮਾਜਵਾਦੀ ਪਾਰਟੀ ‘ਤੇ ਪਰਿਵਾਰਵਾਦ ਨੂੰ ਸ਼ਹਿ ਦੇਣ ਦੇ ਦੋਸ਼ ਲਾਉਂਦੇ ਆ ਰਹੇ ਹਨ। ਭਾਜਪਾ ‘ਤੇ ਤਿੱਖੇ ਹਮਲੇ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਨੋਟਬੰਦੀ ਮਗਰੋਂ ਬੈਂਕਾਂ ‘ਚ ਮਿਹਨਤ ਨਾਲ ਜਮ੍ਹਾਂ ਕਰਵਾਇਆ ਗਿਆ ਪੈਸਾ ਸਨਅਤਕਾਰਾਂ ਨੇ ਚੁਰਾ ਲਿਆ ਹੈ ਅਤੇ ਉਹ ਮੁਲਕ ਛੱਡ ਕੇ ਭੱਜ ਗਏ ਹਨ। ਉਨ੍ਹਾਂ 28 ਬੈਂਕਾਂ ਨਾਲ ਕੀਤੇ ਗਏ 22 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲੇ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਦੇ ਚੌਥੇ ਗੇੜ ਮਗਰੋਂ ਸਮਾਜਵਾਦੀ ਪਾਰਟੀ 200 ਤੋਂ ਜ਼ਿਆਦਾ ਸੀਟਾਂ ‘ਤੇ ਜਿੱਤ ਹਾਸਲ ਕਰ ਲਵੇਗੀ। ਯੋਗੀ ਆਦਿੱਤਿਆਨਾਥ ਦੀ ਆਲੋਚਨਾ ਕਰਦਿਆਂ ਕਿਹਾ ਅਖਿਲੇਸ਼ ਨੇ ਕਿਹਾ ਕਿ ਜਿਹੜਾ ਆਗੂ ਹੋਰਾਂ ਦੀ ਗਰਮੀ ਕੱਢਣਾ ਚਾਹੁੰਦਾ ਸੀ, ਉਹ ਅਤੇ ਉਸ ਦੇ ਸਮਰਥਕਾਂ ਨੂੰ ਪਹਿਲੇ ਦੋ ਗੇੜਾਂ ‘ਚ ਹੀ ਲੋਕਾਂ ਨੇ ਠੰਢਾ ਕਰ ਦਿੱਤਾ ਹੈ। ਭਾਜਪਾ ਸਰਕਾਰ ‘ਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਡਬਲ ਇੰਜਣ ਸਰਕਾਰ ‘ਚ ਸਿਰਫ਼ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਹੀ ਦੁੱਗਣੇ ਹੋਏ ਹਨ। -ਪੀਟੀਆਈ
ਅਖਿਲੇਸ਼ ਦਹਿਸ਼ਤਗਰਦਾਂ ਦੀ ਢਾਲ ਬਣੇ: ਨੱਢਾ
ਅਯੁੱਧਿਆ(ਯੂਪੀ): ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ‘ਤੇ ਦਹਿਸ਼ਤਗਰਦਾਂ ਦੀ ਢਾਲ ਬਣਨ ਦਾ ਦੋਸ਼ ਲਾਇਆ ਹੈ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ 23 ਨਵੰਬਰ 2007 ਨੂੰ ਕੋਰਟ ਅਹਾਤਿਆਂ ਵਿੱਚ ਹੋਏ ਬੰਬ ਧਮਾਕਿਆਂ ਵਿੱਚ 15 ਲੋਕ ਮਾਰੇ ਗਏ ਸਨ ਜਦੋਂਕਿ 50 ਜਣੇ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਨੇ ਇਕ ਮੁਲਜ਼ਮ ਨੂੰ ਆਜ਼ਮਗੜ੍ਹ ਤੇ ਦੂਜੇ ਨੂੰ ਜੌਨਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਖਿਲਾਫ਼ ਟਰਾਇਲ ਚੱਲੇ, ਪਰ ਜਦੋਂ ਅਖਿਲੇਸ਼ 2012 ਵਿੱਚ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਮੁਲਜ਼ਮਾਂ ਖਿਲਾਫ਼ ਦਰਜ ਕੇਸ ਵਾਪਸ ਲੈ ਲਏ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਨੂੰ ਸੁਰੱਖਿਆ ਦੇਣੀ ਸਪਾ ਦਾ ਅਸਲ ਚਿਹਰਾ ਹੈ। -ਪੀਟੀਆਈ