ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 3 ਮਈ
ਰਾਹੁਲ ਗਾਂਧੀ ਦੀ ਵਿਦੇਸ਼ ‘ਚ ਪਾਰਟੀ ਕਰਦੇ ਹੋਏ ਵਾਇਰਲ ਹੋਈ ਵੀਡੀਓ ਕਾਰਨ ਕਾਂਗਰਸ ਅਤੇ ਭਾਜਪਾ ਦੇ ਨੇਤਾਵਾਂ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਭਾਜਪਾ ਨੇ ਸਾਬਕਾ ਕਾਂਗਰਸ ਪ੍ਰਧਾਨ ‘ਤੇ ਅਜਿਹੇ ਸਮੇਂ ਦੇਸ਼ ਤੋਂ ‘ਲਾਪਤਾ’ ਹੋਣ ਦਾ ਦੋਸ਼ ਲਗਾਇਆ ਹੈ ਜਦੋਂ ਕਾਂਗਰਸ ਡੂੰਘੇ ਲੀਡਰਸ਼ਿਪ ਸੰਕਟ ਵਿੱਚ ਹੈ ਅਤੇ ਰਾਜਸਥਾਨ ਵਿੱਚ ਤਣਾਅ ਪੈਦਾ ਹੋ ਗਿਆ ਹੈ। ਰਾਹੁਲ ਗਾਂਧੀ ‘ਤੇ ਨਿਸ਼ਾਨਾ ਲਾਉਂਦਿਆਂ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਉਨ੍ਹਾਂ ਨੂੰ ਪੂਰੇ ਸਮੇਂ ਦਾ ਸੈਲਾਨੀ ਅਤੇ ਪਾਰਟ-ਟਾਈਮ ਸਿਆਸਤਦਾਨ ਕਰਾਰ ਦਿੰਦਿਆ ਪਾਖੰਡੀ ਕਰਾਰ ਦਿੱਤਾ ਹੈ। ਅਮਿਤ ਮਾਲਵੀਆ ਨੇ ਵੀ ਇਸ ਸਬੰਧੀ ਟਵੀਟ ਕੀਤਾ ਹੈ। ਉਥੇ ਹੀ ਕਾਂਗਰਸ ਨੇ ਆਪਣੇ ਨੇਤਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਆਪਣੇ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਕਾਠਮੰਡੂ ਵਿਚ ਸਨ।