ਬਾਰਪੇਟਾ(ਅਸਾਮ), 28 ਅਪਰੈਲ
ਸਥਾਨਕ ਅਦਾਲਤ ਨੇ ਮਹਿਲਾ ਪੁਲੀਸ ਅਧਿਕਾਰੀ ‘ਤੇ ਕਥਿਤ ਹਮਲੇ ਨਾਲ ਸਬੰਧਤ ਕੇਸ ਵਿੱਚ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਸ਼ੁੱਕਰਵਾਰ ਤੱਕ ਰਾਖਵਾਂ ਰੱਖ ਲਿਆ ਹੈ। ਮੇਵਾਨੀ ਦੇ ਵਕੀਲ ਅੰਸ਼ੂਮਨ ਬੋਰਾ ਨੇ ਪੀਟੀਆਈ ਨੂੰ ਦੱਸਿਆ ਕਿ ਅਦਾਲਤ ਨੇ ਅੱਜ ਕੇਸ ਵਿੱਚ ਸੁਣਵਾਈ ਦਾ ਅਮਲ ਮੁਕੰਮਲ ਕਰ ਲਿਆ ਹੈ। ਬੋਰਾ ਨੇ ਕਿਹਾ ਕਿ ਇਸਤਗਾਸਾ ਧਿਰ ਨੇ ਸੁਣਵਾਈ ਨੂੰ ਅੱਗੇ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਨੇ ਨਾਂਹ ਕਰ ਦਿੱਤੀ ਤੇ ਆਪਣੀਆਂ ਦਲੀਲਾਂ ਅੱਜ (ਵੀਰਵਾਰ ਨੂੰ) ਹੀ ਦਾਖ਼ਲ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਮੇਵਾਨੀ ਦੀ ਹਮਾਇਤ ਵਿੱਚ ਨਿੱਤਰੀ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਾਮ ਫੇਰੀ ਦੇ ਮੱਦੇਨਜ਼ਰ ਅੱਜ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਮੁਜ਼ਾਹਰੇ ਕੀਤੇ। -ਪੀਟੀਆਈ