ਦੇਹਰਾਦੂਨ: ਹਰਿਦੁਆਰ ਧਰਮ ਸੰਸਦ ਦੌਰਾਨ ਨਫ਼ਰਤੀ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦਾਸਨਾ ਮੰਦਰ ਦੇ ਮੁੱਖ ਪੁਜਾਰੀ ਯਤੀ ਨਰਸਿੰਘਾਨੰਦ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਹਰਿਦੁਆਰ ਜ਼ਿਲ੍ਹਾ ਜੇਲ੍ਹ ਵਿੱਚੋਂ ਵੀਰਵਾਰ ਨੂੰ ਬਾਹਰ ਆਉਣ ਤੋਂ ਫੌਰੀ ਬਾਅਦ ਨਰਸਿੰਘਾਨੰਦ ਸਰਵਾਨੰਦ ਘਾਟ ‘ਤੇ ਗਏ। ਉਨ੍ਹਾਂ ਜਤਿੰਦਰ ਨਾਰਾਇਣ ਤਿਆਗੀ ਬਣੇ ਵਸੀਮ ਰਿਜ਼ਵੀ ਦੀ ਰਿਹਾਈ ਲਈ ਇੱਥੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਤਿਆਗੀ ਇਸ ਕੇਸ ਵਿੱਚ ਸਹਿ-ਮੁਲਜ਼ਮ ਹੈ। ਸਥਾਨਕ ਅਦਾਲਤ ਨੇ ਔਰਤਾਂ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਅਤੇ ਪੱਤਰਕਾਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਵਿੱਚ ਨਰਸਿੰਘਾਨੰਦ ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ, ਜਿਸ ਮਗਰੋਂ ਉਨ੍ਹਾਂ ਦੀ ਰਿਹਾਈ ਹੋਈ। ਭਾਵੇਂ ਸੱਤ ਫਰਵਰੀ ਨੂੰ ਧਰਮ ਸੰਸਦ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ, ਪਰ ਹੋਰ ਕੇਸਾਂ ਵਿੱਚ ਨਾਮਜ਼ਦ ਹੋਣ ਕਾਰਨ ਉਹ ਹੁਣ ਤੱਕ ਜੇਲ੍ਹ ‘ਚ ਹੀ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਸਿੰਘਾਨੰਦ ਨੇ ਕਿਹਾ ਕਿ ਤਿਆਗੀ ਤੋਂ ਬਿਨਾਂ ਉਨ੍ਹਾਂ ਦੀ ਰਿਹਾਈ ਦਾ ਕੋਈ ਅਰਥ ਨਹੀਂ ਹੈ। ਇਸ ਲਈ ਉਹ ਤਿਆਗੀ ਦੀ ਰਿਹਾਈ ਤੱਕ ਭੁੱਖ ਹੜਤਾਲ ਜਾਰੀ ਰੱਖਣਗੇ। -ਪੀਟੀਆਈ