ਚੰਡੀਗੜ੍ਹ, 21 ਅਪਰੈਲ
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੁੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਰਬੜ ਦਾ ਗੁੱਡਾ’ ਕਰਾਰ ਦਿੰਦਿਆਂ ਵਿਰੋਧੀ ਧਿਰ ਦੇ ਦੋਸ਼ਾ ਨੂੰ ਸਹੀ ਠਹਿਰਾਉਂਦਿਆਂ ਦੋਸ਼ ਲਾਇਆ ਕਿ ਦਿੱਲੀ ਤੋਂ ਆਮ ਆਦਮੀ ਪਾਰਟੀ ਲੀਡਰਸ਼ਿਪ ਸੂਬੇ ਵਿੱਚ ਸਰਕਾਰ ਚਲਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਨ ਸਰਕਾਰ ਆਉਣ ਬਾਅਦ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿੱਚ’ ਭਾਰੀ ਨਿਘਾਰ’ ਆਇਆ ਹੈ ਅਤੇ ਬੀਤੇ ਇਕ ਮਹੀਨੇ ਵਿੱਚ 40 ਵਿਅਕਤੀਆਂ ਦੀ ਹੱਤਿਆ ਹੋਈ ਹੈ। ਸਿੱਧੂ ਨੇ ਸਾਬਕਾ ਵਿਧਾਇਕ ਨਵਤੇਜ ਚੀਮਾ ਅਤੇ ਅਸ਼ਵਨੀ ਸ਼ੇਖੜੀ ਨਾਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਸਣੇ ਹੋਰਨਾਂ ਮੁੱਦਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ”ਕੀ ਉਸ(ਭਗਵੰਤ ਮਾਨ)ਨੂੰ ਪੰਜਾਬ ਦੀ ਚਿੰਤਾ ਹੈ? ਮੁੱਖ ਮੰਤਰੀ ਰਬੜ ਦਾ ਗੁੱਡਾ ਬਣ ਗਿਆ ਹੈ। ” ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਅਣਖੀਲਾ ਹੋਣਾ ਚਾਹੀਦਾ ਹੈ, ਜਿਸ ਨੂੰ ਡੋਰ ਨਾਲ ਨਾ ਚਲਾਇਆ ਜਾਵੇ। ” ਉਨ੍ਹਾਂ ਕਿਹਾ ਕੋਈ ਖੇਡ ਖੇਡ ਰਿਹਾ ਹੈ ਪਰ ਕੋਈ ਹੋਰ ਬੋਲ ਰਿਹਾ ਹੈ ਤੇ ਨੱਚ ਰਿਹਾ ਹੈ। ਸਿੱਧੂ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨ ਸੇਧਦਿਆਂ ਕਿਹਾ ਕਿ ਜੋ ਵਿਅਕਤੀ ਦਿੱਲੀ ਵਿੱਚ ਬੈਠ ਕੇ ਖੇਡ ਖੇਡ ਰਿਹਾ ਹੈ ਉਹ ਨਕਾਬਪੋਸ਼ ਹੈ ਅਤੇ ਉਹ ਬੇਨਕਾਬ ਹੋ ਰਿਹਾ ਹੈ।-ਏਜੰਸੀ