ਲੰਡਨ, 9 ਅਪਰੈਲ
ਇਥੇ ਗੁਪਤ ਢੰਗ ਨਾਲ ਕੱਟੜਪੰਥੀ ਮਾਓਵਾਦੀ ਗਤੀਵਿਧੀਆਂ ਚਲਾਉਂਦੇ ਭਾਰਤੀ ਮੂਲ ਦੇ ਵਿਅਕਤੀ ਦੀ ਲੰਡਨ ਜੇਲ੍ਹ ਵਿਚ ਮੌਤ ਹੋ ਗਈ। ਉਸ ਨੂੰ ਛੇ ਸਾਲ ਪਹਿਲਾਂ ਯੂਕੇ ਦੀ ਇੱਕ ਅਦਾਲਤ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ 23 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਦੀ ਪਛਾਣ 81 ਸਾਲਾ ਅਰਵਿੰਦਨ ਬਾਲਾਕ੍ਰਿਸ਼ਨਨ ਵਜੋਂ ਹੋਈ ਹੈ ਜਿਸ ਨੂੰ ਉਸ ਦੇ ਪੈਰੋਕਾਰ ਕਾਮਰੇਡ ਬਾਲਾ ਵਜੋਂ ਜਾਣਦੇ ਹਨ। ਦੱਸਣਾ ਬਣਦਾ ਹੈ ਕਿ ਉਸ ਨੂੰ ਸਾਲ 2016 ਵਿੱਚ ਛੇ ਵਾਰ ਅਸ਼ਲੀਲ ਹਮਲੇ ਕਰਨ, ਚਾਰ ਵਾਰ ਜਬਰ-ਜਨਾਹ ਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਹੇਠ ਸਜ਼ਾ ਸੁਣਾਈ ਗਈ ਸੀ। ਯੂਕੇ ਜੇਲ੍ਹ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਦੱਖਣ-ਪੱਛਮੀ ਇੰਗਲੈਂਡ ਵਿੱਚ ਐਚਐਮਪੀ ਡਾਰਟਮੂਰ ਜੇਲ੍ਹ ਵਿੱਚ ਉਸ ਦੀ ਹਿਰਾਸਤ ਦੌਰਾਨ ਮੌਤ ਹੋ ਗਈ। ਬਾਲਕ੍ਰਿਸ਼ਨਨ ਦਾ ਜਨਮ ਕੇਰਲ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਸ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚੋਂ ਪੜ੍ਹਾਈ ਕੀਤੀ ਸੀ।