ਇਸਲਾਮਾਬਾਦ, 7 ਅਪਰੈਲ
ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੇ ਅੱਜ ਕਿਹਾ ਕਿ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਦਾ ਵਿਵਾਦਪੂਰਨ ਫ਼ੈਸਲੇ ਰਾਹੀਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਦਾ ਕਦਮ ਪਹਿਲੀ ਨਜ਼ਰੇ ਸੰਵਿਧਾਨ ਦੀ ਧਾਰਾ 95 ਦੀ ਉਲੰਘਣਾ ਹੈ। ਚੀਫ ਜਸਟਿਸ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਆਪਣਾ ਫ਼ੈਸਲਾ ਅੱਜ ਰਾਤ 8 ਵਜੇ(ਭਾਰਤੀ ਸਮੇਂ ਮੁਤਾਬਕ) ਸੁਣਾਏਗੀ।ਪਾਕਿਸਤਾਨ ਦੀ ਸੁਪਰੀਮ ਕੋਰਟ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਅਤੇ ਰਾਸ਼ਟਰਪਤੀ ਦੀ ਸਲਾਹ ‘ਤੇ ਸੰਸਦ ਨੂੰ ਭੰਗ ਕਰਨ ਦੇ ਮਾਮਲੇ ਦੀ ਅੱਜ ਚੌਥੇ ਦਿਨ ਸੁਣਵਾਈ ਤੋਂ ਬਾਅਦ ਫ਼ੈਸਲਾ ਰਾਖਵਾਂ ਰੱਖ ਲਿਆ।