ਨਵੀਂ ਦਿੱਲੀ, 11 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੁਜਰਾਤ ਦੇ ਹਿੰਮਤਨਗਰ ਤੇ ਖੰਭਾਟ ਜ਼ਿਲ੍ਹਿਆਂ ਵਿੱਚ ਰਾਮਨੌਮੀ ਦੀ ਸ਼ੋਭਾ ਯਾਤਰਾ ਦੌਰਾਨ ਦੋ ਫਿਰਕਿਆਂ ਵਿੱਚ ਹੋਈ ਝੜਪ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਦੇ ਹੋਸਟਲ ਵਿਚ ਮਾਸਾਹਾਰੀ ਭੋਜਨ ਵਰਤਾਉਣ ਨੂੰ ਲੈ ਕੇ ਦੋ ਵਿਦਿਆਰਥੀ ਧਿਰਾਂ ‘ਚ ਹੋਈ ਤਕਰਾਰ ਤੋਂ ਇਕ ਦਿਨ ਮਗਰੋਂ ਸਾਰੇ ਭਾਰਤੀਆਂ ਨੂੰ ਇਕਜੁੱਟ ਹੋ ਕੇ ਖੜ੍ਹਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਫ਼ਰਤ ਤੇ ਹਿੰਸਾ ਦੇਸ਼ ਨੂੰ ਕਮਜ਼ੋਰ ਬਣਾ ਰਹੀ ਹੈ। ਗਾਂਧੀ ਨੇ ਟਵੀਟ ਕੀਤਾ, ”ਨਫ਼ਰਤ, ਹਿੰਸਾ ਤੇ ਅਲਹਿਦਗੀ (ਦਾ ਅਹਿਸਾਸ) ਸਾਡੇ ਪਿਆਰੇ ਦੇਸ਼ ਨੂੰ ਕਮਜ਼ੋਰ ਬਣਾ ਰਿਹੈ। ਤਰੱਕੀ ਦਾ ਰਾਹ ਭਾਈਚਾਰਕ, ਸ਼ਾਂਤੀ ਤੇ ਇਕਸੁਰਤਾ ਦੀਆਂ ਇੱਟਾਂ ਨਾਲ ਬਣਦਾ ਹੈ। ਆਓ ਸੰਮਲਿਤ ਭਾਰਤ ਦੀ ਸੁਰੱਖਿਆ ਲਈ ਇਕਜੁੱਟ ਹੋ ਕੇ ਖੜੀਏ।” ਪੀਟੀਆਈ