ਗੁਰੂਗ੍ਰਾਮ, 1 ਅਪਰੈਲ
ਗੁਰੂਗ੍ਰਾਮ ਦੇ ਸੈਕਟਰ 37-ਡੀ ਵਿੱਚ ਅੱਗ ਲੱਗਣ ਕਾਰਨ ਸਕਰੈਪ ਵਾਲਾ ਇੱਕ ਗੋਦਾਮ, ਦਰਜਨ ਤੋਂ ਵੱਧ ਝੁੱਗੀਆਂ ਅਤੇ ਇੱਕ ਮਿਨੀ ਟਰੱਕ ਸੜ ਕੇ ਸੁਆਹ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਗ ਬੁਝਾਉਣ ਲਈ 10 ਤੋਂ ਵੱਧ ਫਾਇਰ ਇੰਜਣਾਂ ਦੀ ਮਦਦ ਲਈ ਗਈ ਅਤੇ ਅੱਗ ‘ਤੇ ਕਾਬੂ ਪਾਉਣ ਲਈ ਲੱਗਪਗ 4 ਘੰਟੇ ਲੱਗੇ। ਇੱਥੇ ਲੱਗੀ ਅੱਗ ਦਾ ਧੂੰਆਂ ਕਈ ਕਿਲੋਮੀਟਰ ਦੂਰ ਤੋਂ ਦੇਖਿਆ ਜਾ ਸਕਦਾ ਸੀ ਅਤੇ ਇਸ ਨਾਲ ਇੱਥੇ ਬਸਈ ਰੋਡ ‘ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਮੁਤਾਬਕ ਅੱਗ ਪਹਿਲਾਂ ਸਕਰੈਪ ਗੋਦਾਮ ਵਿੱਚ ਲੱਗੀ, ਜਿਹੜੀ ਬਾਅਦ ਵਿੱਚ ਝੁੱਗੀਆਂ ਅਤੇ ਮਿਨੀ ਟਰੱਕ ਤੱਕ ਫੈਲ ਗਈ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਝੁੱਗੀਆਂ ਵਿੱਚ ਪਿਆ ਇੱਕ ਸਿਲੰਡਰ ਵੀ ਫਟ ਗਿਆ। ਫਾਇਰ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਲਸ਼ਨ ਕਾਲੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ 1.45 ਵਜੇ ਮਿਲੀ ਸੀ, ਜਿਸ ਮਗਰੋਂ ਫਾਇਰ ਬ੍ਰਿਗੇਡ ਗੱਡੀਆਂ ਅੱਗ ਬੁਝਾਉਣ ਲਈ ਭੇਜੀਆਂ ਗਈਆਂ। -ਪੀਟੀਆਈ