ਨਵੀਂ ਦਿੱਲੀ, 26 ਮਾਰਚ
ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਪਹਿਲੀ ਅਪਰੈਲ ਤੋਂ ਭਾਰਤ ਦੇ ਤਿੰਨ ਰੋਜ਼ਾ ਦੌਰੇ ‘ਤੇ ਆਉਣਗੇ। ਸੂਤਰਾਂ ਨੇ ਦੱਸਿਆ ਕਿ ਦਿਓਬਾ ਦੋ ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦਿੱਲੀ ਵਿੱਚ ਅਧਿਕਾਰਿਤ ਮੀਟਿੰਗਾਂ ਤੋਂ ਇਲਾਵਾ ਨੇਪਾਲੀ ਪ੍ਰਧਾਨ ਮੰਤਰੀ ਦੇ ਵਾਰਾਣਸੀ ਜਾਣ ਦਾ ਵੀ ਪ੍ਰੋਗਰਾਮ ਹੈ। ਪਿਛਲੇ ਸਾਲ ਜੁਲਾਈ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਦਿਓਬਾ ਦੀ ਇਹ ਪਹਿਲੀ ਦੁਵੱਲੀ ਵਿਦੇਸ਼ ਯਾਤਰਾ ਹੋਵੇਗੀ। ਉਹ ਪ੍ਰਧਾਨ ਮੰਤਰੀ ਵਜੋਂ ਆਖ਼ਰੀ ਵਾਰ 2017 ਵਿੱਚ ਭਾਰਤ ਆਏ ਸਨ। -ਪੀਟੀਆਈ