ਇਸਲਾਮਾਬਾਦ, 27 ਅਪਰੈਲ
ਪਾਕਿਸਤਾਨ ਦੇ ਬਰਖ਼ਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਗਲੇ ਮਹੀਨੇ ਈਦ ਤੋਂ ਬਾਅਦ ਅਦਾਲਤਾਂ ਦਾ ਸਾਹਮਣਾ ਕਰਨ ਲਈ ਲੰਡਨ ਤੋਂ ਦੇਸ਼ ਪਰਤਣਗੇ। ਪੀਐੱਮਐੱਲ-ਐੱਨ ਦੇ ਸੀਨੀਅਰ ਆਗੂ ਨੇ ਇਹ ਗੱਲ ਨਵੀਂ ਸਰਕਾਰ ਵੱਲੋਂ ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਪਾਸਪੋਰਟ ਜਾਰੀ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕਹੀ। 72 ਸਾਲਾ ਪੀਐੱਮਐੱਲ-ਐੱਨ ਸੁਪਰੀਮੋ, ਜਿਨ੍ਹਾਂ ਵਿਰੁੱਧ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੁਆਰਾ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਸ਼ੁਰੂ ਕੀਤੇ ਗਏ ਸਨ, ਨਵੰਬਰ 2019 ਵਿੱਚ ਲੰਡਨ ਲਈ ਰਵਾਨਾ ਹੋ ਗਏ ਸਨ, ਜਦੋਂ ਕਿ ਲਾਹੌਰ ਹਾਈ ਕੋਰਟ ਨੇ ਉਨ੍ਹਾਂ ਨੂੰ ਇਲਾਜ ਲਈ ਚਾਰ ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ ਪਰ ਉਹ ਪਰਤੇ ਨਹੀਂ।