ਨਵੀਂ ਦਿੱਲੀ, 5 ਅਪਰੈਲ
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਰੂਸ-ਯੂਕਰੇਨ ਜੰਗ ਮਗਰੋਂ ਭਾਰਤ ਵਿੱਚ ਪੈਟਰੋਲ ਦੀਆਂ ਕੀਮਤਾਂ ਸਿਰਫ਼ ਪੰਜ ਫ਼ੀਸਦੀ ਵਧੀਆਂ ਹਨ, ਜਦਕਿ ਕੁੱਝ ਵਿਕਸਿਤ ਦੇਸ਼ਾਂ ਵਿੱਚ ਇਨ੍ਹਾਂ ਵਿੱਚ 50 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ‘ਯੂਕਰੇਨ ਦੀ ਸਥਿਤੀ’ ਬਾਰੇ ਉੱਚ ਸਦਨ ਵਿੱਚ ਸੰਖੇਪ ਚਰਚਾ ਦੌਰਾਨ ਦਖ਼ਲ ਦਿੰਦਿਆਂ ਮੰਤਰੀ ਨੇ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ‘ਅਪਰੇਸ਼ਨ ਗੰਗਾ’ ‘ਆਪਰੇਸ਼ਨ ਟਰਾਂਸਪੋਰਟ’ ਸੀ ਨਾ ਕਿ ‘ਅਪਰੇਸ਼ਨ ਕੱਢਣਾ’ ਸੀ। ਭਾਰਤੀਆਂ ਨੂੰ ਯੂਕਰੇਨ ਵਿੱਚ ਤਾਲਮੇਲ ਕਰ ਕੇ ਜੰਗ ਦੇ ਝੰਬੇ ਇਸ ਦੇਸ਼ ਵਿੱਚੋਂ ਕੱਢਣ ਲਈ ਉਸ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਵਿੱਚ ਭੇਜੇ ਗਏ ਵਿਸ਼ੇਸ਼ ਵਫ਼ਦ ਵਿੱਚ ਕੈਬਨਿਟ ਮੰਤਰੀ ਪੁਰੀ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ‘ਆਪਰੇਸ਼ਨ ਗੰਗਾ’ ਤਹਿਤ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਟਰਾਂਸਪੋਰਟ ਰਾਹੀਂ ਕੱਢ ਕੇ ਸਰਹੱਦੀ ਗੁਆਂਢੀ ਮੁਲਕਾਂ ਵਿੱਚ ਭੇਜਿਆ ਸੀ। ਇਸ ਲਈ ਇਸ ਨੂੰ ‘ਆਪਰੇਸ਼ਨ ਟਰਾਂਸਪੋਰਟ’ ਵਜੋਂ ਖਾਰਜ ਨਹੀਂ ਕੀਤਾ ਜਾ ਸਕਦਾ। ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ, ”ਸਿਰਫ਼ ਸਾਡਾ ਦੇਸ਼ ਹੀ ਨਹੀਂ ਹੈ, ਜਿਸ ‘ਤੇ ਜੰਗ ਦਾ ਅਸਰ ਨਾ ਪਿਆ ਹੋਵੇ। ਰੂਸ-ਯੂਕਰੇਨ ਜੰਗ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ।” -ਪੀਟੀਆਈ