ਨਵੀਂ ਦਿੱਲੀ, 30 ਮਾਰਚ
ਲੋਕ ਸਭਾ ਮੈਂਬਰ ਚਿਰਾਗ ਪਾਸਵਾਨ ਨੇ ਦਿੱਲੀ ਵਿੱਚ ਪਿਤਾ ਰਾਮ ਵਿਲਾਸ ਪਾਸਵਾਨ (ਮਰਹੂਮ) ਨੂੰ ਅਲਾਟ ਹੋਇਆ ਬੰਗਲਾ ਖਾਲੀ ਕਰਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਬੰਗਲਾ ਖਾਲੀ ਕਰਨ ਦੀ ਪ੍ਰਕਿਰਿਆ ਸਰਕਾਰ ਵੱਲੋਂ ਬੰਗਲਾ ਖਾਲੀ ਕਰਵਾਉਣ ਲਈ ਪਿਛਲੇ ਸਾਲ ਜਾਰੀ ਹੁਕਮ ਲਾਗੂ ਕਰਵਾਉਣ ਟੀਮ ਭੇਜੇ ਜਾਣ ਤੋਂ ਬਾਅਦ ਸ਼ੁਰੂ ਕੀਤੀ ਹੈ। ਸੂਤਰਾਂ ਮੁਤਾਬਕ ਬੁੱਧਵਾਰ ਨੂੰ ਡਾਇਰੈਕਟੋਰੇਟ ਆਫ ਅਸਟੇਟ, ਜਿਹੜਾ ਕਿ ਕੇਂਦਰੀ ਹਾਊੁਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਅਧੀਨ ਆਉਂਦਾ ਹੈ, ਦੇ ਅਧਿਕਾਰੀਆਂ ਦੀ ਟੀਮ ਦੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਦਿੱਲੀ ਦੇ ਜਨਪਥ ਵਿੱਚ ‘ਲੁਟੀਅਨਜ਼’ ਵਿੱਚ ਸਥਿਤ ਬੰਗਲੇ ਵਿੱਚੋਂ ਸਾਮਾਨ ਚੁੱਕਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਸਾਮਾਨ ਦੇ ਦੋ ਟਰੱਕ 12 ਜਨਪਥ ਬੰਗਲੇ, ਜਿਹੜਾ ਕਿ ਲੋਕ ਜਨਸ਼ਕਤੀ ਪਾਰਟੀ ਦਾ ਅਧਿਕਾਰਤ ਦਫ਼ਤਰ ਸੀ, ਵਿੱਚੋਂ ਲਿਜਾਏ ਗਏ ਹਨ ਅਤੇ ਤਿੰਨ ਹੋਰ ਉਸ ਦੇ ਸਾਹਮਣੇ ਖੜ੍ਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 12 ਜਨਪਥ ਬੰਗਲਾ ਕੇਂਦਰੀ ਮੰਤਰੀਆਂ ਲਈ ਰਾਖਵਾਂ ਹੈ ਅਤੇ ਇਹ ਬੰਗਲਾ ਖਾਲੀ ਕਰਨ ਲਈ ਆਖਿਆ ਗਿਆ ਸੀ। ਇਹ ਬੰਗਲਾ ਲੋਕ ਜਨਸ਼ਕਤੀ ਪਾਰਟੀ (ਐੱਲਜੀਪੀ) ਦਾ ਅਧਿਕਾਰਤ ਦਫ਼ਤਰ ਰਿਹਾ ਹੈ। ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ਮਗਰੋਂ ਐੱਲਜੇਪੀ ਚਿਰਾਗ ਪਾਸਵਾਨ ਅਤੇ ਉਨ੍ਹਾਂ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਵਿਚਾਲੇ ਮਤਭੇਦਾਂ ਕਾਰਨ ਦੋ ਧੜਿਆਂ ਵਿੱਚ ਵੰਡੀ ਗਈ ਸੀ। ਇਸ ਬੰਗਲੇ ਨੂੰ ਪਾਰਟੀ ਦੀਆਂ ਮੀਟਿੰਗਾਂ ਅਤੇ ਇਸ ਦੇ ਹੋਰ ਸਮਾਗਮਾਂ ਲਈ ਵਰਤਿਆਂ ਜਾਂਦਾ ਰਿਹਾ ਹੈ। -ਪੀਟੀਆਈ