ਲਾਹੌਰ, 10 ਮਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਕਈ ਵੱਡੇ ਸਿਆਸੀ ਨੇਤਾਵਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਪਾਕਿਸਤਾਨ ਦੀ ਜਾਂਚ ਏਜੰਸੀ ਦੇ ਸਾਬਕਾ ਉੱਚ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 47 ਸਾਲ ਦੇ ਸੰਘੀ ਜਾਂਚ ਏਜੰਸੀ (ਐੱਫਆਈਏ) ਦੇ ਸਾਬਕਾ ਨਿਰਦੇਸ਼ਕ ਮੁਹੰਮਦ ਰਿਜ਼ਵਾਨ ਪੀਐੱਮਐੱਲਐੱਨ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਬਣਨ ਤੋਂ ਐਨ ਪਹਿਲਾਂ ਲੰਬੀ ਛੁੱਟੀ ‘ਤੇ ਚਲੇ ਗਏ ਸਨ। ਉਹ ਡੀਆਈਜੀ ਰੈਂਕ ਦੇ ਅਧਿਕਾਰੀ ਸਨ।ਬਾਅਦ ਵਿੱਚ ਪਿਛਲੇ ਮਹੀਨੇ ਐੱਫਆਈਏ ਲਾਹੌਰ ਦੇ ਡਾਇਰੈਕਟਰ ਦੇ ਦਫ਼ਤਰ ਤੋਂ ਬਦਲ ਦਿੱਤਾ ਗਿਆ ਸੀ। ਪਰਿਵਾਰਕ ਮੈਂਬਰ ਅਨੁਸਾਰ ਰਿਜ਼ਵਾਨ ਨੂੰ ਸੋਮਵਾਰ ਤੜਕੇ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।